ਚੰਡੀਗੜ੍ਹ, 15 ਦਸੰਬਰ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਤਿੰਨ ਖੇਤੀਬਾੜੀ ਮੰਡੀਕਰਣ ਰੱਦ ਕਰਨ ਦੀ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾੀਰ ਤੋਂ ਭੱਜ ਰਹੀ ਹੈ। ਉਹਨਾਂ ਮੰਗ ਕੀਤੀ ਕਿ ਤਿੰਨ ਖੇਤੀ ਕਾਨੂੰਨਾਂ ਨੁੰ ਕਿਸਾਨਾਂ ਦੀ ਇੱਛਾ ਅਨੁਸਾਰ ਰੱਦ ਕਰਨ ਵਾਸਤੇ ਸੰਸਦ ਦਾ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੀ ਐਮ ਪੀ ਨੇ ਕਿਹਾ ਕਿ ਕੇਂਦਰ ਜਾਣਦਾ ਹੈ ਕਿ ਕੀ ਗਲਤ ਹੈ। ਇਹ ਜਾਣਦਾ ਹੈ ਕਿ ਉਸਨੇ ਖੇਤੀਬਾੜੀ ਵਿਸ਼ੇ ’ਤੇ ਕਾਨੂੰਨ ਬਣਾ ਦਿੱਤੇ ਹਨ ਜਦਕਿ ਇਹ ਰਾਜ ਸੂਚੀ ਦਾ ਵਿਸ਼ਾ ਹੈ ਅਤੇ ਸਾਰੇ ਰਾਜਾਂ ਦੇ ਕਿਸਾਨਾਂ ਨੇ ਤਿੰਨ ਖੇਤੀ ਕਾਨੁੰਨਾਂ ਨੂੰ ਰੱਦ ਕਰ ਦਿੱਤਾ ਹੈ। ਕੇਂਦਰ ਜਾਣਦਾ ਹੈ ਕਿ ਉਹ ਇਸ ਮਾਮਲੇ ’ਤੇ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਤੇ ਇਹ ਵੀ ਜਾਣਦਾ ਹੈ ਕਿ ਕਿਉਂ ਉਸਨੇ ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰ ਦਿੱਤਾ ਹੈ।
ਇਸ ਕਦਮ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੰਸਦ ਮੈਂਬਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੇ ਮੌਕੇ ਤੋਂ ਖੁੰਝ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ਵਿਚ ਅਣਕਿਆਸੇ ਹਾਲਾਤ ਵਿਚ ਬੈਠੇ ਹਨ ਅਤੇ ਸੰਸਦ ਮੈਂਬਰ ਇਸੇ ਗੱਲ ਨੂੰ ਪ੍ਰਮੁੱਖਤਾ ਨਾਲ ਰੱਖਣਾ ਚਾਹੁੰਦੇ ਸੀ। ਮੈਂਬਰ ਸਰਕਾਰ ’ਤੇ ਤਿੰਨ ਖੇਤੀ ਕਾਨੂੰਨ ਜੋ ਕਿਸਾਨਾਂ ਨੇ ਰੱਦ ਕਰ ਦਿੱਤੇ ਹਨ, ਰੱਦ ਕਰਨ ਲਈ ਵੀ ਦਬਾਅ ਬਣਾਉਣਾ ਚਾਹੁੰਦੇ ਸੀ। ਜਦੋਂ ਲੋਕ ਹੀ ਨਹੀਂ ਚਾਹੁੰਦੇ ਤਾਂ ਫਿਰ ਇਹ ਕਾਨੂੰਨ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ।
ਕਾਲੇ ਕਾਨੂੰਨ ਰੱਦ ਕਰਨ ਲਈ ਸੰਸਦ ਦਾ ਇਕ ਰੋਜ਼ਾ ਇਜਲਾਸ ਸੱਦੇ ਜਾਣ ਦੀ ਮੰਗ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਕ ਰੋਜ਼ਾ ਸੈਸ਼ਨ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਦੇ ਹਨ ਅਤੇ ਸਰਕਾਰ ਨੂੰ ਇਸ ਮਾਮਲੇ ਵਿਚ ਬਹਾਨੇਬਾਜ਼ੀ ਨਹੀਂ ਕਰਨੀ ਚਾਹੀਦੀ।
ਸ੍ਰੀਮਤੀ ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਹੰਕਾਰੀ ਤੇ ਹਠਧਰਮੀ ਨਾ ਬਣੀ ਰਹੇ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਉਸਨੇ ਕਥਿਤ ‘ਗਿਫਟ’ ਨੂੰ ਕਿਸਾਨ ਭਾਈਚਾਰਾ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਸਮੇਂ ਦੀ ਮੰਗ ਹੈ ਕਿ ਜੋ ਗਿਫਤ ਲੈਣ ਵਾਲਾ ਨਹੀਂ ਲੈਣਾ ਚਾਹੁੰਦਾ, ਉਸਨੂੰ ਤੁਸੀਂ ਵਾਪਸ ਲਵੋ। ਉਹਨਾਂ ਨੇ ਇਹ ਵੀ ਆਖਿਆ ਕਿ ਇਸ ਸੰਘਰਸ਼ ਵਿਚ ਹੁਣ ਤੱਕ 20 ਕਿਸਾਨ ਆਪਣੀ ਜਾਨ ਕੁਰਬਾਨ ਕਰ ਚੁੱਕੇ ਹਨ ਅਤੇ ਉਹਨਾਂ ਸਰਕਾਰ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ ਕਿ ਹੋਰ ਕਿੰਨੇ ਕਿਸਾਨ ਸ਼ਹਾਦਤਾਂ ਪਾਉਣ ਜਿਸ ਮਗਰੋਂ ਸਰਕਾਰ ਉਹਨਾਂ ਦੀ ਗੱਲ ਸੁਣੇਗੀ।
ਸ੍ਰੀਮਤੀ ਬਾਦਲ ਨੇ ਕਾਂਗਰਸ ਪਾਰਟੀ ਨੁੰ ਵੀ ਆਖਿਆ ਕਿ ਉਹ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰੇ ਅਤੇ ਦੋਹਰੇ ਮਾਪਦੰਡ ਨਾ ਅਪਣਾਏ। ਉਹਨਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਦਰਸਾਏ ਰਾਹ ’ਤੇ ਚਲ ਰਹੇ ਹਨ ਅਤੇ ਕਿਸਾਨਾਂ ਨੂੰ ਆਪਣਾ ਧਰਨਾ ਚੁੱਕਣ ਵਾਸਤੇ ਆਖ ਰਹੇ ਹਨ ਜਦਕਿ ਦੂਜੇ ਪਾਸੇ ਕਾਂਗਰਸ ਦੇ ਬਹੁ ਗਿਣਤੀ ਐਮ ਪੀ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਅਣਜਾਣ ਹਨ ਅਤੇ ਉਹ ਦਿੱਲੀ ਵਿਚ ਧਰਨਾ ਦੇ ਕੇ ਕਿਸਾਨਾਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੈ ਅਤੇ ਇਹ ਬਹੁਤ ਹੀ ਨਿੰਦਣਯੋਗੋ ਗੱਲ ਹੈ ਕਿ ਉਸਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਰੱਦ ਕਰਨ ਲਈ ਸਹਿਮਤੀ ਦੇ ਦਿੱਤੀ ਹੈ।