ਬਿਕਰਮ ਸਿੰਘ ਮਜੀਠੀਆ ਨੇ ਸੂਬੇ ਅੰਦਰ ਸਿਹਤ ਕਰਮੀਆਂ ਦੀ ਤਨਖਾਹਾਂ ਦੁੱਗਣੀਆਂ ਕਰਨ ਅਤੇ ਕੋਵਿਡ-19 ਪੀੜਤਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਸੱਦਾ ਦਿੱਤਾ
ਚੰਡੀਗੜ੍ਹ/10 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਕਰਮੀਆਂ ਲਈ ਸੁਰੱਖਿਆ ਪ੍ਰਬੰਧਾਂ ਵਿਚ ਵਾਧਾ ਕਰਨ ਅਤੇ ਉਹਨਾਂ ਦੀ ਤਨਖਾਹਾਂ ਦੁੱਗਣੀਆਂ ਕਰਨ। ਇਸ ਤੋਂ ਇਲਾਵਾ ਪਾਰਟੀ ਨੇ ਕੋਵਿਡ-19 ਖ਼ਿਲਾਫ ਲੜਾਈ ਵਿਚ ਪ੍ਰਾਈਵੇਟ ਹਸਤਪਾਲਾਂ ਨੂੰ ਸਰਗਰਮੀ ਨਾਲ ਭਾਗ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਅਤੇ ਸੂਬੇ ਅੰਦਰ ਕੋਰੋਨਾ ਪੀੜਤਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣ ਦੀ ਵਕਾਲਤ ਵੀ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿਚ ਇਹ ਸਾਰੇ ਸੁਝਾਅ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿਚ ਵੈਂਟੀਲੇਟਰਾਂ, ਟੈਸਟਿੰਗ ਕਿਟਾਂ ਅਤੇ ਪੀਪੀਈ ਕਿਟਾਂ ਦੀ ਭਾਰੀ ਕਮੀ ਕਰਕੇ ਕੋਵਿਡ-19 ਖ਼ਿਲਾਫ ਲੜਾਈ ਵਿਚ ਇਹ ਲਗਾਤਾਰ ਪਛੜਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਸਿਰਫ 123 ਵੈਂਟੀਲੇਟਰ ਹਨ ਅਤੇ ਬਹੁਤ ਸਾਰੇ ਜ਼ਿਲ੍ਹਿਆਂ ਅੰਦਰ ਸਰਕਾਰੀ ਹਸਪਤਾਲਾਂ ਵਿਚ ਇੱਕ ਵੀ ਵੈਂਟੀਲੇਟਰ ਨਹੀਂ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ 270 ਵੈਂਟੀਲੇਟਰ ਮੌਜੂਦ ਹਨ , ਪਰ ਉਹਨਾਂ ਨੂੰ ਇਸਤੇਮਾਲ ਵਿਚ ਨਹੀਂ ਲਿਆਂਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਵਿਚ ਪੀਪੀਈ ਕਿਟਾਂ, ਦਸਤਾਨਿਆਂ, ਮਾਸਕਾਂ ਅਤੇ ਟੈਸਟਿੰਗ ਕਿਟਾਂ ਦੀ ਕਮੀ ਹੈ। ਉਹਨਾਂ ਕਿਹਾ ਕਿ ਟੈਸਟਿੰਗ ਕਿਟਾਂ ਦੀ ਕਮੀ ਕਰਕੇ ਕੋਵਿਡ-19 ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਉਸ ਸਮੇਂ ਵਾਪਸ ਮੋੜ ਦਿੱਤਾ ਗਿਆ, ਜਦੋਂ ਉਹਨਾਂ ਨੇ ਆਪਣੀ ਬੀਮਾਰੀ ਬਾਰੇ ਦੱਸਿਆ ਅਤੇ ਬਾਅਦ ਵਿਚ ਉਹ ਪਾਜ਼ੇਟਿਵ ਨਿਕਲੇ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਦੱਸਿਆ ਕਿ ਸੂਬੇ ਦੇ 70 ਫੀਸਦੀ ਲੋਕ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਉੱਤੇ ਭਰੋਸਾ ਕਰਦੇ ਹਨ ਅਤੇ ਜਿਵੇਂ ਕਿ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਕੇਸ ਵਿਚ ਵੇਖਿਆ ਗਿਆ ਸੀ ਕਿ ਸਰਕਾਰ ਕੋਲ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਵਾਸਤੇ ਲੋਂੜੀਦੀਆਂ ਸਹੂਲਤਾਂ ਨਹੀਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਕੋਰੋਨਾਵਾਇਰਸ ਖ਼ਿਲਾਫ ਇਸ ਲੜਾਈ ਵਿਚ ਪ੍ਰਾਈਵੇਟ ਹਸਪਤਾਲਾਂ ਨੂੰ ਸਰਗਰਮੀ ਨਾਲ ਭਾਗ ਲੈਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਮਕਸਦ ਲਈ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਜ਼ਿਲ੍ਹਾ ਪੱਧਰੀ ਕਮੇਟੀ ਬਣਾਉਣੀਆਂ ਚਾਹੀਦੀਆਂ ਹਨ ਅਤੇ ਇੱਕ ਸੂਬਾ ਪੱਧਰ ਦਾ ਸਲਾਹਕਾਰੀ ਬੋਰਡ ਬਣਾਉਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਅਤੇ ਸੰਭਾਲ ਲਈ ਅਪਣਾਈ ਜਾ ਰਹੀ ਸਮੁੱਚੀ ਰਣਨੀਤੀ ਦੀ ਸਮੀਖਿਆ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਰੇ ਸੂਬਿਆਂ ਦੇ ਕੀਤੇ ਇੱਕ ਤਾਜ਼ਾ ਸਰਵੇ ਵਿਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਵਿਚ 151 ਕੇਸ ਹੋਣ ਦੇ ਬਾਵਜੂਦ ਇੱਥੇ ਮਰਨ ਵਾਲਿਆਂ ਦੀ ਗਿਣਤੀ 11 ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਤਾਮਿਲਾਨਾਡੂ ਸਮੇਤ ਬਾਕੀ ਰਾਜਾਂ ਵਿਚ ਇਸ ਦੀ ਔਸਤ ਬਹੁਤ ਘੱਟ ਹੈ। ਤਾਮਿਲਨਾਡੂ ਵਿਚ 738 ਕੇਸ ਹੋਣ ਦੇ ਬਾਵਜੂਦ ਸਿਰਫ ਅੱਠ ਮੌਤਾਂ ਹੋਈਆਂ ਹਨ। ਇੱਥੋਂ ਤਕ ਕਿ ਗੁਆਂਢੀ ਰਾਜ ਹਰਿਆਣਾ ਵਿਚ ਕੋਵਿਡ-19 ਦੇ 167 ਮਰੀਜ਼ ਹੋਣ ਦੇ ਬਾਵਜੂਦ ਸਿਰਫ 2 ਮੌਤਾਂ ਹੋਈਆਂ ਹਨ।
ਮੁੱਖ ਮੰਤਰੀ ਨੂੰ ਕਾਰਵਾਈਯੋਗ ਨੁਕਤੇ ਸੁਝਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੇ ਸਾਰੇ ਸਿਹਤ ਕਰਮੀਆਂ ਲਈ ਲੋੜੀਂਦੀਆਂ ਪੀਪੀਈ ਕਿਟਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਅੰਦਰ ਨਵੇਂ ਵੈਂਟੀਲੇਂਟਰ ਖਰੀਦਣ ਅਤੇ ਪੁਰਾਣਿਆਂ ਨੂੰ ਚਾਲੂ ਹਾਲਤ ਵਿਚ ਲਿਆਉਣ ਦੀ ਸਖ਼ਤ ਲੋੜ ਹੈ। ਉਹਨਾਂ ਨੇ ਖਤਰੇ ਦਾ ਮੁਲੰਕਣ ਕਰਨ ਲਈ ਪੜਾਅਵਾਰ ਸਾਰੇ ਨਾਗਰਿਕਾਂ ਦਾ ਟੈਸਟ ਕਰਨ ਵਾਸਤੇ ਲੋੜੀਂਦੀਆਂ ਟੈਸਟਿੰਗ ਕਿਟਾਂ ਖਰੀਦਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਕੰਮ ਵਿਚ ਪ੍ਰਾਈਵੇਟ ਹਸਪਤਾਲਾਂ ਦਾ ਸਹਿਯੋਗ ਲੈਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਹਸਪਤਾਲਾਂ ਦੇ ਸਟਾਫ, ਲੈਬਾਰਟਰੀ ਸਟਾਫ ਅਤੇ ਐਂਬੂਲੈਂਸ ਕਰਮੀਆਂ ਸਮੇਤ ਸਾਰੇ ਸਿਹਤ ਕਰਮੀਆਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਨੂੰ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਉਹ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਇਹਨਾਂ ਕਰਮੀਆਂ ਦੀ ਕਦਰ ਕਰਦੀ ਹੈ। ਉਹਨਾਂ ਕਿਹਾ ਕਿ ਸਾਰੇ ਸਿਹਤ ਕਰਮੀਆਂ, ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ, ਨੂੰ ਹੱਲਾਸ਼ੇਰੀ ਦੇਣ ਲਈ ਉਹਨਾਂ ਦਾ ਇੱਕ ਇੱਕ ਕਰੋੜ ਰੁਪਏ ਦਾ ਬੀਮਾ ਕੀਤਾ ਜਾਣਾ ਚਾਹੀਦਾ ਹੈ। ਉੁਹਨਾਂ ਇਹ ਵੀ ਅਪੀਲ ਕੀਤੀ ਕਿ ਸਰਕਾਰ ਹੋਟਲ ਅਤੇ ਗੈਸਟ ਹਾਊਸ ਉਹਨਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਨੁੰ ਕੁਆਰੰਟੀਨ ਕਰਨ ਲਈ ਦੇ ਦੇਵੇ, ਜਿਹੜੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਸੁਝਾਅ ਪੇਸ਼ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਸਾਰੇ ਮਰੀਜ਼ਾਂ ਨੂੰ ਢੁੱਕਵੇਂ ਮਨੋਵਿਗਿਆਨਕ ਇਲਾਜ ਦੀ ਸਹੂਲਤ ਦੇਣੀ ਚਾਹੀਦੀ ਹੈ ਤਾਂ ਕਿ ਉਹ ਨਿਰਾਸ਼ਾ ਦੀ ਬੀਮਾਰੀ ਤੋਂ ਪੀੜਤ ਨਾ ਹੋਣ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਹਸਪਤਾਲਾਂ ਵਿਚ ਗੰਦਗੀ ਸੰਬੰਧੀ ਆਈਆਂ ਸ਼ਿਕਾਇਤਾਂ ਉੱਤੇ ਗੌਰ ਕਰਨ ਅਤੇ ਉੱਥੇ ਸਫਾਈ ਦਾ ਪ੍ਰਬੰਧ ਕਰਵਾਉਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਏਕਾਂਤਵਾਸ ਹੰਢਾ ਰਹੇ ਸਾਰੇ ਮਰੀਜ਼ਾਂ ਨੂੰ ਟੈਲੀਵੀਜ਼ਨ ਅਤੇ ਹੋਰ ਸਹੂਲਤਾਂ ਮਹੱਈਆ ਕਰਵਾਉਣ ਤੋਂਂ ਇਲਾਵਾ ਉਹਨਾਂ ਦੀਆਂ ਪਰਿਵਾਰਕ ਮੈਂਬਰਾਂ ਨਾਲ ਵੀਡਿਓ ਕਾਲਾਂ ਵੀ ਕਰਵਾਈਆਂ ਜਾਣ ਤਾਂ ਕਿ ਉਹਨਾਂ ਦਾ ਮਾਨਸਿਕ ਤਵਾਜ਼ਨ ਨਾ ਵਿਗੜੇ। ਸਰਦਾਰ ਮਜੀਠੀਆ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ।
ਆਮ ਲੋਕਾਂ ਲਈ ਸੁਰੱਖਿਆ ਲਈ ਲੋੜੀਂਦੇ ਕਦਮਾਂ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਦਾ ਨਿਰਾਦਰ ਹੋਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਅੰਦਰ ਪੀਪੀਈ ਕਿਟਾਂ ਅਤੇ ਬਾਕੀ ਸੁਰੱਖਿਆ ਉਪਕਰਨ ਕੰਟਰੋਲ ਰੇਟ ਉੱਤੇ ਉਪਲੱਬਧ ਕਰਵਾਉਣੇ ਚਾਹੀਦੇ ਹਨ। ਉਹਨਾਂ ਮੈਡੀਕਲ ਸੁਰੱਖਿਆ ਉਪਕਰਨਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਖ਼ਿਲਾਫ ਵੀ ਸਖ਼ਤ ਕਾਰਵਾਈ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਸਰਦਾਰ ਮਜੀਠੀਆ ਨੇ ਇਹ ਦੁਹਰਾਇਆ ਕਿ ਅਕਾਲੀ ਦਲ ਇਸ ਮਹਾਂਮਾਰੀ ਖ਼ਿਲਾਫ ਲੜਾਈ ਵਿਚ ਸਰਕਾਰ ਦੀ ਮੱਦਦ ਕਰਨ ਲਈ ਵਚਨਬੱਧ ਹੈ ਅਤੇ ਯਕੀਨ ਦਿਵਾਇਆ ਕਿ ਸਰਕਾਰ ਨੂੰ ਇਸ ਲੜਾਈ ਵਿਚ ਜੇਤੂ ਬਣਾਉਣ ਲਈ ਪਾਰਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।