ਕਿਹਾ ਕਿ ਕੇਂਦਰ 20 ਮਾਰਚ ਤੋਂ ਲੈ ਕੇ ਪੰਜਾਬ ਨੂੰ 3485 ਕਰੋੜ ਰੁਪਏ ਭੇਜ ਚੁੱਕਿਆ ਹੈ
ਕਿਹਾ ਕਿ ਕੇਂਦਰ ਦੁਆਰਾ 1.4 ਕਰੋੜ ਲੋਕਾਂ ਲਈ ਭੇਜਿਆ ਅਨਾਜ ਅਤੇ ਦਾਲਾਂ ਵੀ ਪੰਜਾਬ ਦੇ ਗੋਦਾਮਾਂ ਵਿਚ ਪਈਆਂ ਹਨ
ਚੰਡੀਗੜ੍ਹ/18 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਣ ਕਿ ਕੋਵਿਡ-19 ਸਦਕਾ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਦੁਆਰਾ 20 ਮਾਰਚ ਤੋਂ ਬਾਅਦ ਪੰਜਾਬ ਵਿਚ ਭੇਜੇ ਪੈਸੇ ਅਤੇ ਰਾਸ਼ਨ ਨੂੰ ਲੋਕਾਂ ਵਿਚ ਕਿਉਂ ਨਹੀਂ ਵੰਡਿਆ ਜਾ ਰਿਹਾ ਹੈ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਉਹ ਕੇਂਦਰ ਕੋਲੋਂ ਹੋਰ ਫੰਡ ਮੰਗਣ ਤੋਂ ਪਹਿਲਾਂ ਇਸ ਰਾਹਤ ਨੂੰ ਸੂਬੇ ਦੇ ਲੋਕਾਂ ਵਿਚ ਵੰਡ ਦੇਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੋਂ ਤਕ ਪੰਜਾਬ ਵੱਲੋਂ ਕੇਂਦਰ ਤੋਂ ਹਾਸਿਲ ਕੀਤੇ ਫੰਡਾਂ ਦਾ ਸੰਬੰਧ ਹੈ, ਸੂਬੇ ਨੂੰ ਹੁਣ ਤਕ ਕੇਂਦਰ ਸਰਕਾਰ ਵੱਲੋਂ 3485 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ਜਿਹਨਾਂ ਵਿੱਚ 2366 ਕਰੋੜ ਰੁਪਏ ਜੀਐਸਟੀ ਮੁਆਵਜ਼ਾ ਅਤੇ ਬਕਾਇਆ, 638 ਕਰੋੜ ਰੁਪਏ ਵਿੱਤੀ ਗਰਾਂਟ, 247 ਕਰੋੜ ਰੁਪਏ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਤਹਿਤ, 72 ਕਰੋੜ ਰੁਪਏ ਮਨਰੇਗਾ ਲਈ, 41 ਕਰੋੜ ਰੁਪਏ ਕੌਮੀ ਸਿਹਤ ਮਿਸ਼ਨ ਅਧੀਨ ਅਤੇ 72 ਕਰੋੜ ਰੁਪਏ ਪ੍ਰਧਾਨ ਮੰਤਰੀ ਵੱਲੋਂ ਸਿਹਤ ਸੰਭਾਲ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਲਾਨੇ ਪੈਕਜ ਤਹਿਤ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੂੰ ਕੇਂਦਰ ਵੱਲੋਂ 10.70 ਲੱਖ ਹਾਈਡਰੋਕਲੋਰੋਕੁਇਨ ਗੋਲੀਆਂ, 33,615 ਐਨ-95 ਮਾਸਕ ਅਤੇ 4500 ਪੀਪੀਈ ਕਿਟਾਂ ਦਿੱਤੀਆਂ ਜਾ ਚੁੱਕੀਆਂ ਹਨ।
ਬੀਬਾ ਬਾਦਲ ਨੇ ਕਿਹਾ ਕਿ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਕੋਲੋਂ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਸਣੇ ਵੱਖ ਵੱਖ ਵਿਭਾਗਾਂ ਕੋਲੋਂਂ ਇੰਨੇ ਫੰਡ ਹਾਸਿਲ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਕਰਫਿਊ ਦੌਰਾਨ ਸਭ ਤੋਂਂ ਵੱਧ ਤਕਲੀਫਾਂ ਭੋਗ ਰਹੇ ਲੋਕਾਂ ਦੀ ਮੱਦਦ ਕਿਉਂ ਨਹੀਂ ਕਰ ਰਹੀ ਹੈ? ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੇ ਸਿਹਤ ਕਾਮਿਆਂ ਨੂੰ ਅਜੇ ਤੀਕ ਐਨ-95 ਮਾਸਕ ਅਤੇ ਪੀਪੀਈ ਕਿਟਾਂ ਵੀ ਨਹੀਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਿਹਤ ਸੰਭਾਲ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਫੰਡ ਹਾਸਿਲ ਕਰਨ ਦੇ ਬਾਵਜੂਦ ਅਜੇ ਤੀਕ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਵੈਂਟੀਲੇਟਰ ਮੁਹੱਈਆ ਨਹੀਂ ਕਰਵਾਏ ਹਨ।
ਬੀਬਾ ਬਾਦਲ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਕੇਂਦਰ ਸਰਕਾਰ ਵੱਲੋਂ 26 ਮਾਰਚ ਤੋਂ ਬਾਅਦ ਪੰਜਾਬ ਦੀ ਅੱਧੀ ਆਬਾਦੀ ਯਾਨਿ 1.4 ਕਰੋੜ ਲੋਕਾਂ ਲਈ 15 ਕਿਲੋ ਆਟਾ ਅਤੇ ਤਿੰਨ ਕਿਲੋ ਦਾਲ æਪ੍ਰਤੀ ਪਰਿਵਾਰ ਭੇਜੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਰਾਸ਼ਨ ਅਜੇ ਤੀਕ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੈ ਅਤੇ ਇੱਕ ਵੀ ਘਰ ਤਕ ਨਹੀਂ ਪੁੱਜਿਆ ਹੈ। ਉਹਨਾਂ ਕਿਹਾ ਕਿ ਰਾਸ਼ਨ ਵੰਡਣ ਪ੍ਰਤੀ ਸਰਕਾਰ ਦਾ ਸੁਸਤ ਰਵੱਈਆ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਰਾਹਤ ਸਮੱਗਰੀ ਲੋੜਵੰਦਾਂ ਤਕ ਜਲਦੀ ਤੋਂ ਜਲਦੀ ਪਹੁੰਚਣੀ ਚਾਹੀਦੀ ਹੈ।
ਮੁੱਖ ਮੰਤਰੀ ਨੂੰ ਇਹਨਾਂ ਸਾਰੇ ਮੁੱਦਿਆਂ ਉੱਤੇ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ਉੇਤੇ ਜ਼ੋਰ ਦਿੱਤਾ ਕਿ ਇਸ ਸਮੇਂ ਸਹਿਯੋਗ ਦੀ ਸਭ ਤੋਂਂ ਵੱਧ ਲੋੜ ਹੈ। ਉਹਨਾਂ ਕਿਹਾ ਕਿ ਕੋਵਿਡ-19 ਕਾਰਣ ਪੈਦਾ ਹੋਈਆਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਕੇਂਦਰ ਨੇ ਬਹੁਤ ਫੁਰਤੀ ਨਾਲ ਫੰਡ ਜਾਰੀ ਕਰ ਦਿੱਤੇ ਹਨ। ਹੁਣ ਜਲਦੀ ਇਸ ਰਾਸ਼ਨ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਸਰਕਾਰ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਤੋਂ ਹੋਰ ਫੰਡ ਮੰਂਗਣ ਵਾਸਤੇ ਜ਼ੋਰ ਲਗਾਉਣ ਦੀ ਬਜਾਇ ਪਹਿਲਾਂ ਆ ਚੁੱਕੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਚਾਹੀਦਾ ਹੈ।