ਰੁਜ਼ਗਾਰ ਗੁਆ ਚੁੱਕੇ ਸਾਰੇ ਵਿਅਕਤੀਆਂ ਲਈ ਆਰਥਿਕ ਪੈਕਜ ਦੀ ਮੰਗ ਕੀਤੀ
ਕਿਹਾ ਕਿ ਸਰਕਾਰ ਨੂੰ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੀ ਨਗਦ ਮੱਦਦ ਦੇਣੀ ਚਾਹੀਦੀ ਹੈ
ਸਰਕਾਰ ਨੂੰ ਗੰਨਾ ਉਤਪਾਦਕਾਂ ਦੇ 1000 ਕਰੋੜ ਰੁਪਏ ਦੇ ਬਕਾਏ ਦੇਣ ਲਈ ਆਖਿਆ
ਅੰਮ੍ਰਿਤਸਰ/14 ਅਪ੍ਰੈਲ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਵਿਖੇ ਸਿਹਤ ਕਰਮਚਾਰੀਆਂ, ਆੜ੍ਹਤੀਆਂ, ਮਜ਼ਦੂਰਾਂ, ਪੁਲਿਸ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ ਤਕਰੀਬਨ 500 ਪੀਪੀਈ ਕਿਟਾਂ ਵੰਡੀਆਂ। ਇਸ ਤੋਂ ਇਲਾਵਾ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਪੀਪੀਈ ਕਿਟਾਂ ਦਿੱਤੀਆਂ।
ਅੱਜ ਮਜੀਠਾ ਹਲਕੇ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਆੜ੍ਹਤੀਆਂ ਅਤੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ, ਇਸ ਤੋਂ ਬਾਅਦ ਉਹ ਐਸਡੀਐਮ ਦਫ਼ਤਰ ਗਏ ਅਤੇ ਉਹਨਾਂ ਸਾਰੇ ਵਿਅਕਤੀਆਂ ਲਈ ਇੱਕ ਆਰਥਿਕ ਪੈਕਜ ਦੀ ਮੰਗ ਕੀਤੀ, ਜਿਹੜੇ ਆਪਣਾ ਰੁਜ਼ਗਾਰ ਗੁਆ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਦਿਹਾੜੀਦਾਰਾਂ ਦੇ ਖਾਤਿਆਂ ਵਿਚ 6 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਉਹਨਾਂ ਦੀ ਸਿੱਧੀ ਮੱਦਦ ਕਰਨੀ ਚਾਹੀਦੀ ਹੈ ਅਤੇ ਗੰਨਾ ਉਤਪਾਦਕਾਂ ਦੇ 1000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਣਕ ਉਤਪਾਦਕਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਿਛਲੇ ਮਹੀਨੇ ਹੋਈ ਬੇਮੌਸਮੀ ਬਾਰਿਸ਼ ਕਰਕੇ ਫਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਆਲੂ ਅਤੇ ਸ਼ਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਵੀ ਨਗਦ ਰਾਹਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹਨਾਂ ਔਖੇ ਸਮਿਆਂ ਵਿਚ ਦੁੱਧ ਉਤਪਾਦਕਾਂ ਦੇ ਹੋਰ ਰਹੇ ਨੁਕਸਾਨ ਦੀ ਭਰਪਾਈ ਲਈ ਉਹਨਾਂ ਨੂੰ 5 ਰੁਪਏ ਪ੍ਰਤੀ ਲੀਟਰ ਬੋਨਸ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਇਸ ਸੰਕਟ ਦੇ ਸਮੇਂ ਵਿਚ ਦੁੱਧ ਦਾ ਖਰੀਦ ਰੇਟ ਘਟਾ ਦਿੱਤਾ ਹੈ।
ਕੋਵਿਡ-19 ਦੇ ਮਰੀਜ਼ਾਂ ਦੀ ਸੰਭਾਲ ਵਿਚ ਜੁਟੇ ਡਾਕਟਰਾਂ, ਨਰਸਾਂ, ਐਂਬੂਲੈਂਸ ਸਟਾਫ ਅਤੇ ਬਾਕੀ ਸਿਹਤ ਕਾਮਿਆਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਸਾਰੇ ਲੋਕਾਂ ਵੱਲੋਂ ਇਸ ਸੰਕਟ ਦੀ ਘੜੀ ਵਿਚ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਇਹਨਾਂ ਦੀਆਂ ਤਨਖਾਹਾਂ ਤੁਰੰਤ ਦੁੱਗਣੀਆਂ ਕਰ ਦੇਣੀਆਂ ਚਾਹੀਦੀਆਂ ਹਨ। ਉਹਨਾਂ ਨੇ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ, ਜਿਸ ਨੇ ਪਟਿਆਲਾ ਵਿਖੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਮਲੇ ਮੌਕੇ ਪੂਰੀ ਬਹਾਦਰੀ ਅਤੇ ਠਰੰ੍ਹਮੇ ਦਾ ਸਬੂਤ ਦਿੱਤਾ, ਜਿਸ ਦੌਰਾਨ ਉਸ ਦਾ ਇੱਕ ਹੱਥ ਵੀ ਕੱਟਿਆ ਗਿਆ। ਉਹਨਾਂ ਕਿਹਾ ਕਿ ਸਮੁੱਚੀ ਪੁਲਿਸ ਫੋਰਸ ਲਈ ਇੱਕ ਬਹਾਦਰੀ ਦੀ ਮਿਸਾਲ ਕਾਇਮ ਕਰਨ ਵਾਲੇ ਇਸ ਪੁਲਿਸ ਕਰਮਚਾਰੀ ਨੂੰ ਸਨਮਾਨ ਵਜੋਂ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ।
ਮਜੀਠਾ ਵਿਧਾਇਕ ਨੇ ਇੱਥੇ ਦੀ ਦਾਣਾ ਮੰਡੀ ਵਿਚ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਣਕ ਦੀ ਖਰੀਦ ਦੌਰਾਨ ਇਸਤੇਮਾਲ ਕਰਨ ਲਈ ਦਸਤਾਨੇ ਅਤੇ ਮਾਸਕ ਵੰਡੇ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਨੇ ਅਪੀਲ ਕੀਤੀ ਕਿ ਮੰਡੀਆਂ ਵਿਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾ ਦਾ ਬੀਮਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਉਹਨਾਂ ਦਾ 200 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਉਹਨਾਂ ਨੂੰ ਕਣਕ ਦੀ ਫਸਲ ਦੀ ਅਦਾਇਗੀ ਮੌਕੇ ਕਿਸਾਨਾਂ ਨੂੰ ਦਿੱਤੇ ਕਰਜ਼ੇ ਦੇ ਪੈਸੇ ਕੱਟਣ ਦੀ ਆਗਿਆ ਦਿੱਤੀ ਜਾਵੇ। ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਉਹਨਾਂ ਦੇ ਮਸਲੇ ਸੂਬਾ ਸਰਕਾਰ ਕੋਲ ਉਠਾਉਣਗੇ।
ਬਾਅਦ ਵਿਚ ਅਕਾਲੀ ਆਗੂ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੂੰ ਵੀ ਮਿਲੇ। ਉਹਨਾਂ ਨੇ ਕੱਲ੍ਹ ਤੋਂਂ ਕਣਕ ਦੀ ਵਾਢੀ ਸ਼ੁਰੂ ਹੋਣ ਕਰਕੇ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਖੇਤਾਂ ਅਤੇ ਮੰਡੀਆਂ ਵਿਚ ਆਮਦ ਦੇ ਮੱਦੇਨਜ਼ਰ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਇਸ ਗੱਲ Aੁਤੇ ਵੀ ਜ਼ੋਰ ਦਿੱਤਾ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਸਮੇਂ ਪੂਰੀ ਪਾਰਦਰਸ਼ਿਤਾ ਹੋਣੀ ਚਾਹੀਦੀ ਹੈ ਅਤੇ ਖੁਲਾਸਾ ਕੀਤਾ ਕਿ ਕੁੱਝ ਕਾਂਗਰਸੀਆਂ ਵੱਲੋਂ ਸਰਕਾਰੀ ਰਾਹਤ ਸਮੱਗਰੀ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ।
ਸਰਦਾਰ ਮਜੀਠੀਆ ਮਜੀਠਾ ਵਿਚ ਡੀਐਸਪੀ ਅਤੇ ਐਸਡੀਐਮ ਦਫਤਰਾਂ ਵਿਚ ਵੀ ਗਏ, ਜਿੱਥੇ ਉਹਨਾਂ ਨੇ ਪੀਪੀਈ ਕਿੱਟਾਂ ਵਂੰਡੀਆਂ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਲਈ ਵੀ ਪੀਪੀਈ ਕਿਟਾਂ ਦਿੱਤੀਆਂ। ਉਹਨਾਂ ਨੇ ਸਿਵਲ, ਪੁਲਿਸ ਪ੍ਰਸਾਸ਼ਨ ਅਤੇ ਸਿਹਤ ਕਾਮਿਆਂ ਦਾ ਧੰਨਵਾਦ ਕੀਤਾ ਜੋ ਕਿ ਲੋਕਾਂ ਦੀ ਸੁਰੱਖਿਆ ਲਈ ਜੋਖ਼ਮ ਉਠਾ ਰਹੇ ਹਨ। ਉਹਨਾਂ ਨੇ ਵੱਖਰੇ ਤੌਰ ਤੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਡਿਊਟੀ ਕਰਦੇ ਸਮੇਂ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਸਰਦਾਰ ਮਜੀਠੀਆ ਨੇ ਪੱਤਰਕਾਰਾਂ ਨੂੰ ਪੀਪੀਈ ਕਿਟਾਂ ਵੀ ਦਿੱਤੀਆਂ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਹਨਾਂ ਵੱਲੋਂ ਹੋਰ ਪੀਪੀਈ ਕਿਟਾਂ ਵੰਡੀਆਂ ਜਾਣਗੀਆਂ।