ਚੰਡੀਗੜ੍ਹ/13 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ, ਪਟਨਾ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰਨ ਲਈ ਆਖਣ।
ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਅਤੇ ਸ੍ਰੀ ਪਟਨਾ ਸਾਹਿਬ ਵਿਖੇ ਕਰੀਬ 2 ਹਜ਼ਾਰ ਸ਼ਰਧਾਲੂ ਫਸੇ ਹੋਏ ਹਨ। ਉਹਨਾਂ ਕਿਹਾ ਕਿ ਤਾਲਾਬੰਦੀ ਵਿਚ ਵਾਧਾ ਹੋਣ ਕਰਕੇ ਇਹਨਾਂ ਸ਼ਰਧਾਲੂਆਂ, ਜਿਹਨਾਂ ਵਿਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਹਨ, ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਸਥਾਨਾਂ ਉੱਤੇ ਉਹ ਗੁਰਦੁਆਰਾ ਸਾਹਿਬ ਅੰਦਰ ਬੰਦ ਹੋ ਕੇ ਰਹਿ ਗਏ ਹਨ ਅਤੇ ਗੁਰਦੁਆਰਾ ਪ੍ਰਬੰਧਕਾਂ ਦੁਆਰਾ ਉਹਨਾਂ ਲਈ ਖਾਣੇ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਬੀਬਾ ਬਾਦਲ ਨੇ ਚਿੱਠੀ ਵਿਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਹੁਣ 15 ਅਪ੍ਰੈਲ ਤੋਂ ਵਾਢੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਇਹਨਾਂ ਸ਼ਰਧਾਲੂਆਂ ਦੀ ਘਰਾਂ 'ਚ ਵਾਪਸੀ ਕਰਵਾਉਣਾ ਹੋਰ ਵੀ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਦੀ ਸਾਰੇ ਸਾਲ ਦੀ ਆਮਦਨ ਕਣਕ ਦੀ ਫਸਲ ਉਤੇ ਨਿਰਭਰ ਕਰਦੀ ਹੈ,ਜੋ ਕਿ ਉਹਨਾਂ ਦੇ ਰੁਜ਼ਗਾਰ ਦਾ ਇਕਲੌਤਾ ਵਸੀਲਾ ਹੈ।
ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਭਾਵੇਂਕਿ ਸਿੱਖ ਸ਼ਰਧਾਲੂਆਂ ਨੂੰ ਮਹਾਂਰਾਸ਼ਟਰ ਅਤੇ ਬਿਹਾਰ ਵਿਖੇ ਕੁਆਰੰਟੀਨ ਕੀਤਾ ਜਾ ਚੁੱਕਾ ਹੈ, ਪਰੰਤੂ ਪੰਜਾਬ ਲਈ ਰੇਲਗੱਡੀਆਂ ਵਿਚ ਚੜ੍ਹਾਉਣ ਤੋਂ ਪਹਿਲਾਂ ਉਹਨਾਂ ਦੀ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਸ਼ਰਧਾਲੂ ਪੰਜਾਬ ਪਹੁੰਚ ਜਾਂਦੇ ਹਨ ਤਾਂ ਇਹਨਾਂ ਨੂੰ ਅੱਗੇ ਘਰਾਂ ਤਕ ਪਹੁੰਚਾਉਣ ਦਾ ਬੰਦੋਬਸਤ ਕਰਨ ਲਈ ਸੂਬਾ ਸਰਕਾਰ ਨੂੰ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੁਰੱਖਿਆ ਦੇ ਤੌਰ ਤੇ ਪਿੰਡਾਂ ਵਿਚ ਜਾਣ ਤੋਂ ਪਹਿਲਾਂ ਇਹਨਾਂ ਸ਼ਰਧਾਲੂਆਂ ਦੀ ਇੱਕ ਵਾਰ ਫਿਰ ਸਕਰੀਨਿੰਗ ਕੀਤੀ ਜਾ ਸਕਦੀ ਹੈ।