ਚੰਡੀਗੜ੍ਹ,10 ਫਰਵਰੀ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਾ ਸਿਰਫ ਕੇਂਦਰ ਸਰਕਾਰ ਕਿਸਾਨੀ ਜਿਣਸਾਂ ਦੀ ਐਮ ਐਸ ਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦਾ ਭਰੋਸਾ ਦੇਣ ਤੋਂ ਇਨਕਾਰ ਕਰ ਰਹੀ ਹੈ ਬਲਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ ਸੀ ਆਈ) ਨੂੰ ਖ਼ਤਮ ਕਰਨ ਵੱਲ ਵੱਧ ਰਹੀ ਹੈ।
ਕੱਲ੍ਹ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਆਪਣੀ ਗੱਲ ਰੱਖਦਿਆਂ ਸ੍ਰੀਮਤੀ ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ 2011 ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤੇ ਮੁੱਖ ਮੰਤਰੀਆਂ ਦੀ ਵਰਕਿੰਗ ਕਮੇਟੀ ਦੇ ਚੇਅਰਮੈਨ ਸਨ ਉਦੋਂ ਉਹਨਾਂ ਸਿਫਾਰਸ਼ ਕੀਤੀ ਸੀ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸਾਨਾਂ ਦੀ ਜਿਣਸ ਐਮ ਐਸ ਪੀ ਤੋਂ ਘੱਟ ਰੇਟ ’ਤੇ ਖਰੀਦਣ ’ਤੇ ਪਾਬੰਦੀ ਲਾਉਣ ਦੀ ਕਾਨੂੰਨੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹੀ ਗੱਲ ਹੁਣ ਦੇਸ਼ ਪਰ ਦੇ ਕਿਸਾਨ ਮੰਗ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਬਦਲ ਗਿਆ ਹੈ ਤੇ ਕਿਉਂਕਿ ਸਰਕਾਰ ਉਹਨਾਂ ਦੀ ਇਹ ਮੰਗ ਤੇ ਖੇਤੀ ਕਾਨੂੰਨ ਰੱਦ ਕਰਨ ਤੇ ਕਿਸਾਨਾਂ, ਨੌਜਵਾਨਾਂ ਤੇ ਸਮਾਜਿਕ ਕਾਰਕੁੰਨਾਂ ਖਿਲਾਫ ਕੇਸ ਵਾਪਸ ਲੈਣ ਅਤੇ ਇਹਨਾਂ ਖਿਲਾਫ ਸਰਕਾਰੀ ਏਜੰਸੀਆਂ ਦੀ ਵਰਤੋਂ ਬੰਦ ਕਰਨ ਦੀ ਮੰਗ ਕਿਉਂ ਨਹੀਂ ਮੰਨ ਰਹੇ।
ਸ੍ਰੀਮਤੀ ਬਾਦਲ ਨੇ 26 ਜਨਵਰੀ ਨੁੰ ਵਾਪਰੀ ਹਿੰਸਾ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਕਿਹਾ ਕਿ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿ ਉਸ ਕੌਮ ਨੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ ਜਿਸਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ 70 ਫੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਇਹ ਗੱਲ ਕਿਉਂ ਨਹੀਂ ਰਿਹਾ ਹੈ ਕਿ 26 ਜਨਵਰੀ ਨੁੰ ਵਾਪਰੀ ਹਿੰਸਾ ਦੇ ਮਾਮਲੇ ਵਿਚ ਖੁਫੀਆ ਤੰਤਰ ਦੀ ਅਸਫਲਤਾ ਦੀ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕੇਂਦਰ ਸਰਕਾਰ ਨੂੰ 25 ਜਨਵਰੀ ਨੁੰ ਇਹ ਪਤਾ ਲੱਗ ਗਿਆ ਸੀ ਕਿ ਕੁਝ ਲੋਕ ਲਾਲ ਕਿਲ੍ਹੇ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਉਸਨੇ ਰਾਹ ਬੰਦ ਕਿਉਂ ਨਹੀਂ ਕੀਤਾ ਪਰ ਇਹ ਰਾਹ ਬੰਦ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਸਰੀ ਨਿਸ਼ਾਨ ਨੂੰ ਮਾੜਾ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਚੇਤੇ ਕਰਵਾਉਣਾ ਚਾਹੁੰਦੀ ਹਾਂ ਕਿ ਇਹ ਉਹੀ ਕੇਸਰੀ ਨਿਸ਼ਾਨ ਹੈ ਜੋ ਅਨੇਕਾਂ ਵਾਰ ਪ੍ਰਧਾਨ ਮੰਤਰੀ ਨੇ ਆਪਣੇ ਸਿਰ ’ਤੇ ਬੰਨਿ੍ਹਆ ਹੈ।
ਸਾਬਕਾ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ‘ਵਿਚੋਲੀਆ’, ਨਕਸਲੀ ਤੇ ਖਾਲਿਸਤਾਨੀ ਦੱਸਿਆ ਗਿਆ। ਉਹਨਾਂ ਕਿਹਾ ਕਿ ਇਹ ਵੀ ਕਿਹਾ ਗਿਆ ਕਿ ਜੋ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ ਉਹ ਏ ਕੇ 47 ਰਾਈਫਲਾਂ ਲੈ ਕੇ ਬੈਠੇ ਹਨ। ਉਹਨਾਂ ਪੁੱਛਿਆ ਕਿ ਕੌਣ ਖੇਤਾਂ ਵਿਚ ਏ ਕੇ 47 ਰਾਈਫਲਾਂ ਉਗਾਉਂਦਾ ਹੈ ? ਉਹਨਾਂ ਕਿਹਾ ਕਿ ਕੇਂਦਰ ਦਾ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਗਟਾ ਰਹੇ ਕਿਸਾਨਾਂ ਪ੍ਰਤੀ ਰਵੱਈਆ ਬਹੁਤ ਮਾੜਾ ਹੈ ਕਿਉਂਕਿ ਇਸਨੇ ਇਕ ਵੀ ਮੰਤਰੀ ਦੀ ਜ਼ਿੰਮੇਵਾਰੀ ਕੜਾਕੇ ਦੀ ਠੰਢ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਭਲਾਈ ਵਾਸਤੇ ਗੱਲ ਕਰਨ ਲਈ ਨਹੀਂ ਲਗਾਈ।
ਸ੍ਰੀਮਤੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਕੇਂਦਰੀ ਮੰਤਰੀ ਮੰਡਲ ਨੂੰ ਆਖਿਆ ਸੀ ਕਿ ਉਹ ਤਿੰਨ ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰੇ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ ਲਈ ਖੇਤੀਬਾੜੀ ਮੰਤਰੀ ਨੂੰ ਪੱਤਰ ਵੀ ਲਿਖਿਆ ਤੇ ਦੱਸਿਆ ਕਿ ਕਿਸਾਨਾਂ ਨੂੰ ਉਹਨਾਂ ਦੇ ਭਰੋਸਿਆਂ ਨਾਲ ਤਸੱਲੀ ਨਹੀਂ ਹੈ। ਉਹਨਾਂ ਕਿਹਾ ਕਿ ਮੈਨੂੰ ਇਹ ਭਰੋਸਾ ਦੁਆਇਆ ਗਿਆ ਸੀ ਕਿ ਇਹਨਾਂ ਬਿੱਲਾਂ ਬਾਰੇ ਸੰਸਦ ਵਿਚ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ ਪਰ ਬਾਅਦ ਵਿਚ ਸਰਕਾਰ ਨੇ ਇਹ ਬਿੱਲ ਧੱਕੇ ਲਾਲ ਸੰਸਦ ਵਿਚ ਪਾਸ ਕਰਵਾਏ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੰਨਦਾਤਾ ਦਾ ਸਾਥ ਦਿੰਦਿਆਂ ਕੇਂਦਰੀ ਵਜ਼ਾਰਤ ਵੀ ਛੱਡ ਦਿੱਤੀ ਤੇ ਐਨ ਡੀ ਏ ਨਾਲ ਭਾਈਵਾਲੀ ਵੀ ਖਤਮ ਕਰ ਦਿੱਤੀ।