ਸ਼ਹੀਦੀ ਪੰਦਰਵਾੜੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਸਟਰੇਲੀਆ ਵਿਚ ਛੁੱਟੀਆਂ ਮਨਾਉਣਾ ਹੈਰਾਨੀਜਨਕ ਤੇ ਨਿੰਦਣਯੋਗ:
ਅਕਾਲੀ ਦਲ
ਚੰਡੀਗੜ੍ਹ, 24 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਆਸਟਰੇਲੀਆ ਵਿਚ ਛੁੱਟੀਆਂ ਮਨਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਪਾਰਟੀ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਤਕਰੀਬਨ ਇਕ ਸਾਲ ਤੋਂ ਕਿਸਾਨ ਅੰਦੋਲਨ ਚਲ ਰਿਹਾ ਹੈ ਪਰ ਮੁੱਖ ਮੰਤਰੀ ਨੂੰ ਇਹ ਮਸਲਾ ਹੱਲ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਜਦੋਂ ਪੰਜਾਬੀ ਸੂਬੇ ਵਿਚ ਪੋਹ ਦੇ ਮਸੀਨੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪੰਦਰਵਾੜਾ ਮਨਾ ਰਹੇ ਹਨ, ਉਦੋਂ ਮੁੱਖ ਮੰਤਰੀ ਨੇ ਨਵਾਂ ਸਾਲ ਮਨਾਉਣ ਨੂੰ ਤਰਜੀਹ ਦਿੱਤੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਦੇ ਮਸਲੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਕੇ ਹੱਲ ਕਰਵਾਉਣ ਨੂੰ ਤਰਜੀਹ ਨਹੀਂ ਦਿੱਤੀ ਤੇ ਉਹ ਸਿਰਫ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਇਸ ਕਰ ਕੇ ਚੁਣਿਆ ਸੀ ਤਾਂ ਜੋ ਉਹ ਉਹਨਾਂ ਦੇ ਮਸਲੇ ਹੱਲ ਕਰਵਾਉਂਦੇ ਪਰ ਉਹ ਹਰ ਮਸਲੇ ’ਤੇ ਸਿਆਸੀ ਬਿਆਨਬਾਜ਼ੀ ਕਰਕੇ ਘਟੀਆ ਰਾਜਨੀਤੀ ਕਰਨ ਨੂੰ ਤਰਜੀਹ ਦੇ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਅਨੁਸਾਰ 24 ਫਸਲਾਂ ’ਤੇ ਐਮ ਐਸ ਪੀ ਦੇਣ ਵਿਚ ਵੀ ਨਾਕਾਮ ਰਹੇ ਹਨ ਹਾਲਾਂਕਿ ਉਹਨਾਂ ਦੀ ਪਾਰਟੀ ਦੇ ਆਗੂ ਦਾਅਵੇ ਕਰਦੇ ਸਨ ਕਿ ਉਹ ਪੰਜ ਮਿੰਟਾਂ ਵਿਚ ਐਮ ਐਸ ਪੀ ਲਾਗੂ ਕਰ ਦੇਣਗੇ ਤੇ ਉਹਨਾਂ ਦੀ ਸਾਬਕਾ ਮੰਤਰੀ ਨੇ ਅਜਿਹਾ ਐਲਾਨ ਵੀ ਕੀਤਾ ਸੀ।
ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸੂਬੇ ਵਿਚ ਵਾਪਸ ਪਰਤਣ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ-ਨਾਲ ਕਿਸਾਨੀ ਤੇ ਸੂਬੇ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਹੱਲ ਕਰਵਾਉਣ।