ਕਿਹਾ ਕਿ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਦਦ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ 'ਚ ਨਿਵੇਸ਼ ਸਹੂਲਤ ਸੈਲ ਸਥਾਪਿਤ ਕੀਤਾ
ਚੰਡੀਗੜ•, 22 ਜੁਨ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤੀ ਸੁਪਰ ਫੂਡਸ ਦਾ ਪੱਛਮੀ ਮੁਲਕਾਂ 'ਚ ਮੰਡੀਕਰਣ ਕਰਨ ਦਾ ਸੱਦਾ ਦਿੱਤਾ ਕਿਉਂਕਿ ਇਹ ਕੋਰੋਨਾ ਖਿਲਾਫ ਵਧੇਰੇ ਕਾਰਗਰ ਹਨ ਤੇ ਉਹਨਾਂ ਨੇ ਵਿਸ਼ਵ ਭਰ ਦੀਆਂ ਰਿਟੇਲ ਆਊਟਲੈਟਸ ਵਿਚ ਰੇਡੀ ਟੂ ਈਟ ਵੰਨਗੀ ਦਾ ਭਾਰਤੀ ਖਾਣਾ ਵਧਾਉਣ 'ਤੇ ਜ਼ੋਰ ਦਿੱਤਾ।
ਕੇਂਦਰੀ ਮੰਤਰੀ, ਜੋ ਕਿ ਫੂਡ ਪ੍ਰੋਸੈਸਿੰਗ ਐਕਸਕਲੂਜ਼ਿਵ ਇਨਵੈਸਟਮੈਂਟ ਫੋਰਮ ਆਫ ਇਨਵੈਸਟ ਇੰਡੀਆ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਕਿਹਾ ਕਿ ਦੁਨੀਆਂ ਭਰ ਵਿਚ ਇਸ ਵੇਲੇ ਸਾਰਾ ਧਿਆਨ ਪੌਸ਼ਟਿਕ ਖਾਣੇ 'ਤੇ ਹੈ ਤੇ ਇਹ ਸਹੀ ਸਮਾਂ ਹੈ ਜਦੋਂ ਅਸੀਂ ਵਿਸ਼ਵ ਫੂਡ ਮਾਰਕੀਟ ਵਿਚ ਭਾਰਤੀ ਛਾਪ ਤੇਜ਼ੀ ਨਾਲ ਵਧਾਈਏ। ਉਹਨਾਂ ਕਿਹਾ ਕਿ ਉਹਨਾਂ ਦੇ ਮੰਤਰਾਲੇ ਨੇ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤ ਵਿਚ ਵਪਾਰ ਕਰਨ ਵਿਚ ਮਦਦ ਵਾਸਤੇ ਇਨਵੈਸਟ ਇੰਡੀਆ ਵਿਖੇ ਇਕ ਨਿਵੇਸ਼ ਸਹੂਲਤ ਸੈਲ ਸਥਾਪਿਤ ਕੀਤਾ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਸ਼ਵ ਨੂੰ ਅੱਜ ਨਵੀਂਆਂ ਚੁਣੌਤੀਆਂ ਦਰਪੇਸ਼ ਹਨ ਜਿਸ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਇਕ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ ਤੇ ਇਹ ਯਕੀਨੀ ਬਣਾ ਸਕਦਾ ਹੈ ਕਿ ਲਾਕ ਡਾਊਨ ਪੂਰੀ ਤਰ•ਾਂ ਸਫਲ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਨਾਲ ਇਕ ਹੋਰ ਵੱਡਾ ਮੁੱਦਾ ਟਰਾਂਸਪੋਰਟੇਸ਼ਨ ਤੇ ਸਪਲਾਈ ਚੇਨ ਨਾ ਹੋਣ ਕਾਰਨ ਖਾਣੇ ਦੀ ਵੱਡੀ ਬਰਬਾਦੀ ਦਾ ਹੈ। ਉਹਨਾਂ ਕਿਹਾ ਕਿ ਇਹਨਾ ਮੁੱਦਿਆਂ ਨੇ ਨਵੇਂ ਮੌਕੇ ਵੀ ਮੈਦਾ ਕੀਤੇ ਹਨ ਜਿਸ ਸਦਕਾ 180 ਵਿਸ਼ਵ ਨਿਵੇਸ਼ਕ, ਛੇ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਇਕੋ ਸਮੇਂ ਇਕ ਥਾਂ 'ਤੇ ਇਕੱਠੇ ਹੋਏ ਹਨ। ਉਹਨਾਂ ਕਿਹਾ ਕਿ ਸਾਰੇ ਖੇਤਰਾਂ ਵਿਚ ਬਹੁਤ ਸਾਰੇ ਮੌਕੇ ਹਨ ਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਫੰਡ ਕੀਤੇ ਪ੍ਰਾਜੈਕਟਾਂ ਨੂੰ ਹਾਲ ਹੀ ਵਿਚ ਨਵੇਂ ਖੇਤਰਾਂ ਤੋਂ ਨਵੇਂ ਆਰਡਰ ਵੀ ਮਿਲੇ ਹਨ।
ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕੇਂਦਰ ਸਰਕਾਰ ਨੇ ਫੂਡ ਪ੍ਰੋਸੈਸਿੰਗ ਸੈਕਟਰ ਦੀ ਮਦਦ ਵਾਸਤੇ ਪ੍ਰਾਜੈਕਟ ਡਵੈਲਪਮੈਂਟ ਸੈਲ ਤੇ ਸਕੱਤਰਾਂ ਦੇ ਉਚ ਤਾਕਤੀ ਗਰੁੱਪ ਵੀ ਸਥਾਪਿਤ ਕੀਤੇ ਹਨ। ਉਹਨਾਂ ਕਿਹਾ ਕਿ ਜਿਸ ਮੁਲਕ ਤੋਂ ਕੰਪਨੀਆਂ ਦਰਾਮਦਾਂ ਕਰ ਰਹੀਆਂ ਸਨ, ਉਹਨਾਂ ਤੋਂ ਪਿੱਛੇ ਹਟ ਰਹੀਆਂ ਹਨ ਤੇ ਇਹ ਸਹੀ ਸਮਾਂ ਹੈ ਜਦੋਂ ਰਾਜ ਤੇ ਕੇਂਦਰ ਸਰਕਾਰਾਂ ਇਕੱਠੀਆਂ ਹੋਣ ਤੇ ਮੌਕਾ ਸੰਭਾਲਣ।
ਇਸ ਦੌਰਾਨ ਫੋਰਮ ਵਿਚ ਨੀਤੀਗਤ ਲਾਭ, ਉਦਯੋਗਿਕ ਜ਼ੋਨ, ਬੁਨਿਆਦੀ ਢਾਂਚੇ ਦੀ ਸਮਰਥਾ ਅਤੇ ਨਿਵੇਸ਼ਕ ਦੀ ਸਹੂਲਤ ਲਈ ਸੇਵਾਵਾਂ ਸਮੇਤ ਨਿਵੇਸ਼ ਸਬੰਧੀ ਕਈ ਫੈਸਲਿਆਂ ਦੇ ਅਹਿਮ ਪਹਿਲੂਆਂ 'ਤੇ ਵੀ ਚਰਚਾ ਕੀਤੀ ਗਈ ਤਾਂ ਕਿ ਭਾਰਤ ਨੂੰ ਅਗਲਾ ਵਿਸ਼ਵ ਨਿਵੇਸ਼ ਦਾ ਧੁਰਾ ਬਣਾਇਆ ਜਾ ਸਕੇ। ਫੋਰਮ ਵਿਚ ਕੇਂਦਰ ਸਰਕਾਰ ਤੇ ਆਂਧਰਾ ਪ੍ਰਦੇਸ਼, ਆਸਾਮ, ਮੱਧ ਪ੍ਰਦੇਸ਼, ਪੰਜਾਬ, ਤਿਲੰਗਾਨਾ ਅਤੇ ਉੱਤਰ ਪ੍ਰਦੇਸ਼ ਸਮੇਤ ਛੇ ਰਾਜ ਸਰਕਾਰਾਂ ਦੇ ਸੀਨੀਅਰ ਨੀਤੀ ਘਾੜਿਆਂ ਨੇ ਵੀ ਸ਼ਮੂਲੀਅਤ ਕੀਤੀ। 18 ਮੁਲਕਾਂ ਤੋਂ 180 ਕੰਪਨੀਆਂ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ।
ਨਿਵੇਸ਼ ਫੋਰਮ ਵੈਬੀਨਾਰ ਵਿਚ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਮੇਸ਼ਵਰ ਤੇਲੀ, ਆਂਧਰਾ ਪ੍ਰਦੇਸ਼ ਨਿਵੇਸ਼, ਬੁਨਿਆਦੀ ਢਾਂਚਾ, ਉਦਯੋਗ ਤੇ ਵਣਜ ਮੰਤਰੀ ਮੇਕਾਪਤੀ ਗੌਤਮ ਰੈਡੀ, ਆਸਾਮ ਦੇ ਉਦਯੋਗ ਮੰਤਰੀ ਚੰਦਰ ਮੋਹਨ ਪਟਵਾਰੀ ਅਤੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੇਇੰਦਰ ਸਿੰਗਲਾ ਨੇ ਵੀ ਸ਼ਮੂਲੀਅਤ ਕੀਤੀ।