ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ।
ਸੁਰਮੁਖ ਸਿੰਘ ਝਬਾਲ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਨ।
ਗੁਰਦੁਆਰਾ ਤਰਨਤਾਰਨ ਸਾਹਿਬ ਕਤਲੇਆਮ 26 ਜਨਵਰੀ 1921 ਨੂੰ ਵਾਪਰਿਆ।
ਭਾਈ ਹਜਾਰਾ ਸਿੰਘ ਅਲਾਦੀਨ (ਤਰਨਤਾਰਨ) ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਸ਼ਹੀਦ ਸਨ ਜਿਹਨਾਂ ਨੇ ਤਰਨਤਾਰਨ ਸਾਕੇ ਵਿਚ ਸ਼ਹਾਦਤ ਪ੍ਰਾਪਤ ਕੀਤੀ।
'ਚਾਬੀਆਂ ਦਾ ਮੋਰਚਾ' 19 ਜਨਵਰੀ 1922 ਨੂੰ ਫਤਿਹ ਹੋਇਆ ਜਦੋਂ ਜ਼ਿਲਾ ਜੱਜ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚਾਬੀਆਂ ਵਾਲਾ ਥੈਲਾ ਬਾਬਾ ਖੜਕ ਸਿੰਘ ਨੂੰ ਸੌਂਪਿਆ। 'ਗੁਰੂ ਦੇ ਬਾਗ ਦਾ ਮੋਰਚਾ' 8 ਅਗਸਤ 1922 ਨੂੰ ਸ਼ੁਰੂ ਹੋਇਆ ਸੀ।
ਬਰਤਾਨਵੀ ਸਰਕਾਰ ਨੇ 12 ਅਕਤੂਬਰ 1923 ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਘੋਸ਼ਤ ਕੀਤਾ ਸੀ।
ਫਰਵਰੀ 1924 ਵਿਚ ਜਥੇਦਾਰ ਊਧਮ ਸਿੰਘ ਵਰਪਾਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਜੱਥਾ ਗੰਗਸਰ ਜੈਤੋਂ ਲਈ ਰਵਾਨਾ ਹੋਇਆ।
ਗੁਰਦੁਆਰਾ ਸ੍ਰੀ ਗੰਗਸਰ ਵਿਖੇ ਸਾਕਾ 21 ਫਰਵਰੀ 1924 ਨੂੰ ਵਾਪਰਿਆ।
ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਤੋਂ ਬਾਅਦ ਮਾਸਟਰ ਤਾਰਾ ਸਿੰਘ 17 ਜੁਲਾਈ 1926 ਨੂੰ ਲਾਹੌਰ ਜੇਲ ਵਿਚ ਹੀ ਅਕਾਲੀ ਦਲ ਦੇ ਆਗੂ ਚੁਣੇ ਗਏ।
6 ਮਈ 1930 ਨੂੰ ਸਿਵਲ ਨਾ ਫੁਰਮਾਨੀ ਅੰਦੋਲਨ ਵੇਲੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਪੁਲਿਸ ਨੇ ਲਗਾਤਾਰ 50 ਮਿੰਟ ਗੋਲੀਬਾਰੀ ਕੀਤੀ ਜਿਸ ਵਿਚ 36 ਵਿਅਕਤੀ ਫੱਟੜ ਹੋ ਗਏ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਗੋਲੀਆਂ ਦੇ 383 ਨਿਸ਼ਾਨ ਮਿਲੇ।
ਸ਼੍ਰੋਮਣੀ ਅਕਾਲੀ ਦਲ ਨੇ 13 ਦਸੰਬਰ 1931 ਨੂੰ ਡਸਕਾ ਲਹਿਰ ਦਾ ਆਯੋਜਨ ਕੀਤਾ।
ਪਟਿਆਲਾ ਜੇਲ ਵਿਚ ਕੈਦ ਸਮੇਂ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੌ ਮਹੀਨਿਆਂ ਦੀ ਭੁੱਖ ਹੜਤਾਲ ਮਗਰੋਂ 20 ਜਨਵਰੀ 1935 ਨੂੰ ਸ਼ਹਾਦਤ ਪ੍ਰਾਪਤ ਕੀਤੀ।
ਸ਼੍ਰੋਮਣੀ ਅਕਾਲੀ ਦਲ ਨੇ 10-11 ਫਰਵਰੀ 1940 ਨੂੰ ਅਟਾਰੀ ਵਿਖੇ ਪਹਿਲੀ ਸਰਬ ਹਿੰਦ ਕਾਨਫਰੰਸ ਦਾ ਆਯੋਜਨ ਕੀਤਾ ਤੇ ਅਕਾਲ ਰਜਮੇਂਟ ਦਾ ਗਠਨ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਨੇ 26 ਨਵੰਬਰ 1944 ਨੂੰ ਜ਼ਿਲਾ ਜਲੰਧਰ ਦੇ ਜੰਡਿਆਲਾ ਵਿਖੇ ਆਪਣਾ 24ਵਾਂ ਸਥਾਪਨਾ ਦਿਵਸ ਮਨਾਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬੂ ਲਾਭ ਸਿੰਘ ਨੇ 9 ਮਾਰਚ 1947 ਨੂੰ ਜਲੰਧਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ।
19 ਜਨਵਰੀ 1949 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ ਨਰੇਲਾ ਸਟੇਸ਼ਨ ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ 20 ਫਰਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਹੋ ਰਹੀ ਕਾਨਫਰੰਸ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਹ ਆਜ਼ਾਦੀ ਮਗਰੋਂ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਜੀ ਦੀ ਪਹਿਲੀ ਗ੍ਰਿਫਤਾਰੀ ਸੀ।
ਪੰਜਾਬੀ ਸੂਬਾ ਜ਼ਿੰਦਾਬਾਦ ਲਹਿਰ 10 ਮਈ 1955 ਨੂੰ ਸ਼ੁਰੂ ਕੀਤੀ ਗਈ ਜੋ 12 ਜੁਲਾਈ 1955 ਤੱਕ ਜਾਰੀ ਰਹੀ ਅਤੇ ਇਸ ਮਾਰਚ ਦੌਰਾਨ 12000 ਅਕਾਲੀਆਂ ਨੇ ਆਪਣੀ ਗ੍ਰਿਫਤਾਰੀ ਦਿੱਤੀ।
12 ਜੂਨ 1960 ਨੂੰ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਕੀਤੇ ਰੋਸ ਮਾਰਚ 'ਤੇ ਪੁਲਿਸ ਵੱਲੋਂ ਕੀਤੀ ਫਾਇਰਿੰਗ ਵਿਚ ਸੱਤ ਅਕਾਲੀ ਵਰਕਰ ਸ਼ਹੀਦ ਹੋ ਗਏ।
ਚਾਰ ਅਕਾਲੀ ਸਿੰਘ 9 ਅਕਤੂਬਰ 1960 ਨੂੰ ਉਦੋਂ ਸ਼ਹੀਦ ਹੋਏ ਜਦੋਂ ਪੁਲਿਸ ਨੇ ਬਠਿੰਡਾ ਜੇਲ ਵਿਚ ਸਿੰਘਾਂ 'ਤੇ ਗੋਲੀ ਚਲਾ ਦਿੱਤੀ।
ਸ਼੍ਰੋਣੀ ਅਕਾਲੀ ਦਲ ਨੇ 10 ਅਕਤੂਬਰ 1960 ਨੂੰ ਬਠਿੰਡਾ ਵਿਚ ਚਾਰ ਸਿੰਘਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਿਰੁੱਧ ਰੋਸ ਮਾਰਚ ਆਯੋਜਿਤ ਕੀਤਾ। ਰੋਸ ਮੁਜਾਹਰੇ ਦੌਰਾਨ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਦੋ ਸਿੰਘ ਸ਼ਹੀਦ ਹੋ ਗਏ।
ਮੌਜੂਦਾ ਪੰਜਾਬ ਸੂਬਾ 1 ਨਵੰਬਰ 1966 ਵਿਚ ਹੋਂਦ ਵਿਚ ਆਇਆ।
ਸੰਤ ਫਤਿਹ ਸਿੰਘ ਜੀ ਦੀ ਅਗਵਾਈ ਹੇਠ 28 ਸਤੰਬਰ 1968 ਨੂੰ 16ਵੀਂ ਸਰਬ ਹਿੰਦ ਕਾਨਫਰੰਸ ਬਟਾਲਾ ਵਿਖੇ ਆਯੋਜਿਤ ਕੀਤੀ ਗਈ।
21 ਜੁਲਾਈ 1971 ਤੋਂ ਸ਼ੁਰੂ ਹੋ ਕੇ 7 ਸਤੰਬਰ 1971 ਤੱਕ ਚੱਲੀ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਨੂੰ ਮੁਕਤ ਕਰਵਾਉਣ ਦੀ ਮੁਹਿੰਮ ਦੌਰਾਨ 17000 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ।
16 ਤੋਂ 17 ਅਕਤੂਰ 1973 ਦੇ ਦਰਮਿਆਨ ਆਨੰਦਪੁਰ ਸਾਹਿਬ ਮਤਾ ਤਿਆਰ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਜੁਲਾਈ 1975 ਤੋਂ 18 ਜਨਵਰੀ 1977 ਤੱਕ ਲਗਾਤਾਰ 19 ਮਹੀਨੇ ਐਮਰਜੰਸੀ ਦਾ ਮਾਰਚ ਦੇ ਰੂਪ ਵਿਚ ਡਟਵਾਂ ਵਿਰੋਧ ਕੀਤਾ ਗਿਆ। ਦੋ ਅਕਾਲੀ ਸਿੰਘਾਂ ਨੇ ਜੇਲ ਵਿਚ ਸ਼ਹਾਦਤ ਪ੍ਰਾਪਤ ਕੀਤੀ ਅਤੇ 43000 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਮਾਰਚ ਦੀ ਅਗਵਾਈ ਜਥੇਦਾਰ ਸੋਹਣ ਸਿੰਘ ਤੂਰ ਨੇ ਕੀਤੀ ਤੇ ਬਾਅਦ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮਾਰਚ ਦੀ ਅਗਵਾਈ ਕੀਤੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਹੇਠ 28 ਅਤੇ 29 ਅਕਤੂਬਰ 1978 ਨੂੰ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ 18ਵੀਂ ਸਰਬ ਹਿੰਦ ਅਕਾਲੀ ਕਾਨਫਰੰਸ ਆਯੋਜਿਤ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਵੱਲੋਂ 'ਧਰਮ ਯੁੱਧ ਮੋਰਚਾ' 4 ਅਗਸਤ 1982 ਨੂੰ ਸ਼ੁਰੂ ਕੀਤਾ ਗਿਆ। ਮੋਰਚਾ ਜੂਨ 1984 ਤੱਕ ਜਾਰੀ ਰਿਹਾ ਅਤੇ ਮਈ 1983 ਤੱਕ, ਪੁਲਿਸ ਨੇ 1,05,000 ਸਿੰਘਾਂ ਨੂੰ ਗ੍ਰਿਫਤਾਰ ਕੀਤਾ । ਇਸ ਮੋਰਚੇ ਦੇ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ।
ਜੁਲਾਈ 1985 ਵਿਚ ਸੰਤ ਹਰਚੰਦ ਸਿੰਘ ਲੌਂਗਵਾਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਚਕਾਰ ਪੰਜਾਬ ਸਮਝੌਤਾ ਹੋਇਆ।
ਸ. ਸੁਖਬੀਰ ਸਿੰਘ ਬਾਦਲ 31 ਜਨਵਰੀ 2008 ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਤੇ ਉਹ ਪਾਰਟੀ ਦੇ 21ਵੇਂ ਪ੍ਰਧਾਨ ਬਣੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ 19 ਦਸੰਬਰ 2011 ਨੂੰ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ।
2012 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਪੰਜਾਬ ਵਿਚ ਸਰਕਾਰ ਬਣਾਈ ਤੇ ਸ: ਪ੍ਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣੇ।
ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਿਰਫ ਸਿੱਖਾਂ ਦੀ ਥਾਂ ਪੰਜਾਬੀਆਂ ਦੀ ਪ੍ਰਤੀਨਿਧ ਜਮਾਤ ਮੰਨਿਆ ਜਾਣ ਲੱਗ ਪਿਆ ਹੈ।