ਚੋਣ ਕਮਿਸ਼ਨ ਪੱਖਪਾਤੀ ਹੈ ਅਤੇ ਭਰੇਸਯੋਗਤਾ ਗੁਆ ਚੁੱਕਿਆ ਹੈ: ਮਜੀਠੀਆ, ਚੀਮਾ
ਚੰਡੀਗੜ•/19 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ 'ਚ ਸਾਡੇ ਵੋਟ ਪਾਉਣ ਅਤੇ ਚੋਣ ਲੜਣ ਦੇ ਲੋਕਤੰਤਰੀ ਅਧਿਕਾਰ ਦੀ ਰਾਖੀ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਫੈਸਲਾ ਕੀਤਾ ਹੈ, ਕਿਉਂਕਿ ਅੱਜ ਮੁਕੰਮਲ ਹੋਈਆਂ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿਚ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪੁਲਿਸ ਸੁਰੱਖਿਆ ਹੇਠ ਭੇਜੇ ਕਾਂਗਰਸੀ ਗੁੰਡਿਆਂ ਨੇ ਵੱਡੇ ਪੱਧਰ ਉੱਤੇ ਹੇਰਾਫੇਰੀਆਂ ਕਰਕੇ ਸਾਡੇ ਇਸ ਅਧਿਕਾਰ ਉੱਤੇ ਡਾਕਾ ਮਾਰਿਆ ਹੈ।
ਇਹ ਗੱਲ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਹੀ। ਉਹਨਾਂ ਖੁਲਾਸਾ ਕੀਤਾ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਿਕ ਅੱਜ ਚੋਣਾਂ ਦੌਰਾਨ ਕਾਂਗਰਸੀ ਗੁੰਡਿਆਂ ਵੱਲੋਂ 62 ਪੋਲਿੰਗ ਬੂਥਾਂ ਉੱਤੇ ਕਬਜ਼ੇ ਕੀਤੇ ਗਏ ਹਨ।ਇਸ ਤੋਂ ਇਲਾਵਾ ਕਾਂਗਰਸੀਆਂ ਨੇ ਜਾਅਲੀ ਵੋਟਾਂ ਪਾ ਕੇ, ਵੱਡੇ ਪੱਧਰ ਉੱਤੇ ਹਿੰਸਾ ਕਰਕੇ ਅਤੇ ਚੋਣ ਅਧਿਕਾਰੀਆਂ ਨੂੰ ਧਮਕਾ ਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਵਾਈਆਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਇੰਨੀ ਧੱਕੇਸ਼ਾਹੀ ਕੀਤੀ ਕਿ 90 ਸਾਲ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਆਪਣੇ ਹਲਕੇ ਦੇ ਪੋਲਿੰਗ ਬੂਥਾਂ ਉੱਤੇ ਜਾਣਾ ਪਿਆ, ਜਿੱਥੇ ਚੋਣ ਅਧਿਕਾਰੀ ਨੇ ਮੀਡੀਆ ਸਾਹਮਣੇ ਦੱਸਿਆ ਕਿ ਕਾਂਗਰਸੀ ਆਗੂ ਪੋਲਿੰਗ ਬੂਥ ਦੇ ਅੰਦਰ ਆ ਵੜੇ ਸਨ ਅਤੇ ਉਹ ਇੱਕ ਬੇਵਸ ਦਰਸ਼ਕ ਬਣ ਕੇ ਰਹਿ ਗਿਆ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਆਪਣੀ ਸ਼ਕਤੀ ਗਿਰਵੀ ਰੱਖ ਚੁੱਕਿਆ ਹੈ, ਕਿਉਂਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਬੁਰੀ ਤਰ•ਾਂ ਨਾਕਾਮ ਸਾਬਿਤ ਹੋਇਆ ਹੈ। ਉਸ ਦਾ ਸਟੇਟ ਮਸ਼ੀਨਰੀ ਅਤੇ ਪੁਲਿਸ ਉੱਤੇ ਮਾਮੂਲੀ ਕੰਟਰੋਲ ਸੀ, ਜਿਸ ਕਰਕੇ ਕਾਂਗਰਸੀ ਮੰਤਰੀਆਂ ਨੇ ਇਹਨਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ।
ਅਕਾਲੀ ਆਗੂਆਂ ਨੇ ਦੱਸਿਆ ਕਿ ਬੂਥਾਂ ਉੱਤੇ ਕਬਜ਼ਿਆਂ ਦੌਰਾਨ ਕਾਂਗਰਸੀ ਗੁੰਡਿਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ। ਬਠਿੰਡਾ ਜ਼ਿਲ•ੇ ਦੇ ਪਿੰਡ ਦੂਲੇਵਾਲ ਵਿਚ ਜਦੋਂ ਅਕਾਲੀ ਵਰਕਰਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਗੁੰਡਿਆਂ ਨੇ ਗੋਲੀ ਚਲਾ ਦਿੱਤੀ, ਜਿਸ ਵਿਚ ਇੱਕ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਅਕਾਲੀ ਵਰਕਰ ਦਾ ਸਿਰ ਪਾੜ ਦਿੱਤਾ।
ਅਕਾਲੀ ਆਗੂਆਂ ਨੇ ਦੱਸਿਆ ਕਿ ਰਾਜ ਭਰ ਵਿਚ ਹਿੰਸਾ ਅਤੇ ਬੂਥਾਂ ਤੇ ਕਬਜ਼ਿਆਂ ਵਾਸਤੇ ਇੱਕ ਬਹੁਤ ਹੀ ਯੋਜਨਾਬੱਧ ਰਣਨੀਤੀ ਘੜੀ ਗਈ ਸੀ, ਜੋ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਉੱਚ-ਪੱਧਰੀ ਆਗੂਆਂ ਵੱਲੋਂ ਤਿਆਰ ਕੀਤੀ ਗਈ ਸੀ। ਇਹ ਘਟਨਾਵਾਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਹੋਈਆਂ ਹਨ, ਸਹਿਜ ਸੁਭਾਵਕ ਹੋਈ ਚੋਣ ਹਿੰਸਾ ਨਹੀਂ ਹਨ।
ਬੂਥਾਂ ਉੱਤੇ ਕਬਜ਼ਿਆਂ ਲਈ ਘੜੀ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦੀ ਅਗਵਾਈ ਵਿਚ ਕਾਂਗਰਸੀ ਟੋਲੇ ਜਾਅਲੀ ਵੋਟਾਂ ਭੁਗਤਾਉਣ ਲਈ ਪੋਲਿੰਗ ਬੂਥਾਂ ਉੱਤੇ ਪਹੁੰਚ ਗਏ। ਇੱਕ ਬੂਥ ਤੋਂ ਬਾਅਦ ਇਹ ਭੀੜ ਅਗਲੇ ਬੂਥ ਉੱਤੇ ਚਲੀ ਜਾਂਦੀ ਅਤੇ ਜੇਕਰ ਕੋਈ ਅਕਾਲੀ ਉਮੀਦਵਾਰ ਜਾਂ ਆਮ ਨਾਗਰਿਕ ਉਹਨਾਂ ਨੂੰ ਰੋਕਣ ਜਾਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਹਿੰਸਾ ਉੱਤੇ ਉੱਤਰ ਆਉਂਦੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਰਿਟਰਨਿੰਗ ਅਧਿਕਾਰੀ ਵੀਡਿਓ ਕੈਮਰੇ ਉੱਤੇ ਕਾਂਗਰਸ ਦੇ ਹੱਕ ਵਿਚ ਬੈਲਟ ਪੇਪਰਾਂ ਉੱਤੇ ਮੋਹਰਾਂ ਲਾਉਂਦਾ ਫੜਿਆ ਗਿਆ ਅਤੇ ਇਹ ਵੀਡਿਓ ਵਾਇਰਲ ਵੀ ਹੋ ਗਈ। ਪਰੰਤੂ ਫਿਰ ਵੀ ਰਾਜ ਚੋਣ ਕਮਿਸ਼ਨ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਉਹਨਾਂ ਦੱਸਿਆ ਕਿ ਡੇਰਾ ਬੱਸੀ ਵਿਚ ਪ੍ਰੀਜ਼ਾਈਡਿੰਗ ਅਧਿਕਾਰੀ ਨੂੰ ਮਿਲੇ ਬੈਲਟ ਪੇਪਰਾਂ ਉਤੇ ਪਹਿਲਾਂ ਹੀ ਕਾਂਗਰਸ ਦੀਆਂ ਮੋਹਰਾਂ ਲੱਗੀਆਂ ਹੋਈਆਂ ਸਨ।
ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਨੇ ਵੋਟਰਾਂ ਖਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੁੰ ਬੂਥਾਂ ਉੱਤੇ ਜਾਣ ਤੋਂ ਡਰਾ ਦਿੱਤਾ, ਜਿਸ ਕਰਕੇ ਬਹੁਤ ਘੱਟ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਉਹਨਾਂ ਦੱਸਿਆ ਕਿ ਬੂਥਾਂ ਉੱਤੇ ਕਬਜ਼ਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕਰਦੇ ਫੜੇ ਗਏ।ਪਰੰਤੂ ਪੁਲਿਸ ਨੇ ਉਹਨਾਂ ਖ਼ਿਲਾਫ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਚੁੱਪਚਾਪ ਖਿਸਕਣ ਦਿੱਤਾ।