ਚੰਡੀਗੜ੍ਹ/ਬਠਿੰਡਾ/12 ਅਪ੍ਰੈਲ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਖਾਲਸਾ ਸਥਾਪਨਾ ਦਿਵਸ ਉੱਤੇ ਖਾਲਸਾ ਪੰਥ ਨੂੰ ਵਧਾਈ ਦਿੱਤੀ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸ੍ਰੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹੀ ਮਨਾਉਣ। ਇਹਨਾਂ ਨਿਰਦੇਸ਼ਾਂ ਵਿਚ ਜਥੇਦਾਰ ਸਾਹਿਬ ਨੇ ਸਾਰੇ ਸਿੱਖਾਂ ਨੂੰ ਬਿਸਾਖੀ ਵਾਲੇ ਦਿਨ ਘਰਾਂ ਵਿਚ ਬੈਠ ਕੇ ਮੂਲ ਮੰਤਰ ਦਾ ਜਾਪ ਕਰਨ ਅਤੇ ਅਰਦਾਸ ਕਰਨ ਲਈ ਆਖਿਆ ਹੈ।
ਜਥੇਦਾਰ ਸਾਹਿਬ ਨੇ ਸਿੱਖ ਜਥੇਬੰਦੀਆਂ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਿਹਾੜੇ ਉੱਤੇ ਵੱਡੇ ਇਕੱਠ ਨਾ ਕਰਨ। ਉਹਨਾਂ ਨੇ ਇਸ ਦੀ ਬਜਾਇ ਸਿੱਖਾਂ ਨੂੰ ਇਹ ਦਿਹਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਿੱਧਾ ਪ੍ਰਸਾਰਿਤ ਹੁੰਦੇ ਗੁਰਬਾਣੀ ਕੀਰਤਨ ਨੂੰ ਸੁਣਦੇ ਹੋਏ ਮਨਾਉਣ ਲਈ ਆਖਿਆ ਹੈ।
ਬਿਸਾਖੀ ਦੇ ਮੌਕੇ ਉੱਤੇ ਦਿੱਤੇ ਆਪਣੇ ਸੁਨੇਹੇ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਿੱਖਾਂ ਲਈ ਬਿਸਾਖੀ ਚੜ੍ਹਦੀਕਲਾ ਅਤੇ ਸਰਬਤ ਦਾ ਭਲਾ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸਿੱਖ ਗਰੀਬਾਂ ਅਤੇ ਲੋੜਵੰਦਾ ਦੀ ਮੱਦਦ ਵਿਚ ਸਭ ਤੋਂ ਅੱਗੇ ਆ ਕੇ ਕੋਰੋਨਾ ਵਾਇਰਸ ਨਾਂ ਦੇ ਅਣਦਿਸਦੇ ਦੁਸ਼ਮਣ ਅਤੇ ਮਨੁੱਖਤਾ ਵਿਚਕਾਰ ਛਿੜੀ ਜੰਗ ਦੀ ਅਗਵਾਈ ਕਰ ਰਹੇ ਹਨ। ਇਹੀ ਭਾਵਨਾ ਮਨੁੱਖ ਜਾਤੀ ਲਈ ਇਸ ਚੁਣੌਤੀ ਨੂੰ ਪਾਰ ਕਰਨ ਵਿਚ ਸਹਾਈ ਹੋਵੇਗੀ। ਸਰਦਾਰ ਬਾਦਲ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਨਵੇਂ ਜੋਸ਼ ਨਾਲ ਸਰਬਤ ਦੇ ਭਲੇ ਵਾਸਤੇ ਜੁਟ ਜਾਣ।