ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਰੁੱਝੇ, ਪੰਜਾਬ ਦੇ ਪੁਲਿਸ ਥਾਣਿਆਂ ਵਿਚ ਹੋ ਰਹੇ ਹਨ ਧਮਾਕੇ: ਅਕਾਲੀ ਦਲ
ਪੰਜਾਬ ਪੁਲਿਸ ਕਿਹੋ ਜਿਹੀ ’ਮੁਸਤੈਦੀ’ ਵਿਚ ਲੱਗੀ ਜਦੋਂ ਇਹ ਖੁਦ ਗੈਂਗਸਟਰਾਂ/ਅਤਿਵਾਦੀਆਂ ਦੇ ਨਿਸ਼ਾਨੇ ’ਤੇ ਆਈ: ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 18 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਸੇਵੇਾ ਵਿਚ ਲੱਗੇ ਹਨ ਤੇ ਪੰਜਾਬ ਵਿਚ ਪੁਲਿਸ ਥਾਣਿਆਂ ਵਿਚ ਖਾਸ ਤੌਰ ’ਤੇ ਸਰਹੱਦੀ ਪੱਟੀ ਵਿਚ ਲੜੀਵਾਰ ਧਮਾਕੇ ਹੋ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਪੁਲਿਸ ਕਿਸ ਤਰੀਕੇ ਦੀ ’ਮੁਸਤੈਦੀ’ ਕਰ ਰਹੀ ਹੈ ਜਦੋਂ ਸਰਹੱਦੀ ਪੱਟੀ ਵਿਚ ਪੁਲਿਸ ਥਾਣਿਆਂ ਵਿਚ ਨਿਰੰਤਰ ਹੋ ਰਹੇ ਧਮਾਕੇ ਰੋਕਣ ਵਿਚ ਨਾਕਾਮ ਹੈ ?
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਪੁਲਿਸ ਜੋ ਕਦੇ ਦੇਸ਼ ਵਿਚ ਨੰਬਰ ਇਕ ਪੁਲਿਸ ਫੋਰਸ ਹੁੰਦੀ ਸੀ, ਅੱਜ ਦੇਸ਼ ਵਿਰੋਧੀ ਤੱਤਾਂ ਦੇ ਖਿਲਾਫ ਕਾਰਵਾਈ ਕਰਨ ਵਿਚ ਅਸਮਰਥ ਹੈ ਕਿਉਂਕਿ ਆਪ ਸਰਕਾਰ ਨੇ ਇਸਦੇ ਹੱਥ ਬੰਨੇ ਹੋਏ ਹਨ।
ਉਹਨਾਂ ਕਿਹਾ ਕਿ ਦੇਸ਼ ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਤੋਂ ਇਲਾਵਾ ਆਪ ਸਰਕਾਰ ਗੈਂਗਸਟਰਾਂ ’ਤੇ ਵੀ ਕਾਰਵਾਈ ਕਰਨ ਵਿਚ ਨਾਕਾਮ ਹੈ ਜੋ ਰੋਜ਼ਾਨਾ ਫਿਰੌਤੀਆਂ ਵਸੂਲ ਰਹੇ ਹਨ, ਕਤਲ ਕਰ ਰਹੇ ਹਨ ਤੇ ਲੁੱਟਾਂ ਖੋਹਾਂ ਕਰ ਰਹੇ ਹਨ।
ਪੁਲਿਸ ਥਾਣਿਆਂ ’ਤੇ ਹੋਏ ਹਮਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ 24 ਨਵੰਬਰ ਨੂੰ ਅਜਨਾਲਾ ਪੁਲਿਸ ਥਾਣੇ ਵਿਚ ਆਰ ਡੀ ਐਕਸ ਧਮਕਾ ਹੋਇਆ, 27 ਨਵੰਬਰ ਨੂੰ ਅੰਮ੍ਰਿਤਸਰ ਵਿਚ ਗੁਰਬਖਸ਼ ਨਗਰ ਪੁਲਿਸ ਥਾਣੇ ਵਿਚ ਗ੍ਰਨੇਡ ਧਮਾਕਾ ਹੋਇਆ, 2 ਦਸੰਬਰ ਨੂੰ ਕਾਠਗੜ੍ਹ ਐਸ ਬੀ ਐਸ ਨਗਰ ਪੁਲਿਸ ਥਾਣੇ ਵਿਚ ਗ੍ਰਨੇਡ ਧਮਾਕਾ ਹੋਇਆ, 4 ਦਸੰਬਰ ਨੂੰ ਪੁਲਿਸ ਥਾਣਾ ਮਜੀਠਾ ਵਿਚ ਗ੍ਰਨੇਡ ਧਮਾਕਾ ਹੋਇਆ, 13 ਦਸੰਬਰ ਨੂੰ ਬਟਾਲਾ ਦੇ ਆਲੀਵਾਲ ਪੁਲਿਸ ਥਾਣੇ ਵਿਚ ਧਮਾਕਾ ਹੋਇਆ ਅਤੇ 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿਚ ਗ੍ਰਨੇਡ ਹਮਲਾ ਹੋਇਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਾਰੇ ਧਮਾਕੇ ਸਰਹੱਦੀ ਪੱਟੀ ਵਿਚ ਹੋਏ ਜਿਸ ਨਾਲ ਕੌਮੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਖੜ੍ਹਾ ਹੋਇਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਅਤੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਤਰਨਤਾਰਨ ਵਿਚ ਸਰਹਾਲੀ ਪੁਲਿਸ ਥਾਣੇ ਅਤੇ ਮੁਹਾਲੀ ਵਿਚ ਇੰਟੈਲੀਜੈਂਸ ਦਫਤਰ ’ਤੇ ਹੋਏ ਇਸ ਗੱਲ ਦਾ ਪ੍ਰਤੀਕ ਹਨ ਕਿ ਕਿਵੇਂ ਗੈਂਗਸਟਰ/ਅਤਿਵਾਦੀ ਬੇਖੌਫ ਸੂਬੇ ਵਿਚ ਕੰਮ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹਨਾਂ ਮਾੜੇ ਹਾਲਾਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਜਾਂ ਤਾਂ ਮੁੱਖ ਮੰਤਰੀ ਹਾਲਾਤ ਸੁਧਾਰਣ ਲਈ ਤੁਰੰਤ ਫੈਸਲਾਕੁੰਨ ਚੁੱਕਣ ਜਾਂ ਫਿਰ ਸੂਬੇ ਨੂੰ ਚਲਾਉਣ ਵਿਚ ਫੇਲ੍ਹ ਹੋਣ ਲਈ ਅਸਤੀਫਾ ਦੇਣ। ਉਹਨਾਂ ਕਿਹਾ ਕਿ ਪੰਜਾਬ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਲਈ ਵੋਟਾਂ ਪਾਉਣ ਦੀ ਭਾਰੀ ਕੀਮਤ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਲੋਕ 2027 ਦੀ ਉਡੀਕ ਕਰ ਰਹੇ ਹਨ ਤਾਂ ਜੋ ਕਿ ਉਹ ਇਸ ਨਿਕੰਮੀ ਸਰਕਾਰ ਤੋਂ ਖਹਿੜਾ ਛੁਡਾ ਸਕਣ।