ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੇ 500 ਕਰੋੜ ਦੇ ਬਕਾਏ ਹੋਰ ਕੰਮਾਂ ਲਈ ਖਰਚੇ
ਕਿਹਾ ਕਿ ਵਿੱਤ ਮੰਤਰੀ ਅਤੇ ਸਮਾਜ ਭਲਾਈ ਮੰਤਰੀ ਨੂੰ ਇਸ ਕੋਤਾਹੀ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ
ਚੰਡੀਗੜ•/27 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ 31 ਮਾਰਚ ਤਕ ਪੋਸਟ ਮੈਟ੍ਰਿਕ ਸਕੀਮ ਤਹਿਤ ਦਿੱਤੇ ਜਾਣ ਵਾਲੇ ਦਲਿਤ ਵਿਦਿਆਰਥੀਆਂ ਦੇ 500 ਕਰੋੜ ਰੁਪਏ ਦੇ ਬਕਾਇਆ ਵਜ਼ੀਫੇ ਜਾਰੀ ਨਾ ਕੀਤੇ, ਤਾਂ ਪਾਰਟੀ ਵੱਲੋਂ ਸਰਕਾਰ ਵਿਰੁੱਧ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ ਉਹਨਾਂ ਦਲਿਤ ਵਿਦਿਆਰਥੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਹਨਾਂ ਨੂੰ ਟਿਊਸ਼ਨ ਫੀਸ ਨਾ ਦੇਣ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਜਲੀਲ ਕੀਤਾ ਜਾ ਰਿਹਾ ਹੈ ਜਦਕਿ ਕੇਂਦਰੀ ਸਕੀਮ ਤਹਿਤ ਟਿਊਸ਼ਨ ਫੀਸ ਦੇਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਕੇਂਦਰ ਪਾਸੋਂ ਦਲਿਤ ਵਜ਼ੀਫਾ ਸਕੀਮ ਤਹਿਤ ਹਾਸਿਲ ਕੀਤੇ 270 ਕਰੋੜ ਰੁਪਏ ਗੈਰ-ਉਪਯੋਗੀ ਕੰਮਾਂ ਉੱਤੇ ਖਰਚ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਦਲਿਤ ਵਜ਼ੀਫਿਆਂ ਦੀ ਤਕਰੀਬਨ 250 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਸਰਕਾਰ ਵੱਲ ਬਕਾਇਆ ਖੜ•ੀ ਸੀ, ਜਿਸ ਨਾਲ ਹੁਣ ਸਰਕਾਰ ਵੱਲ ਦਲਿਤ ਵਿਦਿਆਰਥੀਆਂ ਦੇ 500 ਕਰੋੜ ਰੁਪਏ ਬਕਾਇਆ ਪਏ ਹਨ।
ਸ੍ਰੀ ਟੀਨੂੰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫੇ ਤਾਂ ਦਿੱਤੇ ਨਹੀਂ ਜਾ ਰਹੇ, ਪਰ ਕਾਂਗਰਸ ਸਰਕਾਰ ਨੇ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਕੋਲੋ ਦਾਖ਼ਲਾ ਫੀਸ ਵਸੂਲਣ ਦੀ ਆਗਿਆ ਜਰੂਰ ਦੇ ਦਿੱਤੀ ਹੈ, ਜੋ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਦਲਿਤ ਵਿਦਿਆਰਥੀਆਂ ਨੂੰ ਦੇਣੀ ਨਹੀ ਸੀ ਪੈਂਦੀ। ਉਹਨਾਂ ਕਿਹਾ ਕਿ ਵਜ਼ੀਫੇ ਨਾ ਮਿਲਣ ਕਰਕੇ ਪਿਛਲੇ ਇੱਕ ਸਾਲ ਦੌਰਾਨ ਕਾਲਜਾਂ ਵਿਚ ਦਲਿਤ ਵਿਦਿਆਰਥੀਆਂ ਦੀ ਗਿਣਤੀ ਤਿੰਨ ਲੱਖ ਤੋਂ ਘਟ ਕੇ 2 ਲੱਖ ਰਹਿ ਗਈ ਹੈ ਅਤੇ ਇਸ ਦੀ ਹੋਰ ਘਟਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਕਾਂਗਰਸ ਸਰਕਾਰ ਦਲਿਤ ਵਿਦਿਆਰਥੀਆਂ ਨੂੰ ਉਚੇਰੀ ਪੜ•ਾਈ ਕਰਕੇ 'ਘਰ ਘਰ ਨੌਕਰੀ ਸਕੀਮ' ਲਈ ਯੋਗ ਨਹੀਂ ਹੋਣ ਦੇਣਾ ਚਾਹੁੰਦੀ ਹੈ, ਜੋ ਕਿ ਅਜੇ ਤਕ ਸਿਰਫ ਕਾਗਜ਼ਾਂ ਉਤੇ ਹੀ ਪਈ ਹੈ।
ਹੋਰ ਜਾਣਕਾਰੀ ਦਿੰਦਿਆਂ ਸ੍ਰੀ ਟੀਨੂੰੂ ਨੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਬੰਧਕਾਂ ਨੇ ਇੱਕ ਨੋਟਿਸ ਲਗਾ ਕੇ ਦਲਿਤ ਵਿਦਿਆਰਥੀਆਂ ਨੂੰ ਆਪਣੀ ਵਜ਼ੀਫਾ ਫੀਸ ਜਮ•ਾਂ ਕਰਵਾਉਣ ਲਈ ਕਹਿ ਦਿੱਤਾ ਹੈ, ਅਤੇ ਚਿਤਾਵਨੀ ਦਿੱਤੀ ਹੈ ਕਿ ਨਹੀਂ ਤਾਂ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਜਿਹੇ ਨੋਟਿਸ ਬਹੁਤ ਸਾਰੇ ਪ੍ਰਾਈਵੇਟ ਕਾਲਜਾਂ ਵੱਲੋਂ ਵੀ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਇਹ ਸਥਿਤੀ ਹੋ ਗਈ ਹੈ ਕਿ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਜਿਹਨਾਂ ਦੀ ਵਜ਼ੀਫਾ ਫੀਸ ਸਰਕਾਰ ਵੱਲੋਂ ਅਦਾ ਨਹੀਂ ਕੀਤੀ ਗਈ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਬਹੁਤ ਸਾਰੀਆਂ ਥਾਂਵਾਂ ਉੱਤੇ ਵਿਦਿਆਰਥੀਆਂ ਵੱਲੋਂ ਅੰਦੋਲਨ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਉਹਨਾਂ ਨੇ ਲੁਧਿਆਣਾ-ਡੇਹਲੋ ਰੋਡ ਉੱਤੇ ਜਾਮ ਲਾਇਆ ਸੀ, ਪਰੰਤੂ ਇੰਝ ਜਾਪਦਾ ਹੈ ਕਿ ਬੋਲੀ ਸਰਕਾਰ ਨੇ ਵਿਦਿਆਰਥੀਆਂ ਦੀ ਕੋਈ ਫਰਿਆਦ ਨਹੀਂ ਸੁਣੀ। ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਇਸ ਮੁੱਦੇ ਨੂੰ ਉਠਾਏਗਾ ਅਤੇ ਇਸ ਦਾ ਨਿਬੇੜਾ ਕਰਵਾਏਗਾ। ਜੇਕਰ ਸਰਕਾਰ ਨੇ 31 ਮਾਰਚ ਤਕ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਨਾ ਕੀਤੇ ਤਾਂ ਅਸੀਂ ਦਲਿਤ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਇੱਕ ਤਿੱਖਾ ਅੰਦੋਲਨ ਸ਼ੁਰੂ ਕਰਾਂਗੇ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਦਲਿਤਾਂ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਾਲ ਗਰੀਬ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਸਕੂਲੀ ਵਰਦੀਆਂ ਨਹੀਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸ਼ਗਨ ਸਕੀਮ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਦਲਿਤਾਂ ਨੂੰ ਦਿੱਤੀ ਜਾਂਦੀ 200 ਯੂਨਿਟ ਪ੍ਰਤੀ ਮਹੀਨਾ ਮੁਫਤ ਅੰਸ਼ਿਕ ਬਿਜਲੀ ਦੀ ਸਹੂਲਤ ਵੀ ਖੋਹ ਲਈ ਗਈ ਹੈ ਅਤੇ ਉਹਨਾਂ ਉੱਤੇ ਹਜ਼ਾਰਾਂ ਰੁਪਏ ਬਿਲਾਂ ਦਾ ਬੋਝ ਪਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਦਲਿਤ ਕਾਂਗਰਸ ਪਾਰਟੀ ਤੋਂ ਇਹਨਾਂ ਧੱਕੇਸ਼ਾਹੀਆਂ ਦਾ ਹਿਸਾਬ ਲੈਣਗੇ।