ਪੀਜੀਆਈਐਮਈਆਰ ਅਤੇ ਸਿਹਤ ਮੰਤਰਾਲੇ ਵੱਲੋਂ ਕੋਵਿਡ-19 ਦੇ ਕਮਿਊਨਿਟੀ ਫੈਲਾਅ ਬਾਰੇ ਕੋਈ ਰਿਪੋਰਟ ਜਾਰੀ ਨਾ ਕਰਨ ਸੰਬੰਧੀ ਦਿੱਤੇ ਸਪੱਸ਼ਟੀਕਰਨ ਮਗਰੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਦੇਣ ਲਈ ਆਖਿਆ
ਚੰਡੀਗੜ੍ਹ/10ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਅਫਵਾਹਾਂ ਸੁਣ ਕੇ ਕੋਵਿਡ-19 ਬਾਰੇ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ, ਕਿਉਂਕਿ ਅਜਿਹੀ ਬਿਆਨਬਾਜ਼ੀ ਲੋਕਾਂ ਦਾ ਮਨੋਬਲ ਡੇਗ ਸਕਦੀ ਹੈ। ਪਾਰਟੀ ਨੇ ਕਿਹਾ ਕਿ ਉਹਨਾਂ ਵੱਲੋਂ ਪੀਜੀਆਈਐਮਈਆਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕੋਰੋਨਾਵਾਇਰਸ ਦੇ ਕਮਿਊਨਿਟੀ ਫੈਲਾਅ ਸੰਬੰਧੀ ਦਿੱਤੇ ਬਿਆਨ ਮਗਰੋਂ ਉਪਰੋਕਤ ਦੋਵੇ ਧਿਰਾਂ ਨੇ ਇਸ ਤੱਥ ਨੂੰ ਖਾਰਿਜ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਬਿਨਾਂ ਪੁਸ਼ਟੀ ਕੀਤੇ ਹੀ ਇੱਕ ਬਿਆਨ ਜਾਰੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੜੀ ਆਸਾਨੀ ਨਾਲ ਪੀਜੀਆਈਐਮਈਆਰ ਦੇ ਡਾਇਰੈਕਟਰ ਨੂੰ ਫੋਨ ਕਰਕੇ ਸਪੱਸ਼ਟ ਕਰ ਸਕਦਾ ਸੀ ਕਿ ਕੀ ਇਸ ਨੇ ਕੋਈ ਅਜਿਹੀ ਸਟੱਡੀ ਕੀਤੀ ਹੈ ਕਿ ਕੋਵਿਡ-19 ਸਤੰਬਰ ਵਿਚ ਚਰਮ ਸੀਮਾ ਉੱਤੇ ਪਹੁੰਚ ਜਾਵੇਗਾ ਅਤੇ 58 ਫੀਸਦੀ ਭਾਰਤੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਪੰਜਾਬ ਵਿਚ ਇਹ 87 ਫੀਸਦੀ ਲੋਕਾਂ 'ਚ ਫੈਲ ਸਕਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਹੁਣ ਪੀਜੀਆਈਐਮਈਆਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੋਵਾਂ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਸਿਹਤ ਮੰਤਰਾਲੇ ਨੇ ਸਪੱੱਸ਼ਟ ਕੀਤਾ ਹੈ ਕਿ ਭਾਰਤ ਵਿਚ ਇਸ ਮਹਾਂਮਾਰੀ ਦਾ ਕਮਿਊਨਿਟੀ ਫੈਲਾਅ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਦਿੱਤੀ ਮਾਨਸਿਕ ਪਰੇਸ਼ਾਨੀ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਤੁਰੰਤ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।