ਚੰਡੀਗੜ੍ਹ/06 ਸਤੰਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਦਰ-ਨਾਂਦੇੜ ਰੇਲਵੇ ਲਾਇਨ ਨੂੰ ਹਰੀ ਝੰਡੀ ਦੇਣ ਕਈ ਕੇਂਦਰੀ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਬੀਬਾ ਬਾਦਲ ਨੇ ਕੁੱਝ ਸਮਾਂ ਪਹਿਲਾਂ ਰੇਲਵੇ ਮੰਤਰਾਲੇ ਨੂੰ ਬੀਦਰ ਅਤੇ ਨਾਂਦੇੜ ਵਿਚਕਾਰ ਰੇਲਵੇ ਲਾਇਨ ਦੀ ਉਸਾਰੀ ਲਈ ਲੋੜੀਂਦੇ ਕਦਮ ਚੁੱਕਣ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪਰਕਾਸ਼ ਪੁਰਬ ਮਨਾ ਰਹੇ ਸਿੱਖ ਭਾਈਚਾਰੇ ਲਈ ਇਹ ਸਭ ਤੋਂ ਵੱਡਾ ਤੋਹਫਾ ਹੋਵੇਗਾ।
ਇਸ ਸੰਬੰਧੀ ਬੀਬਾ ਬਾਦਲ ਨੂੰ ਲਿਖੀ ਚਿੱਠੀ ਵਿਚ ਰੇਲ ਮੰਤਰੀ ਨੇ ਕਿਹਾ ਹੈ ਕਿ 2018-19 ਲਈ ਨਵੇਂ ਰੇਲਵੇ ਲਾਇਨ ਪ੍ਰਾਜੈਕਟਾਂ ਦੀ ਸੂਚੀ ਵਿਚ 155 ਕਿਲੋਮੀਟਰ ਲੰਬੇ ਇਸ ਰੇਲ ਪ੍ਰਾਜੈਕਟ ਨੂੰ ਸ਼ਾਮਿਲ ਕਰਨ ਦੇ ਨਾਲ ਨਾਲ ਮੰਤਰਾਲੇ ਨੇ ਫਾਈਨਲ ਜਗ੍ਹਾ ਦਾ ਸਰਵੇਖਣ ਅਤੇ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ (ਡੀਪੀਆਰ) ਵੀ ਤਿਆਰ ਕਰ ਲਈ ਹੈ।
ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਰੇਲਵੇ ਮੰਤਰਾਲੇ ਨੂੰ ਜਾਣੂ ਕਰਵਾਇਆ ਸੀ ਕਿ ਨਾਂਦੇੜ ਅਤੇ ਬੀਦਰ ਵਿਚਕਾਰ ਰੋਜ਼ਾਨਾ 3 ਹਜ਼ਾਰ ਤੋਂ ਵੱਧ ਸ਼ਰਧਾਲੂ ਸੜਕ ਰਾਹੀਂ ਯਾਤਰਾ ਕਰਦੇ ਹਨ। ਉਹਨਾਂ ਦੱਸਿਆ ਸੀ ਕਿ ਇਹਨਾਂ ਦੋਵੇਂ ਸ਼ਹਿਰਾਂ ਵਿਚ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਹਨ, ਜਿਹਨਾਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪੀ ਸੀ ਅਤੇ ਬੀਦਰ ਵਿਖੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਹੈ।ਉਹਨਾਂ ਨੇ ਰੇਲ ਮੰਤਰੀ ਦੇ ਧਿਆਨ ਵਿਚ ਇਹ ਗੱਲ ਵੀ ਲਿਆਂਦੀ ਸੀ ਕਿ ਝੀਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਬੀਦਰ ਵਿਚ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਇੰਜਨੀਅਰ ਕਾਲਜ ਵੀ ਸਥਾਪਤ ਕੀਤਾ ਹੋਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਇਸ 155 ਕਿਲੋਮੀਟਰ ਦੇ ਫਾਸਲੇ ਉੱਤੇ ਰੇਲਵੇ ਲਾਇਨ ਦੇ ਨਿਰਮਾਣ ਅਤੇ ਰੇਲ ਗੱਡੀਆਂ ਸ਼ੁਰੂ ਹੋਣ ਨਾਲ ਆਲੇ ਦੁਆਲੇ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ, ਬੀਬਾ ਬਾਦਲ ਨੇ ਕਿਹਾ ਕਿ ਇਹ ਰੇਲ ਲਿੰਕ ਸ਼ਰਧਾਲੂਆਂ ਲਈ ਬੀਦਰ ਤੋਂ ਨਾਂਦੇੜ ਅਤੇ ਫਿਰ ਨਾਂਦੇੜ-ਜੰਮੂ ਹਮਸਫ਼ਰ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਦੀ ਯਾਤਰਾ ਕਰਨਾ ਆਸਾਨ ਬਣਾ ਦੇਵੇਗਾ।