ਬਰੇਟਾ ਰੋਡ ਸ਼ੋਅ ਨੇ ਸਾਰੇ ਰਿਕਾਰਡ ਤੋੜੇ, ਸਾਰਾ ਕਸਬਾ '23 ਮਾਰਚ, ਕਾਂਗਰਸ ਗਈ' ਦੇ ਨਾਅਰਿਆਂ ਨਾਲ ਗੂੰਜਿਆ
ਬਠਿੰਡਾ/17 ਮਈ: ਅੱਜ ਇੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਲੋਕ ਉਹਨਾਂ ਦੀ ਹਮਾਇਤ ਵਿਚ ਸੜਕਾਂ ਉੱਤੇ ਉੱਤਰੇ ਅਤੇ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਗਾਂਹਵਧੂ ਨੀਤੀਆਂ ਦੇ ਹੱਕ ਵਿਚ ਆਪਣੀ ਵੋਟ ਪਾਉਣਗੇ।
ਬਰੇਟਾ ਮੰਡੀ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਵਾਗਤ ਕੀਤਾ। ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਨੂੰ ਦਿੱਤਾ ਹਰ ਵੋਟ ਸ਼ਾਂਤੀ ਤੇ ਭਾਈਚਾਰਕ ਸਾਂਝ ਤੋਂ ਇਲਾਵਾ ਇਸ ਹਲਕੇ ਅਤੇ ਦੇਸ਼ ਦੇ ਵਿਕਾਸ ਲਈ ਦਿੱਤਾ ਵੋਟ ਹੋਵੇਗਾ।
'ਜਿੱਤੂਗਾ ਬਈ ਜਿੱਤੂਗਾ, ਤੱਕੜੀ ਵਾਲਾ ਜਿੱਤੂਗਾ' ਦੇ ਨਾਅਰਿਆਂ ਦੌਰਾਨ ਲੋਕਾਂ ਨੇ ਬੀਬਾ ਬਾਦਲ ਦਾ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਕੀਤਾ। ਸੰਤੋਸ਼ੀ ਮਾਤਾ ਮੰਦਿਰ ਕਮੇਟੀ ਅਤੇ ਸਿਟੀਜ਼ਨ ਕੌਸਲ ਸਮੇਤ ਬਹੁਤ ਸਾਰੀਆਂ ਸਮਾਜਿਕ ਅਤੇ ਲੋਕ ਭਲਾਈ ਸੰਸਥਾਵਾਂ ਨੇ ਕੇਂਦਰੀ ਮੰਤਰੀ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ।
ਇਸ ਮੌਕੇ ਭਾਵੁਕ ਹੁੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਮੈਨੂੰ ਮੇਰਾ ਕੰਮ ਵੇਖ ਕੇ ਪਰਖੋ। ਉਹਨਾਂ ਕਿਹਾ ਕਿ ਉਹਨਾਂ ਨੇ ਪੂਰੇ ਦਿਲ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਕੋਈ ਨਹੀਂ ਕਹਿ ਸਕਦਾ ਕਿ ਮੈਂ ਉਹਨਾਂ ਕੋਲ ਨਹੀਂ ਆਈ। ਨਾ ਹੀ ਕੋਈ ਇਹ ਕਹਿ ਸਕਦਾ ਹੈ ਕਿ ਮੈਂ ਉਹਨਾਂ ਨਾਲ ਬੁਰਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਬਠਿੰਡਾ ਹਲਕੇ ਨੂੰ ਇਕ ਮਾਡਲ ਹਲਕਾ ਬਣਾਉਣ ਲਈ ਆਪਣੀ ਪੂਰੀ ਵਾਹ ਲਾਈ ਹੈ ਅਤੇ ਹੁਣ ਸਾਰਿਆਂ ਨੂੰ ਇਸ ਹਲਕੇ ਤੋਂ ਈਰਖਾ ਹੁੰਦੀ ਹੈ। ਉਹਨਾਂ ਕਿਹਾ ਕਿ ਆਓ ਇਸ ਵਿਕਾਸ ਨੂੰ ਚੱਲਦਾ ਰੱਖਣ ਲਈ ਵੋਟ ਪਾਈਏ। ਲੋਕਾਂ ਨੇ '23 ਮਈ, ਕਾਂਗਰਸ ਗਈ'ਦੇ ਨਾਅਰਿਆਂ ਨਾਲ ਕੇਂਦਰੀ ਮੰਤਰੀ ਨੂੰ ਆਪਣੇ ਸਮਰਥਨ ਦਾ ਭਰੋਸਾ ਦਿਵਾਇਆ।
ਲੋਕਾਂ ਨੂੰ ਇਹ ਦੱਸਦਿਆਂ ਕਿ ਉਹ ਹਮੇਸ਼ਾਂ ਉਹਨਾਂ ਵਿਚਕਾਰ ਰਹੇਗੀ, ਬੀਬਾ ਬਾਦਲ ਨੇ ਕਿਹਾ ਕਿ ਕਿਰਪਾ ਕਰਕੇ ਤੁਹਾਡਾ ਵੋਟ ਮੰਗਣ ਆਏ ਬਾਹਰਲੇ ਲੋਕਾਂ ਉੱਤੇ ਭਰੋਸਾ ਨਾ ਕਰਨਾ। ਉਹ 23 ਮਈ ਤੋਂ ਬਾਅਦ ਹਲਕੇ ਅੰਦਰ ਨਹੀਂ ਲੱਭਣਗੇ। ਮੈਂ ਤੁਹਾਡੀ ਧੀ ਹਾਂ, ਜੋ ਹਮੇਸ਼ਾਂ ਤੁਹਾਡੇ ਕੋਲ ਹਾਂ। ਕਿਰਪਾ ਕਰਕੇ ਮੇਰੇ ਕੀਤੇ ਕੰਮਾਂ ਲਈ ਆਪਣਾ ਕੀਮਤ ਵੋਟ ਮੈਨੂੰ ਦਿਓ।
ਬੀਬਾ ਬਾਦਲ ਵੱਲੋਂ ਹਮਾਇਤ ਲਈ ਕੀਤੀ ਅਪੀਲ ਦਾ ਲੋਕਾਂ ਨੇ ' ਸਾਡੀਆਂ ਵੋਟਾਂ ਦੀ ਹੱਕਦਾਰ- ਹਰਸਿਮਰਤ ਬਾਦਲ' ਦੇ ਨਾਅਰਿਆਂ ਨਾਲ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਉਹ ਨਾ ਕਾਂਗਰਸ ਪਾਰਟੀ ਅਤੇ ਹਲਕੇ ਨੂੰ ਪਿਛਾਂਹ ਵੱਲ ਲਿਜਾਣ ਤੇ ਤੁਲੇ ਇਸ ਦੇ ਬਾਹਰੀ ਉਮੀਦਵਾਰ ਉੱਤੇ ਭਰੋਸਾ ਕਰ ਸਕਦੇ ਹਨ ਅਤੇ ਨਾ ਹੀ ਆਪ ਅਤੇ ਪੀਡੀਏ ਉਮੀਦਵਾਰਾਂ ਉਤੇ, ਜੋ ਕਿ ਸਿਰਫ ਕਾਂਗਰਸ ਦੇ ਪਿਆਦੇ ਹਨ।
ਭਾਰੀ ਸਮਰਥਨ ਦੇਣ ਲਈ ਸਮੁੱਚੇ ਹਲਕੇ ਦਾ ਧੰਨਵਾਦ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਦਾ ਇਸ ਹਲਕੇ ਦੀ ਸੇਵਾ ਕਰਨ ਦਾ ਜਜ਼ਬਾ ਹੋਰ ਵੀ ਮਜ਼ਬੂਤ ਹੋ ਗਿਆ ਹੈ, ਕਿਉਕਿ ਹੁਣ ਉਹ ਇਸ ਹਲਕੇ ਨਾਲ ਜਜ਼ਬਾਤੀ ਤੌਰ ਤੇ ਜੁੜ ਚੁੱਕੇ ਹਨ। ਉਹਨਾਂ ਕਿਹਾ ਕਿ ਤੁਸੀਂ ਹੁਣ ਵੱਡਾ ਹੰਭਲਾ ਮਾਰੋ ਅਤੇ ਤੁਹਾਡੀ ਧੀ ਵੀ ਤੁਹਾਡੇ ਵਾਸਤੇ ਵੱਡਾ ਹੰਭਲਾ ਮਾਰੂਗੀ ਅਤੇ ਹੋਰ ਵੀ ਵੱਡਾ ਪ੍ਰਾਜੈਕਟ ਦਿੱਲੀ ਤੋਂ ਤੁਹਾਡੇ ਵਾਸਤੇ ਲਿਆਵੇਗੀ।