ਸੁਖਬੀਰ ਸਿੰਘ ਬਾਦਲ (9 ਜੁਲਾਈ 1962 ਨੂੰ ਜਨਮੇ) ਸਾਲ 2008 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਇਕ ਨੌਜਵਾਨ ਤੇ ਗਤੀਸ਼ੀਲ ਰਾਜਨੀਤੀਵਾਨ, ਉਹਨਾਂ ਨੇ 2009 ਤੋਂ 2017 ਤੱਕ ਉਪ ਮੁੱਖ ਮੰਤਰੀ ਦੇ ਰੂਪ ਵਿਚ ਪੰਜਾਬ ਦੀ ਸਿਆਸੀ ਕਮਾਂਡ ਸੰਭਾਲ ਕੇ ਰੱਖੀ। ਉਹਨਾਂ ਨੂੰ ਮਾਣ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਸਪੁੱਤਰ ਹਨ।
ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਹਨ। ਦ੍ਰਿੜ ਨਿਸ਼ਚੈ ਦੇ ਧਾਰਕ, ਸਖਤ ਮਿਹਨਤੀ ਤੇ ਅਗਵਾਈ ਕਰਨ ਦੇ ਸਮਰਥ ਹੋਣ ਦੇ ਗੁਣਾਂ ਦੀ ਬਦੌਲਤ ਹੀ ਉਹ ਇਸ ਰੁਤਬੇ ਤੱਕ ਪਹੁੰਚੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਅਤਿ ਮਹੱਤਵਪੂਰਨ ਆਗੂਆਂ ਵਿਚ ਸ਼ਾਮਲ ਹਨ। ਸੁਖਬੀਰ ਸਿੰਘ ਬਾਦਲ ਨੇ ਸਮੇਂ ਸਮੇਂ 'ਤੇ ਲੋਕਾਂ ਦੇ ਹਿਤਾਂ ਵਿਚ ਕਈ ਪਹਿਲਕਦਮੀਆਂ ਕੀਤੀਆਂ ਹਨ। ਉਹਨਾਂ ਨੇ ਇਸਦੇ ਵੱਖ ਵੱਖ ਵਿੰਗਾਂ ਦੇ ਵਿਸਥਾਰ ਨਾਲ ਸੰਗਠਨ ਵਿਚ ਨਵੀਂ ਰੂਹ ਫੂਕੀ ਹੈ ਤੇ ਇਸਨੂੰ ਨਸਲੀ ਤੇ ਸਭਿਆਚਾਰਕ ਹੱਦਾਂ ਤੋਂ ਅੱਗੇ ਲਿਆਂਦਾ ਹੈ।
2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਵਿਚ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ ਕਿਉਂਕਿ ਇਹਨਾਂ ਚੋਣਾਂ ਵਿਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਕ ਲਾਮਿਸਾਲ ਜਿੱਤ ਵਾਸਤੇ ਇਸਦੀ ਅਗਵਾਈ ਕੀਤੀ ਤੇ ਪਹਿਲੀ ਵਾਰ ਪੰਜਾਬ ਵਿਚ ਸੱਤਾ ਵਿਰੋਧੀ ਲਹਿਰ ਦਾ ਭ੍ਰਮ ਖਤਮ ਹੋਇਆ। ਗਠਜੋੜ ਦੀ ਅਹਿਮ ਜਿੱਤ ਨੇ ਉਹਨਾਂ ਦੀ ਲੀਡਰਸ਼ਿਪ ਮੁਹਾਰਤ 'ਤੇ ਮੋਹਰ ਲਗਾਈ ਤੇ ਲੋਕਾਂ ਨੇ ਪ੍ਰਵਾਨ ਕੀਤਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦਾ ਏਜੰਡਾ 'ਸਭ ਦਾ ਵਿਕਾਸ' ਹੈ।