ਬੀਬਾ ਬਾਦਲ ਕੱਲ੍ਹ ਨੂੰ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਡਾਕਟਰ ਜਯਸ਼ੰਕਰ ਨੂੰ ਮਿਲਣਗੇ
ਚੰਡੀਗੜ੍ਹ/12 ਜੂਨ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਡਾਕਟਰ ਐਸ ਜਯਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਇਰਾਕ ਦੇ ਇਰਬਿਲ ਸ਼ਹਿਰ ਵਿਚ ਫਸੇ 7 ਪੰਜਾਬੀ ਨੌਜਵਾਨਾਂ ਦੀ ਵਾਪਸੀ ਵਾਸਤੇ ਲੋੜੀਂਦਾ ਸਹਿਯੋਗ ਪ੍ਰਦਾਨ ਕਰਨ ਲਈ ਇਰਾਕ ਵਿਚ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਦੇਣ।
ਬੀਬਾ ਬਾਦਲ ਕੱਲ੍ਹ ਨੂੰ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨਾਲ ਡਾਕਟਰ ਐਸ ਜਯਸ਼ੰਕਰ ਨੂੰ ਵੀ ਮਿਲਣਗੇ। ਇਸ ਸੰਬੰਧ ਵਿਚ ਉਹਨਾਂ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਇਰਾਕ ਵਿਚ ਫਸੇ ਸੱਤ ਪੰਜਾਬੀ ਨੌਜਵਾਨਾਂ ਦੀ ਜਲਦੀ ਸਹੀ ਸਲਾਮਤ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਬਹੁਤ ਹੀ ਮਾੜੀ ਹਾਲਤ ਹੈ, ਕਿਉਂਕਿ ਵਰਕ ਪਰਮਿਟ ਨਾ ਹੋਣ ਕਰਕੇ ਉਹ ਆਪਣੇ ਗੁਜ਼ਾਰੇ ਵਾਸਤੇ ਕੰਮ ਵੀ ਨਹੀਂ ਕਰ ਸਕਦੇ। ਬੀਬਾ ਬਾਦਲ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਵਿਚ ਵਾਪਸ ਲਿਆਉਣ ਲਈ ਹਵਾਈ ਟਿਕਟਾਂ ਦਾ ਖਰਚਾ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ।
ਇਸ ਕੇਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਦੋ ਟਰੈਵਲ ਏਜੰਟਾਂ ਦੁਆਰਾ ਇਰਾਕ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸੱਤ ਨੌਜਵਾਨਾਂ ਨੂੰ ਠੱਗਿਆ ਗਿਆ ਸੀ। ਉਹਨਾਂ ਕਿਹਾ ਕਿ ਏਜੰਟਾਂ ਨੇ ਉਹਨਾਂ ਦੇ ਜਰੂਰੀ ਦਸਤਾਵੇਜ਼ ਤਿਆਰ ਕਰਵਾਉਣ ਦੇ ਪੈਸੇ ਲੈ ਲਏ, ਪਰ ਉਹਨਾਂ ਨੂੰ ਇਹ ਦਸਤਾਵੇਜ਼ ਸੌਂਪੇ ਨਹੀਂ, ਜਿਹਨਾਂ ਨਾਲ ਉਹ ਇਰਾਕ ਵਿਚ ਕੰਮ ਕਰਨ ਦੇ ਯੋਗ ਹੋ ਜਾਂਦੇ। ਉਹਨਾਂ ਕਿਹਾ ਕਿ ਨੌਜਵਾਨਾਂ ਨੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀ ਵਾਪਸੀ ਵਾਸਤੇ ਅਪੀਲ ਕੀਤੀ ਹੈ ਅਤੇ ਉਹਨਾਂ ਧੋਖੇਬਾਜ਼ ਏਜੰਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਿਹਨਾਂ ਨੇ ਉਹਨਾਂ ਨੂੰ ਬਿਨਾਂ ਪਹਿਚਾਣ ਪੱਤਰਾਂ ਤੋਂ ਬਿਗਾਨੇ ਮੁਲਕ ਵਿਚ ਰੁਲਣ ਲਈ ਛੱਡ ਦਿੱਤਾ।
ਕੇਂਦਰੀ ਮੰਤਰੀ ਨੇ ਡਾਕਟਰ ਜਯਸ਼ੰਕਰ ਦਾ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸਮਾਂ ਦੇਣ ਵਾਸਤੇ ਧੰਨਵਾਦ ਕੀਤਾ ਤਾਂ ਕਿ ਉਹ ਉਹਨਾਂ ਨੂੰ ਨੌਜਵਾਨਾਂ ਨੂੰ ਇਰਾਕ ਵਿਚ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾ ਸਕਣ।