ਸਰਦਾਰ ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੰਜ ਵਾਰ ਸੇਵਾ ਨਿਭਾ ਚੁੱਕੇ ਹਨ। ਉਹ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਅਤੇ 2007 ਤੋਂ 2017 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ। 1995 ਤੋਂ 2008 ਤੱਕ, ਪ੍ਰਧਾਨ ਵਜੋਂ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਕੀਤੀ ਹੈ। 2015 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ ਨਾਲ ਸਨਮਾਨਿਆ।
ਸ: ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ ਵਿੱਚ 25 ਅਪ੍ਰੈਲ 2023 ਨੂੰ ਮੋਹਾਲੀ, ਪੰਜਾਬ ਦੇ ਫੋਰਟਿਸ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਆਖਰੀ ਸਾਹ ਲਿਆ।
8 ਦਸੰਬਰ 1927 ਨੂੰ ਮਾਤਾ ਮਲੋਟ ਨੇੜਲੇ ਅਬੁਲ ਖੁਰਾਣਾ ਵਿਖੇ ਜਨਮੇ, ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਲਾਹੌਰ ਦੇ ਫਾਰਮਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਸਾਲ 1970 ਵਿੱਚ ਉਹ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ।
ਪੰਜਾਬ ਰਾਜ ਵਿਧਾਨ ਸਭਾ ਲਈ ਸਰਦਾਰ ਬਾਦਲ ਪਹਿਲੀ ਵਾਰ 1957 ਵਿੱਚ ਚੁਣੇ ਗਏ ਸਨ। ਉਦੋਂ ਤੋਂ ਉਹ 9 ਵਾਰ ਵਿਧਾਇਕ ਵਜੋਂ ਚੁਣੇ ਜਾ ਚੁੱਕੇ ਹਨ। 1969 ਵਿੱਚ, ਉਹ ਵਿਧਾਨ ਸਭਾ ਲਈ ਦੁਬਾਰਾ ਚੁਣੇ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ।
ਦੇਸ਼ ਦੀ ਸ਼ਾਂਤੀ ਅਤੇ ਪ੍ਰਭੂਸੱਤਾ ਲਈ ਉਹਨਾਂ ਨੇ ਹਮੇਸ਼ਾ ਆਵਾਜ਼ ਚੁੱਕੀ ਹੈ। ਸੱਤਰਵਿਆਂ ਵਿੱਚ ਐਮਰਜੈਂਸੀ ਦੌਰਾਨ, ਬਦਨਾਮ ਮੀਸਾ (MISA, Maintenance of Internal Securities Act, ਭਾਵ ਅੰਦਰੂਨੀ ਸੁਰੱਖਿਆ ਸਾਂਭ-ਸੰਭਾਲ ਐਕਟ) ਤਹਿਤ ਹੋਰਨਾਂ ਸਿਆਸਤਦਾਨਾਂ ਨਾਲ ਉਹਨਾਂ ਨੇ ਜੇਲ੍ਹ ਕੱਟੀ। ਇਸ ਤੋਂ ਇਲਾਵਾ ਵੀ, ਪੰਜਾਬ ਦੇ ਲੋਕ ਅਤੇ ਉਹਨਾਂ ਦੇ ਹੱਕਾਂ ਲਈ ਅਕਾਲੀ ਲਹਿਰ ਦੌਰਾਨ ਉਹਨਾਂ ਨੇ ਇੱਕ ਲੰਮਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰਿਆ।
11 ਦਸੰਬਰ 2011 ਨੂੰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ "ਪੰਥ ਰਤਨ ਫਖ਼ਰ-ਏ-ਕੌਮ" (ਜਿਸਦਾ ਮਤਲਬ ਹੈ ਪੰਥ ਦਾ ਅਨਮੋਲ ਗਹਿਣਾ, ਭਾਈਚਾਰੇ ਦਾ ਮਾਣ) ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। ਸ. ਬਾਦਲ ਨੂੰ ਇਹ ਸਨਮਾਨ ਸਿੱਖ ਪੰਥ ਨੂੰ ਦਿੱਤੀਆਂ ਸੇਵਾਵਾਂ ਅਤੇ ਸਿੱਖੀ ਦੀਆਂ ਪ੍ਰਤੀਕ ਯਾਦਗਾਰਾਂ ਜਿਹਨਾਂ ਵਿੱਚ ਵਿਰਾਸਤ-ਏ-ਖਾਲਸਾ ਵਰਗੀਆਂ ਅਨੇਕਾਂ ਯਾਦਗਾਰਾਂ ਦੇ ਨਿਰਮਾਣ ਅਤੇ ਅਕਾਲੀ ਲਹਿਰ ਦੌਰਾਨ ਜ਼ੁਲਮ ਦਾ ਸਾਹਮਣਾ ਕਰਨ ਲਈ ਦਿੱਤਾ ਗਿਆ।