ਅੰਮ੍ਰਿਤਸਰ/11 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਘੇ ਰਾਗੀ ਅਤੇ ਪ੍ਰਦਮ ਸ੍ਰੀ ਭਾਈ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਹੋਣ ਤੋਂ ਰੋਕਣ ਲਈ ਵੇਰਕਾ ਦੇ ਸਮਸ਼ਾਨਘਾਟ ਨੂੰ ਤਾਲਾ ਲਾਉਣ ਵਾਲੇ ਅਧਿਆਪਕ ਹਰਪਾਲ ਸਿੰਘ ਦੀ ਮੁਅੱਤਲੀ ਨੂੰ ਦੇਰੀ ਨਾਲ ਕੀਤੀ ਮਾਮੂਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਤੋਂ ਹਟਾਇਆ ਜਾਵੇ ਅਤੇ ਉਸ ਖ਼ਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸੈਕਸ਼ਨ 295-ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।
ਇਸ ਸੰਬੰਧੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰਪਾਲ ਸਿੰਘ ਨੂੰ ਤੁਰੰਤ ਨੌਕਰੀ ਤੋਂ ਹਟਾਉਣਾ ਚਾਹੀਦਾ ਹੈ, ਕਿਉਂਕਿ ਸਿਆਸੀ ਗਤੀਵਿਧੀਆਂ ਵਿਚ ਭਾਗ ਲੈ ਕੇ ਉਸ ਨੇ ਸਰਕਾਰੀ ਕਰਮਚਾਰੀ (ਵਿਵਹਾਰ) ਰੂਲਜ਼ 1966 ਦੇ ਨਿਯਮ 6 ਨੂੰ ਤੋੜਿਆ ਹੈ। ਉਹਨਾਂ ਕਿਹਾ ਕਿ ਹਰਪਾਲ ਖ਼ਿਲਾਫ ਡਿਊਟੀ ਤੋਂ ਗੈਰਹਾਜ਼ਰ ਰਹਿਣ ਅਤੇ ਸਰਕਾਰੀ ਅਧਿਕਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ ਵਾਸਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਿਆਸਤ ਵਿਚ ਕੁੱਦਣ ਤੋਂ ਬਾਅਦ ਹਰਪਾਲ ਨੂੰ ਦਿੱਤੀਆਂ ਗਈਆਂ ਤਨਖਾਹਾਂ ਦੀ ਸਾਰੀ ਰਾਸ਼ੀ ਉਸ ਕੋਲੋਂ ਵਾਪਸ ਵਸੂਲਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਇਸ ਗੱਲ ਦੀ ਇੱਕ ਵੱਖਰੀ ਜਾਂਚ ਕਰਵਾਉਣ ਕਿ ਹਰਪਾਲ ਸਿੰਘ ਨੂੰਂ ਕਾਂਗਰਸ ਪਾਰਟੀ ਦਾ ਅਹੁਦੇਦਾਰ ਕਿਵੇਂ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਵੱਲੋਂ ਕਿੰਨੀ ਵਾਰ ਆਪਣੀ ਕੌਂਸਲਰ ਪਤਨੀ ਦੀ ਪੁਜ਼ੀਸ਼ਨ ਦਾ ਗਲਤ ਇਸਤੇਮਾਲ ਕੀਤਾ ਗਿਆ ਸੀ? ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਇਸ ਗੱਲ ਨੂੰ ਸਮਝਣਗੇ ਕਿ ਹਰਪਾਲ ਨੇ ਸਿਰਫ ਪਦਮ ਸ੍ਰੀ ਉੱਘੇ ਰਾਗੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਉਹ ਸ਼ਾਂਤੀ ਅਤੇ ਭਾeਚਾਰਕ ਸਾਂਝ ਲਈ ਵੀ ਇੱਕ ਖਤਰਾ ਹੈ। ਉਹਨਾਂ ਕਿਹਾ ਕਿ ਇਸ ਸਕੂਲ ਅਧਿਆਪਕ ਦੀਆਂ ਕਾਰਵਾਈਆਂ ਨੇ ਮੁੱਖ ਮੰਤਰੀ ਅਤੇ ਪੰਜਾਬੀਆਂ ਦਾ ਨਾਂ ਖਰਾਬ ਕੀਤਾ ਹੈ। ਇਸ ਲਈ ਇੱਕ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿੱਖਾਂ ਅਤੇ ਵੱਖ ਵੱਖ ਰਾਗੀ ਜਥਿਆਂ ਵੱਲੋਂ ਪ੍ਰਗਟਾਏ ਸਖ਼ਤ ਰੋਸ ਮਗਰੋਂ ਸਰਕਾਰ ਨੇ ਹਰਪਾਲ ਸਿੰਘ ਖ਼ਿਲਾਫ ਬਹੁਤ ਦੇਰੀ ਨਾਲ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਸ ਵਿਅਕਤੀ ਦੀ ਮੁਅੱਤਲੀ ਨੂੰ ਧਿਆਨ ਹਟਾਉਣ ਦੇ ਹਥਕੰਡੇ ਵਜੋਂ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਤੁਰੰਤ ਇਸ ਅਧਿਆਪਕ ਖ਼ਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਹਰਪਾਲ ਸਿੰਘ ਨੇ ਕੋਈ ਪਹਿਲੀ ਵਾਰ ਕਾਨੂੰਨ ਨੂੰ ਨਹੀਂ ਤੋੜਿਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਹਰਪਾਲ ਗੈਰਕਾਨੂੰਨੀ ਗਤੀਵਿਧੀਆਂ ਕਰਨ ਦਾ ਆਦੀ ਹੈ। ਉਹਨਾਂ ਕਿਹਾ ਕਿ ਉਸ ਦੀ ਗੁੰਡਾਗਰਦੀ ਅੱਗੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਸਮੇਤ ਅੰਮ੍ਰਿਤਸਰ ਦਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੀ ਬੇਵਸ ਮਹਿਸੂਸ ਕਰਦਾ ਹੈ। ਉਹ ਸਰਕਾਰੀ ਮੀਟਿੰਗਾਂ ਵਿਚ ਕਾਂਗਰਸੀ ਕੌਂਸਲਰ ਵਜੋਂ ਭਾਗ ਲੈਦਾਂ ਹੈ ਜਦਕਿ ਅਸਲ ਵਿਚ ਕੌਂਸਲਰ ਉਸ ਦੀ ਪਤਨੀ ਪਰਮਿੰਦਰ ਕੌਰ ਹੈ। ਉਹਨਾਂ ਕਿਹਾ ਕਿ ਮਿਉਂਸੀਪਲ ਕਾਰਪੋਰੇਸ਼ਨ ਦੀ ਇੱਕ ਮੀਟਿੰਗ ਵਿਚ ਭਾਗ ਲੈਣ ਤੋਂ ਰੋਕਣ ਉੱਤੇ ਹਰਪਾਲ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਧਮਕੀ ਦਿੱਤੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹਾ ਪ੍ਰਸਾਸ਼ਨ ਨੇ ਹਰਪਾਲ ਸਿੰਘ ਦੇ ਮਾਮਲੇ ਵਿਚ ਟਾਲਮਟੋਲ ਵਾਲਾ ਵਤੀਰਾ ਧਾਰਨ ਕਰੀ ਰੱਖਿਆ ਸੀ ਜਦਕਿ ਇਸ ਦੇ ਬਿਲਕੁੱਲ ਉਲਟ ਹਰਨਾਮਦਾਸਪੁਰਾ ਵਿਚ ਇੱਕ ਕਰੋਨਾਵਾਇਰਸ ਮਰੀਜ਼ ਦਾ ਅੰਤਿਮ ਸਸਕਾਰ ਰੋਕਣ ਉੱਤੇ ਜਲੰਧਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 60 ਵਿਅਕਤੀਆਂ ਖ਼ਿਲਾਫ ਤੁਰੰਤ ਕੇਸ ਦਰਜ ਕਰ ਲਿਆ ਸੀ। ਉਹਨਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਪ੍ਰਸਾਸ਼ਨ ਨੇ ਇਸੇ ਤਰ੍ਹਾਂ ਕਾਰਵਾਈ ਕੀਤੀ ਹੁੰਦੀ ਤਾਂ ਸੂਬੇ ਅੰਦਰ ਕੋਵਿਡ-19 ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦਾ ਨਿਰਾਦਰ ਕਰਨ ਵਾਲੀਆਂ ਹੋਰ ਮੰਦਭਾਗੀਆਂ ਘਟਨਾਵਾਂ ਨਾ ਵਾਪਰਦੀਆਂ।
ਹਰਪਾਲ ਸਿੰਘ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵਿਅਕਤੀ ਅੰਮ੍ਰਿਤਸਰ ਦੇ ਮਜੀਠਾ ਬਲਾਕ 'ਚ ਪੈਂਦੇ ਪਿੰਡ ਸ਼ਹਿਜ਼ਾਦੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੈਡਮਾਸਟਰ ਵਜੋਂ ਤਾਇਨਾਤ ਹੈ, ਪਰ ਇਹ ਕਦੇ ਵੀ ਸਕੂਲ ਨਹੀਂ ਸੀ ਗਿਆ। ਇਸ ਬਾਰੇ ਪਿੰਡ ਦੇ ਲੋਕਾਂ ਨੇ ਸਰਕਾਰ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਇਹ ਵਿਅਕਤੀ ਗੈਰਹਾਜ਼ਰ ਹੁੰਦਿਆਂ ਵੀ ਸਕੂਲ ਵਿਚ ਗੈਰਕਾਨੂੰਨੀ ਢੰਗ ਨਾਲ ਆਪਣੀ ਹਾਜ਼ਰੀ ਲਗਾ ਕੇ ਬੱਚਿਆਂ ਦੇ ਭਵਿੱਖ ਨਾਲ ਖੇਡ ਰਿਹਾ ਹੈ, ਜਦਕਿ ਉਹ ਸਿਆਸੀ ਗਤੀਵਿਧੀਆਂ ਵਿਚ ਰੁੱਝਾ ਰਹਿਂੰਦਾ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਦਿਆਂ ਹਰਪਾਲ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਦੇਸ਼ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।