ਮੰਡੀਆਂ ਦਾ ਦੌਰਾ ਕਰਕੇ ਖੁਲਾਸਾ ਕੀਤਾ ਕਿ ਨਮੀ ਮਾਪਣ ਵਾਲੀਆਂ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਹੈ
ਭ੍ਰਿਸ਼ਟ ਅਧਿਕਾਰੀਆਂ ਖਿਲਾਫ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਲਈ ਕਿਹਾ
ਬਠਿੰਡਾ/22 ਅਪ੍ਰੈਲ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਮੀ ਮਾਪਣ ਵਾਲੀਆਂ ਮਸ਼ੀਨਾਂ ਨਾਲ ਛੇੜਛਾੜ ਕਰਕੇ ਹੁਣ ਵੱਧ ਨਮੀ ਦੇ ਨਾਂ 'ਤੇ ਕਿਸਾਨਾਂ ਉੱਪਰ ਗੁੰਡਾ ਟੈਕਸ ਲਾਇਆ ਜਾ ਰਿਹਾ ਹੈ। ਉਹਨਾਂ ਨੇ ਅੰਨਦਾਤਾ ਖ਼ਿਲਾਫ ਇਸ 'ਫਿਰੌਤੀ ਘੁਟਾਲੇ' ਵਿਚ ਭਾਗੀਦਾਰ ਬਣਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਅੱਜ ਇੱਥੇ ਅਨਾਜ ਮੰਡੀ ਦਾ ਦੌਰਾ ਕਰਨ ਮਗਰੋਂ ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਲਕੁੱਲ ਨੱਕ ਥੱਲੇ ਇੱਕ ਨਵਾਂ ਗੁੰਡਾ ਟੈਕਸ ਵਧ ਫੁੱਲ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਤੀ ਅੱਖਾਂ ਮੀਟ ਰੱਖੀਆਂ ਹਨ ਜਦਕਿ ਕਿਸਾਨਾਂ ਨੂੰ ਸ਼ਰੇਆਮ ਮੰਡੀਆਂ ਵਿਚ ਲੁੱਟਿਆ ਜਾ ਰਿਹਾ ਹੈ।
ਇਸ ਮੌਕੇ ਬਠਿੰਡਾ ਸਾਂਸਦ ਨੇ ਕਿਸਾਨਾਂ ਨਾਲ ਕੀਤੀ ਜਾ ਰਹੀ ਠੱਗੀ ਦਾ ਵੀ ਪਰਦਾਫਾਸ਼ ਕੀਤਾ। ਉਹਨਾਂ ਨੇ ਨਮੀ ਜਾਂਚਣ ਵਾਲੀ ਇੱਕ ਮਸ਼ੀਨ ਦੀ ਪਰਖ ਕੀਤੀ, ਜਿਸ ਤੋਂ ਖੁਲਾਸਾ ਹੋਇਆ ਕਿ ਉਸ ਮਸ਼ੀਨ ਨਾਲ ਛੇੜਛਾੜ ਕੀਤੀ ਗਈ ਸੀ। ਖਾਲੀ ਪਈ ਵੀ 5 ਫੀਸਦੀ ਨਮੀ ਵਿਖਾਉਣ ਵਾਲੀ ਇਸ ਮਸ਼ੀਨ ਨੇ ਸਾਬਿਤ ਕੀਤਾ ਕਿ ਅਧਿਕਾਰੀਆਂ ਨੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਲਈ ਵੱਧ ਨਮੀ ਦਾ ਹਊਆ ਖੜ੍ਹਾ ਕੀਤਾ ਹੈ। ਦੂਜੀਆਂ ਮਸ਼ੀਨਾਂ ਨਾਲ ਵੀ ਇਸੇ ਤਰ੍ਹਾਂ ਛੇੜਛਾੜ ਕੀਤੀ ਗਈ ਸੀ।
ਇਸ ਤੋਂ ਬਾਅਦ ਬੀਬੀ ਬਾਦਲ ਨੇ ਕਣਕ ਦੀ ਖਰੀਦ ਦੇ ਕਾਰਜਾਂ ਵਿਚ ਲੱਗੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵੱਧ ਨਮੀ ਦੇ ਨਾਂ ਉਤੇ ਕਿਸਾਨਾਂ ਨੂੰ ਮੰਡੀਆਂ ਵਿਚ ਪਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਨੇ ਕਿਸਾਨਾਂ ਨੂੰ ਵੀ ਚੌਕਸ ਰਹਿਣ ਅਤੇ ਜਾਣ ਬੁੱਝ ਕੇ ਖਰਾਬ ਕੀਤੀਆਂ ਇਹਨਾਂ ਮਸ਼ੀਨਾਂ ਦੇ ਡਰਾਵੇ ਵਿਚ ਨਾ ਆਉਣ ਲਈ ਕਿਹਾ, ਜਿਹਨਾਂ ਨੂੰ ਉਹਨਾਂ ਕੋਲੋਂ ਪੈਸੇ ਕਢਵਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਇੱਕਜੁਟ ਹੋ ਕੇ ਕਿਸਾਨਾਂ ਕੋਲੋਂ ਗੁੰਡਾ ਟੈਕਸ ਵਸੂਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦੇਣ।
ਬੀਬੀ ਬਾਦਲ ਨੇ ਕਿਹਾ ਕਿ ਅਨਾਜ ਮੰਡੀਆਂ ਵਿਚ ਉੱਪਰ ਤੋਂ ਲੈ ਕੇ ਥੱਲੇ ਤਕ ਭ੍ਰਿਸ਼ਟਾਚਾਰ ਨੇ ਇਸ ਲਈ ਪੈਰ ਪਸਾਰ ਲਏ ਹਨ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਗਿਰਦਾਵਰੀ ਦੇ ਨਾਂ ਉੱਤੇ ਠੱਗਿਆ ਗਿਆ ਅਤੇ ਹਾਲ ਹੀ ਵਿਚ ਹੋਈ ਬੇਮੌਸਮੀ ਬਾਰਿਸ਼ ਅਤੇ ਝੱਖੜ ਨਾਲ ਕਣਕ ਦੀ ਫਸਲ ਦੇ ਹੋਏ ਭਾਰੀ ਨੁਕਸਾਨ ਨੂੰ ਮਾਲ ਅਧਿਕਾਰੀਆਂ ਵੱਲੋਂ ਬਹੁਤ ਮਾਮੂਲੀ ਕਰਕੇ ਵਿਖਾਇਆ ਗਿਆ। ਹੁਣ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਖਰੀਦ ਕਾਰਜਾਂ ਨਾਲ ਜੁੜੇ ਅਧਿਕਾਰੀਆਂ ਵੱਲੋਂ ਵੱਧ ਨਮੀ ਦੇ ਨਾਂ ਉੱਤੇ ਅਨਾਜ ਮੰਡੀਆਂ ਵਿਚ ਸੰਸਥਾਗਤ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਤੋਂ ਨਹੀਂ ਰੋਕਿਆ ਗਿਆ, ਜਿਸ ਤਰ੍ਹਾਂ ਕਿ ਹੁਣ ਕਾਂਗਰਸ ਦੇ ਰਾਜ ਵਿਚ ਹੋ ਰਿਹਾ ਹੈ।
ਮੁੱਖ ਮੰਤਰੀ ਨੂੰ ਸੁਸਤੀ ਤਿਆਗ ਕੇ ਪ੍ਰਸਾਸ਼ਿਨਕ ਕੰਮਾਂ ਵੱਲ ਧਿਆਨ ਦੇਣ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਸਾਰੇ ਅਧਿਕਾਰੀਆਂ ਖ਼ਿਲਾਫ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ, ਜੋ ਮੰਡੀਆਂ ਵਿਚ ਭ੍ਰਿਸ਼ਟਾਚਾਰ ਫੈਲਾ ਰਹੇ ਹਨ ਅਤੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਅਨਾਜ ਮੰਡੀਆਂ ਵਿਚ ਵੱਧ ਅਧਿਕਾਰੀ ਤਾਇਨਾਤ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਕਣਕ ਵੇਚਣ ਲਈ ਲੰਬਾ ਸਮਾਂ ਮੰਡੀਆਂ ਵਿਚ ਉਡੀਕ ਨਾ ਕਰਨੀ ਪਵੇ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਬਿਲਕੁੱਲ ਹੀ ਬੇਪਰਵਾਹ ਹੋਇਆ ਬੈਠਾ ਹੈ। ਉਹ ਕਿਸਾਨਾਂ ਕੋਲ ਜਾ ਕੇ ਉਹਨਾਂ ਦੀ ਸਮੱਸਿਆਵਾਂ ਦੂਰ ਕਰਨ ਦੀ ਥਾਂ ਚੰਡੀਗੜ੍ਹ ਵਿਚ ਬੈਠਾ ਫੋਕੀ ਬਿਆਨਬਾਜ਼ੀ ਕਰ ਰਿਹਾ ਹੈ।