ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਤਿੰਨਾਂ ਕੇਸਾਂ ਵਿਚ ਡੀਜੀਪੀ ਨੂੰ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦੇਣ
ਚੰਡੀਗੜ੍ਹ/18 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਅੱਤਿਆਚਾਰ ਅਤੇ ਕਾਂਗਰਸੀ ਗੁੰਡਾਗਰਦੀ ਦੇ ਕੇਸਾਂ ਵਿਚ ਸੂਬੇ ਦੇ ਡੀਜੀਪੀ ਨੂੰੂ ਤੁਰੰਤ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਤਾਂ ਕਿ ਸਾਰਿਆਂ ਨੂੰ ਇਹ ਸਪੱਸ਼ਟ ਸੁਨੇਹਾ ਜਾਵੇ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਇੱਕ æਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿਚ ਖੰਨਾ ਵਿਖੇ ਇੱਕ ਵੀਡਿਓ ਸਾਹਮਣੇ ਆਈ ਹੈ, ਜਿਸ ਵਿਚ ਇੱਕ ਪਿਓ-ਪੁੱਤਰ ਅਤੇ ਇੱਕ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਪੁਲਿਸ ਸਟੇਸ਼ਨ ਅੰਦਰ ਨੰਗਾ ਕਰਕੇ ਘੁੰਮਾਉਂਦੇ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੇ ਵੀਡਿਓ ਜਨਤਕ ਹੋਣ ਦੇ ਬਾਵਜੂਦ ਅਜਿਹਾ ਅੱਤਿਆਚਾਰ ਕਰਨ ਵਾਲੇ ਐਸਐਚਓ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਕ ਪਿਤਾ ਦਾ ਉਸ ਦੇ ਬੇਟੇ ਸਾਹਮਣੇ ਤਿਰਸਕਾਰ ਕੀਤਾ ਗਿਆ। ਬਾਅਦ ਵਿਚ ਪੁੱਤਰ ਨੇ ਦੁਖੀ ਹੋ ਕੇ ਆਪਣੇ ਵਾਲ ਕੱਟ ਲਏ। ਜੇਕਰ ਬੇਟਾ ਕੱਲ੍ਹ ਕੋਈ ਹੋਰ ਕਦਮ ਚੁੱਕਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ?
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਜਦੋਂ ਪਟਿਆਲਾ ਵਿਖੇ ਏਐਸਆਈ ਹਰਜੀਤ ਸਿੰਘ ਉੱਤੇ ਹਮਲਾ ਹੋਇਆ ਸੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਸੀ, ਪਰ ਹੁਣ ਜਦੋਂ ਇੱਕ ਗੁਰਸਿੱਖ ਉੇੱਤੇ ਅੱਤਿਆਚਾਰ ਕੀਤਾ ਗਿਆ ਹੈ ਅਤੇ ਉਸ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੋਈ ਹੈ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਐਸਐਚਓ ਨੂੰ ਬਰਖਾਸਤ ਕੀਤਾ ਜਾਵੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਰੋਕਣ ਲਈ ਅੱਤਿਆਚਾਰ ਰੋਕੂ ਐਕਟ ਮੁਤਾਬਿਕ ਸੈਕਸ਼ਨ 295-ਏ ਤਹਿਤ ਉਸ ਖ਼ਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਮੈਂ ਇਹ ਗੱਲ ਵੀ ਤੁਹਾਡੇ ਧਿਆਨ ਵਿਚ ਲਿਆਉਣੀ ਚਾਹੁੰਦਾ ਹਾਂ ਕਿ ਖੰਨਾ ਦੇ ਐਸਐਚਓ ਖ਼ਿਲਾਫ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਉਸ ਦੀ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੁਆਰਾ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਸੂਬੇ ਅੰਦਰ ਹਰ ਕੀਮਤ ਉੱਤੇ ਅਮਨ-ਕਾਨੂੰਨ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਾਂਗਰਸੀ ਗੁੰਡਿਆਂ ਨੂੰ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਿਸ ਢੰਗ ਨਾਲ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਦੇ ਭਤੀਜੇ ਹੇਮਰਾਜ ਨੂੰ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਛੱਡਿਆ ਗਿਆ ਹੈ, ਉਹ ਸਮਾਜ ਦਾ ਮਨੋਬਲ ਡੇਗਣ ਵਾਲੀ ਘਟਨਾ ਹੈ। ਉਹਨਾਂ ਕਿਹਾ ਕਿ ਪੂਰੇ ਸੂਬੇ ਅੰਦਰ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ ਪਰੰਤੂ ਹੇਮਰਾਜ ਕਾਨੂੰਨ ਦੀ ਉਲੰਘਣਾ ਕਰਦਾ ਹੋਇਆ ਸ਼ਰਾਬ ਵੇਚ ਰਿਹਾ ਸੀ। ਪਰ ਅਜੇ ਤਕ ਨਾ ਉਸ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਸ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੱਸਿਆ ਕਿ ਸ਼ਰਾਬ ਵੇਚਦੇ ਫੜੇ ਜਾਣ ਤੇ ਹੇਮਰਾਜ ਦੇ ਬੰਦਿਆਂ ਨੇ ਦੁਕਾਨ ਬੰਦ ਕਰ ਦਿੱਤੀ ਅਤੇ ਜਦੋਂ ਉਹਨਾਂ ਦੀ ਦੁਕਾਨ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਉਹਨਾਂ ਨਾ ਸਿਰਫ ਐਸਡੀਐਮ ਅਤੇ ਬਾਕੀ ਸਿਵਲ ਅਧਿਕਾਰੀਆਂ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ, ਸਗੋਂ ਉਹਨਾਂ ਉੇਤੇ ਹਮਲਾ ਵੀ ਕੀਤਾ। ਉਹਨਾਂ ਕਿਹਾ ਇੰਨੀ ਵੱਡੀ ਘਟਨਾ ਦੇ ਬਾਵਜੂਦ ਗੁੰਡਿਆਂ ਖ਼ਿਲਾਫ ਧਾਰਾ 302 ਤਹਿਤ ਕੇਸ ਦਰਜ ਨਹੀਂ ਕੀਤਾ ਗਿਆ ਹੈ।
ਅਕਾਲੀ ਆਗੂ ਨੇ ਮਜੀਠਾ ਵਿਚ ਇੱਕ ਡੇਅਰੀ ਮਾਲਕ ਉੱਤੇ ਢਾਹੇ ਅੱਤਿਆਚਾਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਉੇੱਤੇ ਜ਼ੁਲਮ ਢਾਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਇਕ ਗਰੈਜੂਏਟ ਵਿਅਕਤੀ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਸਿਰਫ ਇਸ ਲਈ ਛੇ ਘੰਟੇ ਕੁੱਟਿਆ ਗਿਆ, ਕਿਉਂਕਿ ਉਸ ਨੇ ਸਿਰਫ ਇਹ ਕਿਹਾ ਸੀ ਕਿ ਉਹ ਆਪਣੇ ਪਸ਼ੂਆਂ ਵਾਸਤੇ ਚਾਰਾ ਲਿਆ ਰਿਹਾ ਸੀ, ਜੋ ਕਿ ਜਰੂਰੀ ਵਸਤਾਂ ਅਧੀਨ ਆਉਂਦਾ ਸੀ। ਉਹਨਾਂ ਕਿਹਾ ਕਿ ਇਸ ਲੜਕੇ ਵੱਲੋਂ ਆਪਣੇ ਉੱਤੇ ਹੋਏ ਅੱਤਿਆਚਾਰਾਂ ਬਾਰੇ ਦੱਸਣ ਦੇ ਬਾਵਜੂਦ ਪੁਲਿਸ ਨੇ ਦੋਸ਼ੀ ਅਧਿਕਾਰੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਰੁਝਾਣ ਹੈ, ਆਮ ਲੋਕਾਂ ਉੱਤੇ ਅੱਤਿਆਚਾਰ ਢਾਹੁਣ ਵਾਲੇ ਪੁਲਿਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹਨਾਂ ਤਿੰਨਾਂ ਕੇਸਾਂ ਵਿਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਮਾਜ ਦੇ ਲੋਕੀ ਇੱਕ ਬਹੁਤ ਹੀ ਔਖੇ ਸਮੇਂ ਵਿਚੋਂ ਲੰਘ ਰਹੇ ਹਨ। ਸਰਕਾਰ ਨੂੰ ਪੁਲਿਸ ਦੀ ਗੁੰਡਾਗਰਦੀ ਰੋਕਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਲੋਕਾਂ ਦਾ ਇਸ ਸਿਸਟਮ ਉੱਤੋਂ ਭਰੋਸਾ ਉੱਠ ਜਾਵੇਗਾ, ਜਿਸ ਦੇ ਨਤੀਜੇ ਬਹੁਤ ਹੀ ਭਿਆਨਕ ਹੋਣਗੇ।