ਕਿਹਾ ਕਿ ਸੋਨੀਆ ਕਮਲਨਾਥ ਨੂੰ ਅਸਤੀਫਾ ਦੇ ਕੇ ਕਾਨੂੰਨ ਦਾ ਸਾਹਮਣਾ ਕਰਨ ਲਈ ਆਖੇ
ਕਿਹਾ ਕਿ ਕਤਲੇਆਮ ਦਾ ਹੁਕਮ ਦੇਣ ਵਾਲੇ ਮੁਖੀ ਲਈ ਸਜ਼ਾ ਦਾ ਰਾਹ ਸਾਫ ਹੋਇਆ
ਚੰਡੀਗੜ•/18 ਦਸੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਲਈ ਅਤੇ ਉੁਸ ਉੱਤੇ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਉਣ ਦੇ ਲੱਗੇ ਦੋਸ਼ਾਂ ਸੰਬੰਧੀ ਕਾਨੂੰਨ ਦਾ ਸਾਹਮਣਾ ਕਰਨ ਲਈ ਕਹਿਣ। ਉਹਨਾਂ ਕਿਹਾ ਕਿ ਆਖਿਰ ਕਾਨੂੰਨ ਦੇ ਲੰਬੇ ਚੌੜੇ ਹੱਥ ਕਾਂਗਰਸ ਹਾਈ ਕਮਾਂਡ ਦੇ ਤਾਕਤਵਰ ਅਤੇ ਰਸੂਖਵਾਨਾਂ ਦੇ ਨੇੜੇ ਪਹੁੰਚ ਗਏ ਹਨ। ਸੱਜਣ ਕੁਮਾਰ ਨੂੰ ਸਜ਼ਾ ਹੋਣ ਮਗਰੋਂ ਕਾਨੂੰਨ ਦਾ ਸਿਕੰਜਾ ਕਮਲਨਾਥ ਅਤੇ ਜਗਦੀਸ਼ ਟਾਈਟਲਰ ਵਰਗੇ ਦੂਜੇ ਦੋਸ਼ੀਆਂ ਉੱਤੇ ਪੈਣ ਲਈ ਰਸਤਾ ਸਾਫ ਹੋ ਚੁੱਕਿਆ ਹੈ। ਅਖੀਰ ਵਿਚ ਕਾਨੂੰਨ ਦਾ ਲੰਬਾ ਹੱਥ ਉਸ ਮਜ਼ਬੂਤ ਗਰਦਨ ਅਤੇ ਮੂੰਹ ਦੁਆਲੇ ਵਲਿਆ ਜਾਵੇਗਾ, ਜਿਸ ਨੇ ਇੰਦਰਾ ਗਾਂਧੀ ਦੇ ਕਤਲੇਆਮ ਪਿੱਛੋਂ ਸਿੱਖਾਂ ਦੀ ਨਸਲਕੁਸ਼ੀ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਕਿ 1984 ਵਿਚ ਵਾਪਰੇ ਕਤਲੇਆਮ ਲਈ ਹੁਣ ਗਾਂਧੀ ਖਾਨਦਾਨ ਦੀ ਨੀਂਦ ਉੱਡ ਜਾਣੀ ਚਾਹੀਦੀ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਜ਼ਾਦੀ ਮਗਰੋਂ ਦੇਸ਼ ਵਿਚ ਵਾਪਰੇ ਸਭ ਤੋਂ ਭਿਆਨਕ ਕਤਲੇਆਮ ਉੱਤੇ ਨਿਆਂਪਾਲਿਕਾ ਦੇ ਫੈਸਲੇ ਨੇ ਲੋਕਾਂ ਦਾ ਨਿਆਂ ਵਿਵਸਥਾ ਵਿਚ ਭਰੋਸਾ ਵਧਾ ਦਿੱਤਾ ਹੈ। ਇਹ ਫੈਸਲਾ ਲੋਕਾਂ, ਖਾਸ ਕਰਕੇ ਉਹਨਾਂ ਘੱਟ ਗਿਣਤੀਆਂ ਦੇ ਦਿਲਾਂ ਅੰਦਰ ਰਾਸ਼ਟਰਵਾਦ ਦੀ ਭਾਵਨਾ ਮਜ਼ਬੂਤ ਕਰੇਗਾ, ਜਿਹੜੇ ਸਿਸਟਮ ਹੱਥੋਂ ਆਪਣੇ ਆਪ ਨੂੰ ਵਿਤਕਰੇ ਦਾ ਸ਼ਿਕਾਰ ਹੋਏ ਮਹਿਸੂਸ ਕਰਦੇ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਇਸ ਸੰਬੰਧ ਵਿਚ ਨਿਆਂਪਾਲਿਕਾ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਸ ਦਾ ਧੰਨਵਾਦ ਕੀਤਾ।
ਕਤਲੇਆਮ ਦੇ ਕੇਸਾਂ ਨੂੰ ਮੁੜ ਖੋਲ•ਣ ਅਤੇ ਕਾਗਰਸੀ ਆਗੂਆਂ ਨੂੰ ਸਜ਼ਾਵਾਂ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੀ ਸਿਟ ਕਾਇਮ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਸੱਜਣ ਕੁਮਾਰ ਵਿਰੁੱਧ ਆਏ ਫੈਸਲੇ ਨੂੰ ਉਸ ਪ੍ਰਕਿਰਿਆ ਦੀ ਸ਼ੁਰੂਆਤ ਕਰਾਰ ਦਿੱਤਾ, ਜਿਸ ਰਾਹੀਂ ਅਖੀਰ ਵਿਚ ਉਸ ਸਭ ਤੋਂ ਵੱਡੇ ਦੋਸ਼ੀ ਨੂੰ ਸਜ਼ਾ ਹੋਵੇਗੀ, ਜਿਸ ਨੇ 1984 ਦੇ ਕਤਲੇਆਮ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਗੱਲ ਬਹੁਤ ਹੀ ਅਹਿਮ ਹੈ ਕਿ ਜਦੋਂ ਭਾਜਪਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਨਾਨਾਵਤੀ ਕਮਿਸ਼ਨ ਬਣਾਇਆ ਸੀ ਤਾਂ ਸਿੱਖਾਂ ਦੇ ਕਤਲੇਆਮ ਵਿਚ ਕਾਂਗਰਸੀ ਆਗੂਆਂ ਖਿਲਾਫ ਨਾ-ਝੁਠਲਾਉਣਯੋਗ ਸਬੂਤ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਅਤੇ ਜਦੋਂ ਦੂਜੇ ਭਾਜਪਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਿਟ ਕਾਇਮ ਕੀਤੀ ਤਾਂ ਮਹੀਪਾਲ ਪੁਲਿਸ ਸਟੇਸ਼ਨ ਦੇ ਕੇਸਾਂ ਵਿਚ ਪਹਿਲੀ ਸਜ਼ਾ ਹੋਣ ਨਾਲ ਇਨਸਾਫ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ।
ਸਰਦਾਰ ਬਾਦਲ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਕੁਦਰਤੀ ਮੌਤ ਤਕ ਮਿਲੀ ਕੈਦ ਦੀ ਸਜ਼ਾ ਕਾਂਗਰਸ ਲਈ ਮੁਆਫੀ ਰਾਹੀਂ ਆਪਣੇ ਪਾਪਾਂ ਦਾ ਪਛਤਾਵਾ ਕਰਨ ਦਾ ਇੱਕ ਸਹੀ ਮੌਕਾ ਸਾਬਿਤ ਹੋਣਾ ਚਾਹੀਦਾ ਸੀ। ਪਰ ਸ਼ਾਇਦ ਇਤਿਹਾਸ ਨੇ ਕਾਂਗਰਸ ਪਾਰਟੀ ਨੂੰ ਸਦਾ ਲਈ ਬੇਜ਼ਮੀਰੀ ਬਣਾ ਦਿੱਤਾ ਹੈ, ਕਿਉਂਕਿ ਜਿਸ ਦਿਨ ਸੱਜਣ ਕੁਮਾਰ ਨੂੰ ਸਜ਼ਾ ਹੋਈ, ਉਸੇ ਦਿਨ ਕਾਂਗਰਸ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਸੀ। ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਦੇ ਮੌਕਾਮੇਲ ਵਿਚੋਂ ਵੀ ਇਤਿਹਾਸ ਦੀ ਝਲਕ ਪੈਂਦੀ ਹੈ।
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਾਂਗਰਸ ਹਾਈਕਮਾਂਡ ਨੂੰ ਚੇਤੇ ਕਰਵਾਇਆ ਕਿ ਉਹਨਾਂ ਦੀ ਪਾਰਟੀ ਨੇ ਕਮਲਨਾਥ ਖਿਲਾਫ ਲੱਗੇ ਦੋਸ਼ਾਂ ਦੀ ਗੰਭੀਰਤਾ ਨੂੰ ਉਸ ਸਮੇਂ ਸਵੀਕਾਰ ਕਰ ਲਿਆ ਸੀ, ਜਦੋਂ ਉਸ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਹਟਾ ਦਿੱਤਾ ਸੀ। ਬੇਸ਼ੱਕ ਉਸ ਸਮੇਂ ਉਹਨਾਂ ਨੇ ਉਸ ਨੂੰ ਨੈਤਿਕ ਆਧਾਰ ਉੱਤੇ ਅਸਤੀਫਾ ਦੇਣ ਦਾ ਨਾਟਕ ਕਰਨ ਦਾ ਮੌਕਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਕੀ ਨੈਤਿਕ ਆਧਾਰ ਹੁਣ ਨਹੀਂ ਬਚਿਆ ਹੈ? ਜੂਨ 2016 ਤੋਂ ਲੈ ਕੇ ਹੁਣ ਤਕ ਅਜਿਹਾ ਕੀ ਵਾਪਰ ਗਿਆ ਕਿ ਕਮਲ ਨਾਥ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਕਾਂਗਰਸ ਨਿਰਦੋਸ਼ ਸਿੱਖਾਂ ਦੇ ਕਤਲੇਆਮ ਲਈ ਖੁਦ ਨੂੰ ਘੱਟ ਦੋਸ਼ੀ ਮੰਨਣ ਲੱਗ ਪਈ? ਉਹਨਾਂ ਕਿਹਾ ਕਿ ਜੇਕਰ ਕੁਝ ਵਾਪਰਿਆ ਹੈ ਤਾਂ ਸਤਿਕਾਰਯੋਗ ਅਦਾਲਤਾਂ ਨੇ ਇਸ ਨੈਤਿਕ ਆਧਾਰ ਨੂੰ ਕਾਨੂੰਨੀ ਕਾਰਵਾਈ ਅਤੇ ਅਦਾਲਤੀ ਫੈਸਲਿਆਂ ਵਿਚ ਤਬਦੀਲ ਕੀਤਾ ਹੈ, ਜਿਸ ਨਾਲ 1984 ਕਤਲੇਆਮ ਵਿਚ ਕਾਂਗਰਸ ਹਾਈ ਕਮਾਂਡ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਪੁਸ਼ਟੀ ਹੋ ਗਈ ਹੈ। ਉਹਨਾਂ ਕਿਹਾ ਕਿ ਸੱਜਣ ਕੁਮਾਰ ਨੂੰ ਕੁਦਰਤੀ ਮੌਤ ਤਕ ਕੈਦ ਦੀ ਸਜ਼ਾ ਸੁਣਾਉਣ ਵਾਲੇ ਫੈਸਲੇ ਵਿਚ ਅਦਾਲਤ ਨੇ ਸਪੱਸ਼ਟ ਰੂਪ ਵਿਚ ਕਾਤਿਲਾਂ ਅਤੇ ਸਾਜ਼ਿਸ਼ਕਾਰਾਂ ਨੂੰ ਕੀਤੀ ਗਈ 'ਸਿਆਸੀ ਸਰਪ੍ਰਸਤੀ' ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਸਰਪ੍ਰਸਤੀ ਯੂਕੇ ਦੀ ਲੇਬਰ ਪਾਰਟੀ ਵੱਲੋਂ ਨਹੀਂ ਸੀ ਕੀਤੀ ਗਈ। ਇਹ ਇੰਡੀਅਨ ਨੈਸ਼ਨਲ ਕਾਂਗਰਸ ਸੀ, ਜਿਹੜੀ ਕਿ ਕਤਲੇਆਮ ਕਰਨ ਵਾਲਿਆਂ ਦੀ ਮੁੱਖ ਸਰਪ੍ਰਸਤ ਸੀ।