ਚੰਡੀਗੜ੍ਹ/06 ਨਵੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਸਾੜਣ ਦੇ ਰੁਝਾਣ ਨੂੰ ਰੋਕਣ ਲਈ ਸਾਂਸਦਾਂ ਨੂੰ ਆਪਣੇ ਅਖਤਿਆਰੀ ਕੋਟੇ (ਐਮਪੀਐਲਏਡੀ) ਵਿਚੋਂ ਆਪਣੇ ਹਲਕਿਆਂ ਦੇ ਕਿਸਾਨਾਂ ਨੂੰ ਰਹਿੰਦ ਖੂੰਹਦ ਹਟਾਉਣ ਵਾਲੀਆਂ ਅਤੇ ਸੁਪਰ ਸੀਡਰ ਮਸ਼ੀਨਾਂ ਖਰੀਦਣ ਲਈ ਫੰਡ ਦੇਣ ਦੀ ਆਗਿਆ ਦੇਣ।
ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰੀ ਭਾਰਤ ਵਿਚ ਪਰਾਲੀ ਜਲਾਉਣ ਦੇ ਰੁਝਾਣ ਦਾ ਇੱਕ ਵੱਡਾ ਕਾਰਨ ਮਹਿੰਗੀ ਮਸ਼ੀਨਰੀ ਵੀ ਹੈ, ਜਿਸ ਨੂੰ ਗਰੀਬ ਕਿਸਾਨ ਨਹੀਂ ਖਰੀਦ ਸਕਦੇ। ਉਹਨਾਂ ਕਿਹਾ ਕਿ ਭਾਵੇਂ ਕਿ ਕੇਂਦਰ ਸਰਕਾਰ ਦੁਆਰਾ 'ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਐਨਸੀਟੀ ਵਿਚ ਫਸਲੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ਨੀਰੀ ਦਾ ਵਿਸਥਾਰ' ਨਾਂ ਦੀ ਸਕੀਮ ਤਹਿਤ ਕਿਸਾਨਾਂ ਨੂੰ ਰਹਿੰਦ ਖੂੰਹਦ ਨੂੰ ਸਾੜਣ ਤੋਂ ਰੋਕਣ ਲਈ ਸਬਸਿਡੀ ਦਿੱਤੀ ਜਾਂਦੀ ਹੈ। ਪਰੰਤੂ ਇਹਨਾਂ ਮਸ਼ੀਨਾਂ ਦੀ ਗਿਣਤੀ ਲੋੜ ਨਾਲੋਂ ਬਹੁਤ ਜ਼ਿਆਦਾ ਘੱਟ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਸ ਕੰਮ ਲਈ ਲੋੜੀਂਦੀ ਮਹਿੰਗੀ ਮਸ਼ੀਨਰੀ ਦੀ ਅਣਹੋਂਦ ਕਰਕੇ ਕਿਸਾਨਾਂ ਕੋਲ ਫਸਲੀ ਰਹਿੰਦ ਖੂੰਹਦ ਨੂੰ ਟਿਕਾਣੇ ਲਾਉਣ ਦਾ ਹੋਰ ਕੋਈ ਰਸਤਾ ਨਹੀਂ ਹੈ।
ਪੂਰੇ ਖੇਤਰ ਨੂੰ ਗੈਸ ਚੈਂਬਰ ਬਣਾ ਦੇਣ ਵਾਲੇ ਪਰਾਲੀ ਸਾੜਣ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਲੋੜੀਂਦੇ ਯਤਨ ਕਰਨ ਦੀ ਬੇਨਤੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਜੇਕਰ ਸਾਂਸਦਾਂ ਨੂੰ ਪੰਚਾਇਤਾਂ, ਐਫਐਸਓਜ਼ ਅਤੇ ਕਿਸਾਨ ਗਰੁੱਪਾਂ ਵਾਸਤੇ ਬੇਲਰਜ਼ ਅਤੇ ਦੂਜੀ ਮਸ਼ੀਨਰੀ ਖਰੀਦਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪਰਾਲੀ ਸਾੜਣ ਦੇ ਰੁਝਾਣ ਨੂੰ ਨੱਥ ਪਵੇਗੀ, ਜਿਸ ਨਾਲ ਪੂਰੇ ਖੇਤਰ ਅੰਦਰ ਹਵਾ ਪ੍ਰਦੂਸ਼ਣ ਘੱਟ ਹੋਵੇਗਾ।
ਇਹ ਟਿੱਪਣੀ ਕਰਦਿਆਂ ਕਿ ਪਰਾਲੀ ਸਾੜਣ ਦਾ ਰੁਝਾਣ ਨਾ ਸਿਰਫ ਵਾਤਾਵਰਣ ਪਲੀਤ ਕਰ ਰਿਹਾ ਹੈ, ਸਗੋਂ ਇਹ ਜ਼ਮੀਨ ਅੰਦਰਲੇ ਉਪਜਾਊ ਤੱਤਾਂ ਨੂੰ ਨਸ਼ਟ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਾ ਰਿਹਾ ਹੈ, ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨੂੰ ਟਿਕਾਣੇ ਲਾਉਣ ਲਈ ਲੋੜੀਂਦੀ ਮਹਿੰਗੀ ਮਸ਼ੀਨਰੀ ਖਰੀਦ ਕੇ ਦੇਣ ਲਈ ਸਾਂਸਦਾਂ ਨੂੰ ਆਪਣੇ ਅਖਤਿਆਰੀ ਫੰਡਾਂ ਦਾ ਇਸਤੇਮਾਲ ਕਰਨ ਦੀ ਤਾਕਤ ਦੇਣ।