ਬਠਿੰਡਾ/02 ਮਈ:ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼ਹਿਰ ਦੇ ਵਕੀਲਾਂ ਨੂੰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਰਿਪੋਰਟ ਕਾਰਡ ਵੇਖ ਕੇ ਵੋਟ ਪਾਉਣ ਦਾ ਫੈਸਲਾ ਕਰਨ ਲਈ ਆਖਦਿਆਂ ਕਿਹਾ ਕਿ ਉਹ ਬੀਬੀ ਬਾਦਲ ਦੀ ਕਾਰਗੁਜ਼ਾਰੀ ਵੇਖ ਕੇ ਉਹਨਾਂ ਦੀ ਹਮਾਇਤ ਕਰਨ ਅਤੇ ਆਪਣੇ ਸਕੇ ਸੰਬੰਧੀਆਂ ਨੂੰ ਅਕਾਲੀ ਆਗੂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ।
ਇੱਥੇ ਬਾਰ ਐਸੋਸੀਏਸ਼ਨ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਾਂਗਰਸੀ ਜਾਂ ਦੂਜੇ ਵਿਰੋਧੀ ਉਮੀਦਵਾਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਸਿਰਫ ਆਪਣੇ ਭੈਣਜੀ ਅਤੇ ਕੇਂਦਰੀ ਮੰਤਰੀ ਸਾਰੇ ਵਕੀਲ ਭਾਈਚਾਰੇ ਕੋਲੋਂ ਹਮਾਇਤ ਮੰਗੀ। ਉਹਨਾਂ ਕਿਹਾ ਕਿ ਵਕੀਲ ਅਤੇ ਨਿਆਂਪਾਲਿਕਾ ਲੋਕਤੰਤਰ ਦਾ ਥੰਮ ਹੁੰਦੇ ਹਨ, ਇਸ ਲਈ ਉਹਨਾਂ ਨੂੰ ਸਹੀ ਢੰਗ ਨਾਲ ਵੋਟ ਦਾ ਇਸਤੇਮਾਲ ਕਰਨ ਲਈ ਲੋਕਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਦੇ ਭੈਣਜੀ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ 1991 ਵਿਚ ਵਿਆਹ ਹੋਇਆ ਸੀ, ਜੋ ਕਿ ਬਾਅਦ ਵਿਚ ਸੂਬੇ ਦੇ ਡਿਪਟੀ ਮੁੱਖ ਮੰਤਰੀ ਬਣ ਗਏ ਸਨ। ਉਹਨਾਂ ਦੱਸਿਆ ਕਿ ਉਸ ਸਮੇਂ ਉਹ ਇੱਕ ਨੌਜਵਾਨ ਲੜਕਾ ਸੀ ਅਤੇ ਅਕਸਰ ਬਠਿੰਡੇ ਆਉਂਦਾ ਹੁੰਦਾ ਸੀ। ਉਸ ਸਮੇਂ ਬਠਿੰਡਾ ਬਹੁਤ ਪਛੜਿਆ ਹੋਇਆ ਇਲਾਕਾ ਹੁੰਦਾ ਸੀ, ਜਿੱਥੇ ਟੁੱਟੀਆਂ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਦਾ ਮਾੜਾ ਹਾਲ ਸੀ।
ਪਰੰਤੂ ਉਸ ਤੋਂ ਬਾਅਦ ਇੱਥੇ ਹੋਏ ਸਰਬਪੱਖੀ ਵਿਕਾਸ ਨਾਲ ਇਸ ਸ਼ਹਿਰ ਦੀ ਕਾਇਆ ਹੀ ਪਲਟ ਗਈ ਹੈ। ਜਿਸ ਦਾ ਸਿਹਰਾ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਾਂਦਾ ਹੈ, ਜਿਹਨਾਂ ਨੇ ਸੰਸਦ ਮੈਂਬਰ ਵਜੋਂ ਪਹਿਲੇ ਪੰਜ ਸਾਲਾਂ ਦੌਰਾਨ ਅਣਥੱਕ ਮਿਹਨਤ ਕੀਤੀ। ਉਸ ਤੋਂ ਬਾਅਦ ਜਦੋਂ ਉਹ ਕੇਂਦਰੀ ਮੰਤਰੀ ਬਣੇ ਤਾਂ ਉਹ ਇਸ ਹਲਕੇ ਅੰਦਰ ਬਹੁਤ ਸਾਰੇ ਵੱਕਾਰੀ ਪ੍ਰਾਜੈਕਟ ਲੈ ਕੇ ਆਏ।
ਹਰਸਿਮਰਤ ਬਾਦਲ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਬਠਿੰਡਾ ਵਿਚ ਇੱਕ ਕੇਂਦਰੀ ਯੂਨੀਵਰਸਿਟੀ ਅਤੇ ਏਮਜ਼ ਲੈ ਕੇ ਆਏ ਹਨ, ਜਿਸ ਨਾਲ ਇਸ ਸਮੁੱਚੇ ਖੇਤਰ ਦਾ ਸਰਬਪੱਖੀ ਵਿਕਾਸ ਹੋਵੇਗਾ।
ਉਹਨਾਂ ਅੱਗੇ ਦੱਸਿਆ ਕਿ ਦੇਸ਼ ਵਿਚ ਚੋਣਾਂ ਦੇ ਚਾਰ ਪੜਾਵਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਨਰਿੰਦਰ ਮੋਦੀ ਸਰਕਾਰ ਦੁਬਾਰਾ ਬਣ ਰਹੀ ਹੈ। ਉਹਨਾਂ ਕਿਹਾ ਕਿ ਨਵੀਂ ਸਰਕਾਰ ਵਿਚ ਬੀਬੀ ਬਾਦਲ ਦੀ ਵਧੇਰੇ ਅਹਿਮ ਭੂਮਿਕਾ ਹੋਵੇਗੀ ਅਤੇ ਉਹ ਬਠਿੰਡਾ ਨੂੰ ਨਿਰਮਾਣ ਕਾਰਜਾਂ ਦਾ ਗੜ੍ਹ ਬਣਾਉਣ ਵਾਸਤੇ ਜ਼ੋਰ ਲਾਉਣਗੇ, ਜਿਸ ਨਾਲ ਇਸ ਖੇਤਰ ਵਿਚ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਪੈਦਾ ਹੋਣਗੇ ਅਤੇ ਛੋਟੇ ਨਿਵੇਸ਼ਕਾਰਾਂ ਨੂੰ ਨਿਰਮਾਣ ਯੂਨਿਟਾਂ ਅੰਦਰ ਨਿਵੇਸ਼ ਕਰਨ ਦੇ ਮੌਕੇ ਮਿਲਣਗੇ।
ਸੀਨੀਅਰ ਬਾਦਲ ਬਾਰੇ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਹਨ, ਜਿਹਨਾਂ ਨੇ ਪੰਜਾਬ ਅਤੇ ਖਾਸ ਕਰਕੇ ਬਠਿੰਡਾ ਦੇ ਵਿਕਾਸ ਵਿਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਹਨ। ਉਹ ਸਿਰਫ ਵੱਡੇ ਸਿਆਸਦਾਨ ਵਜੋਂ ਹੀ ਨਹੀਂ, ਸਗੋਂ ਇੱਕ ਪਿਤਾ ਸਮਾਨ ਹਸਤੀ ਹੋਣ ਕਰਕੇ ਵੀ ਸਨਮਾਨਯੋਗ ਹਨ।