ਚੰਡੀਗੜ੍ਹ/21 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕੋਵਿਡ-19 ਖ਼ਿਲਾਫ ਲੜਾਈ ਵਿਚ ਸੂਬੇ ਦੀ ਸਹਾਇਤਾ ਕਰ ਰਹੇ ਮੈਡੀਕਲ ਇੰਟਰਨਜ਼ ਨੂੰ ਦਿੱਤੇ ਜਾਂਦੇ ਸਟਾਈਪੰਡ ਵਿਚ ਤੁਰੰਤ ਵਾਧਾ ਕਰਨ ਅਤੇ ਸੂਬੇ ਅੰਦਰ ਡਾਕਟਰਾਂ ਦੀ ਸਮਰੱਥਾ ਵਧਾਉਣ ਦੀ ਲੋੜ ਨੂੰ ਵੇਖਦੇ ਹੋਏ ਇਹਨਾਂ ਇੰਟਰਨਜ਼ ਦੀ ਬਿਨਾਂ ਦੇਰੀ ਕੀਤੇ ਸਿਹਤ ਵਿਭਾਗ ਅੰਦਰ ਭਰਤੀ ਕਰਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਮੈਡੀਕਲ ਇੰਟਰਨਜ਼ ਨੂੰ ਦਿੱੱਤੇ ਜਾ ਰਹੇ ਮਾਮੂਲੀ ਸਟਾਈਪੰਡ ਬਾਰੇ ਹਾਲ ਹੀ ਵਿਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮੈਡੀਕਲ ਸਟੂਡੈਂਟ ਐਸੋਸੀਏਸ਼ਨ ਵੱਲੋਂ ਖੁਲਾਸਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੈਡੀਕਲ ਇੰਟਰਨ ਡਾਕਟਰ ਕਿਰਤ ਨੇ ਇਹ ਵੀ ਟਵੀਟ ਕੀਤਾ ਹੈ ਕਿ 300 ਰੁਪਏ ਰੋਜ਼ਾਨਾ ਸਟਾਈਪੰਡ ਇੱਕ ਦਿਹਾੜੀਦਾਰ ਨੂੰ ਮਿਲਦੀ 325 ਰੁਪਏ ਦੀ ਘੱਟੋ ਘੱਟ ਮਜ਼ਦੂਰੀ ਦੇ ਬਰਾਬਰ ਹੈ। ਇਸ ਵਿਚ ਤੁਰੰਤ ਸੁਧਾਰ ਕਰਨ ਦੀ ਲੋੜ ਹੈ। ਅਕਾਲੀ ਆਗੂ ਨੇ ਕਿਹਾ ਕਿ ਇਹ ਇੰਟਰਨਜ਼ ਕੋਵਿਡ-19 ਖ਼ਿਲਾਫ ਲੜਾਈ ਵਿਚ ਮੱਦਦ ਕਰ ਰਹੇ ਹਨ, ਇਸ ਲਈ ਸਰਕਾਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਦਾ ਮਨੋਬਲ ਨਾ ਡਿੱਗੇ। ਉਹਨਾਂ ਕਿਹਾ ਕਿ ਇੰਟਰਨਜ਼ ਦਾ ਇੱਕ ਕਰੋੜ ਰੁਪਏ ਦਾ ਬੀਮਾ ਵੀ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਸਿਵਲ ਮੈਡੀਕਲ ਸੇਵਾ ਵਿਚ ਇਹਨਾਂ ਦੀ ਜਲਦੀ ਤੋਂ ਜਲਦੀ ਭਰਤੀ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਟਾਕਰੇ ਲਈ ਸਾਡੇ ਕੋਲ ਵਾਧੂ ਡਾਕਟਰ ਹੋਣ।
ਇਸ ਅਹਿਮ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਡਾਕਟਰ ਕਿਰਤ ਦੀ ਸ਼ਲਾਘਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਆਪਣੇ ਗੁਆਂਢੀ ਰਾਜਾਂ ਅਤੇ ਕੇਂਦਰੀ ਮੈਡੀਕਲ ਸੰਸਥਾਨਾਂ ਦੇ ਮੁਕਾਬਲੇ ਕਿਤੇ ਵੱਧ ਫੀਸਾਂ ਲੈ ਰਹੇ ਹਨ, ਪਰ ਆਪਣੇ ਇੰਟਰਨਜ਼ ਨੂੰ ਸਭ ਤੋਂ ਘੱਟ ਸਟਾਈਪੰਡ ਦੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵੱਲੋਂ ਇੰਟਰਨਜ਼ ਨੂੰ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਟਾਈਪੰਡ ਦਿੱਤਾ ਜਾਂਦਾ ਹੈ ਜਦਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਇੰਟਰਨਜ਼ ਨੂੰ ਕ੍ਰਮਵਾਰ 17000 ਅਤੇ 15000 ਪ੍ਰਤੀ ਮਹੀਨਾ ਸਟਾਈਪੰਡ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੇਂਦਰੀ ਮੈਡੀਕਲ ਸੰਸਥਾਨ ਆਪਣੇ ਇੰਟਰਨਜ਼ ਨੂੰ 23 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਟਾਈਪੰਡ ਦੇ ਰਹੇ ਹਨ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਕੇਂਦਰੀ ਸੰਸਥਾਨਾਂ ਦੀ ਤਰਜ਼ ਉੱਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਾਰੇ ਇੰਟਰਨਜ਼ ਦਾ ਸਟਾਈਪੰਡ ਵਧਾ ਕੇ 23000 ਰੁਪਏ ਪ੍ਰਤੀ ਮਹੀਂਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਅੰਦਰ ਕੋਵਿਡ-19 ਨਾਲ ਨਜਿੱਠਣ ਲਈ ਛੇਤੀ ਛੇਤੀ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ, ਇਹਨਾਂ ਇੰਟਰਨਜ਼ ਨੂੰ ਵੀ ਤੁਰੰਤ ਸਰਕਾਰੀ ਮੈਡੀਕਲ ਸੇਵਾ ਵਿਚ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਡਾਕਟਰਾਂ ਦੀ ਕਮੀ ਨੂੰ ਵੇਖਦੇ ਹੋਏ ਅਜਿਹਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।