ਰਾਹੁਲ ਗਾਂਧੀ ਦੇ ਹੁਕਮਾਂ ਤੇ ਸੈਮ ਪਿਤਰੋਦਾ ਨੇ ਸਿੱਖਾਂ ਦੇ ਅੱਲੇ ਜਖਮਾਂ ਤੇ ਫਿਰ ਨਮਕ ਛਿੜਕਿਆ : ਡਾ. ਚੀਮਾ।
ਚੰਡੀਗੜ• 10 ਮਈ -- ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ ਕਿ '' ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ '' ਨੂੰ ਬੇਹੱਦ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਰਾਰ ਦਿੱਤਾ। ਰਾਹੁਲ ਗਾਂਧੀ ਨੇ ਸੈਮ ਪਿਤਰੌਦਾ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਅੱਲੇ ਜਖਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰਾ ਕਾਂਗਰਸ ਦੇ ਇਸ ਹੰਕਾਰ ਭਰੇ ਬਿਆਨ ਦਾ 19 ਮਈ ਨੂੰ ਮੁੰਹ ਤੋੜਵਾਂ ਜੁਆਬ ਦੇਣਗੇ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਨੇੜੇ ਹੋ ਕੇ ਵਿਚਰਨ ਵਾਲੇ ਆਗੂਆਂ ਦੇ ਅਜਿਹੇ ਬਿਆਨ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਕਾਂਗਰਸ ਪਾਰਟੀ 1984 ਕਤਲੇਆਮ ਵਿੱਚ ਨਿਭਾਏ ਗਏ ਆਪਣੇ ਰੋਲ ਉਤੇ ਅੱਜ ਵੀ ਮਾਣ ਕਰ ਰਹੀ ਹੈ ਅਤੇ ਹਜਾਰਾਂ ਮਾਸੂਮ ਲੋਕਾਂ ਦਾ ਕਤਲੇਆਮ ਕਰਨ ਵਾਲੇ ਹਤਿਆਰਿਆਂ ਖਿਲਾਫ ਇੱਕ ਲਫਜ ਵੀ ਨਹੀ ਸੁਣਨਾ ਚਾਹੁੰਦੀ। ਉਹਨਾਂ ਰਾਹੁਲ ਗਾਂਧੀ ਤੋਂ ਪੁੱਛਿਆ '' ਕਿ ਜੋ ਹੋਇਆ ਸੋ ਹੋਇਆ'' ਕਹਿ ਕੇ ਕਾਂਗਰਸ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? ਇਸਦਾ ਸਿੱਧਾ- ਸਿੱਧਾ ਮਤਲਬ ਹੈ ਕਿ ਕਾਂਗਰਸ ਦੋਸ਼ੀਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਇਨਸਾਫ ਨਾ ਮੰਗਣ ਅਤੇ ਭੁੱਲ ਜਾਣ ਦਾ ਸੰਕੇਤ ਦੇ ਰਹੀ ਹੈ।
ਡਾ. ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇੱਕ ਟੀ.ਵੀ ਇੰਟਰਵਿਊੁ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਖੁਲਾਸਾ ਤਾਂ ਕੀਤਾ ਹੈ ਕਿ ਕਾਂਗਰਸ ਦੇ ਕੁਝ ਉਚ ਕੋਟੀ ਦੇ ਲੀਡਰ 1984 ਦੇ ਕਤਲੇਆਮ ਲਈ ਦੋਸ਼ੀ ਹਨ ਪਰ ਉਹ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਜਿਹਨਾਂ ਦੇ ਹੁਕਮਾਂ ਤੇ ਸਾਰਾ ਦੁਖਾਂਤ ਵਾਪਰਿਆ ਨੂੰ ਅੱਜ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਅਤੇ ਦੇਸ਼ ਦੇ ਲੋਕ ਕਾਂਗਰਸ ਦੀਆਂ ਘਟੀਆ ਨਸੀਹਤਾਂ ਨੂੰ ਸੁਣ ਕੇ ਮਨੁੱਖਤਾ ਨਾਲ ਕੀਤੇ ਇਸ ਅਪਰਾਧ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਇਨਸਾਫ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ