ਕਿਹਾ ਕਿ ਐਮਰਜੰਸੀ ਸਾਡੇ ਸਿਸਟਮ ਉੱਤੇ ਇੱਕ ਕਾਲਾ ਧੱਬਾ ਹੈ
ਚੰਡੀਗੜ੍ਹ/25 ਜੂਨ: ਸਿਰਮੌਰ ਅਕਾਲੀ ਆਗੂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਰਤ ਦੀ ਧਰਮ ਨਿਰਪੱਖ ਜਮਹੂਰੀਅਤ ਖ਼ਿਲਾਫ ਸਿਰ ਚੁੱਕਣ ਵਾਲੇ ਖਤਰਿਆਂ ਨੂੰ ਚੌਕਸ ਜਨਤਾ ਅਤੇ ਸੁਤੰਤਰ ਮੀਡੀਆ ਲੁਕਵੇਂ ਅਤੇ ਬਾਹਰੀ ਤੌਰ ਤੇ ਕੋਹਾਂ ਦੂਰ ਰੱਖਦੇ ਹਨ।
ਇੰਦਰਾ ਗਾਂਧੀ ਵੱਲੋਂ ਆਪਣੇ ਵਿਰੁੱਧ ਇੱਕ ਅਦਾਲਤੀ ਫੈਸਲੇ ਤੋਂ ਬਚਣ ਲਈ ਦੇਸ਼ ਉੱਤੇ ਥੋਪੀ ਐਮਰਜੰਸੀ, ਜਿਸ ਨੇ ਦੇਸ਼ ਨੂੰ ਅਚਾਨਕ ਇੱਕ ਹਨੇਰੀ ਗੁਫਾ ਅੰਦਰ ਧੱਕ ਦਿੱਤਾ ਸੀ, ਨੂੰ ਯਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ਦੇ ਲੋਕਤੰਤਰੀ ਤਾਣੇ ਬਾਣੇ ਉੱਤੇ ਸਿੱਧਾ ਹਮਲਾ ਕੀਤਾ ਸੀ, ਕੋਈ ਵੀ ਅਜਿਹਾ ਕਰਨ ਦੀ ਕਦੇ ਹਿੰਮਤ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਜਿੱਥੇ ਲੋਕ ਚੌਕਸ ਨਹੀਂ ਰਹਿੰਦੇ ਜਾਂ ਮੀਡੀਆ ਸਮਝੌਤਾ ਕਰ ਲੈਂਦਾ ਹੈ, ਉੱਥੇ ਸਰਕਾਰਾਂ ਆਨੇ ਬਹਾਨੇ ਲੋਕਾਂ ਦੀਆਂ ਮੁੱਢਲੀਆਂ ਅਜ਼ਾਦੀਆਂ ਨੂੰ ਕੁਚਲਣ ਲੱਗਦੀਆਂ ਹਨ।
ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਿਹਾ ਕਿ ਲੋਕਤੰਤਰ ਅਤੇ ਧਰਮ ਨਿਰਪੱਖਤਾ ਕਰਕੇ ਭਾਰਤ ਦੀ ਪੂਰੀ ਦੁਨੀਆਂ ਅੰਦਰ ਸ਼ਾਨ ਹੈ ਅਤੇ ਇਹ ਦੋਵੇਂ ਕਦਰਾਂ-ਕੀਮਤਾਂ ਅਜਿਹੀ ਅਧਾਰਸ਼ਿਲਾ ਹਨ, ਜਿਸ ਉੱਤੇ ਦੇਸ਼ ਦੀ ਇਮਾਰਤ ਟਿਕੀ ਹੁੰਦੀ ਹੈ। ਇਹਨਾਂ ਵਿਚੋਂ ਕਿਸੇ ਨੂੰ ਛੇੜਣਾ ਘਾਤਕ ਸਾਬਿਤ ਹੋ ਸਕਦਾ ਹੈ। ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲੋਕਤੰਤਰੀ ਕਦਰਾਂ ਕੀਮਤਾਂ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸਨਮਾਨ ਲਾਜ਼ਮੀ ਹੈ ਤਾਂ ਕਿ ਦੇਸ਼ ਇੱਕ ਵਿਸ਼ਵ ਸ਼ਕਤੀ ਵਜੋਂ ਉੱਭਰ ਸਕੇ।
ਸਰਦਾਰ ਬਾਦਲ ਨੇ ਕਿਹਾ ਕਿ ਇੱਕ ਅਜ਼ਾਦ ਅਤੇ ਲੋਕਤੰਤਰੀ ਰਾਸ਼ਟਰ ਵਜੋਂ ਜਦੋਂ ਭਾਰਤ ਅਜੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਰਿਹਾ ਸੀ ਤਾਂ ਇੰਦਰਾ ਗਾਂਧੀ ਵੱਲੋਂ ਥੋਪੀ ਐਮਰਜੰਸੀ ਨੇ ਸਿਆਸੀ ਪਾਰਟੀਆਂ ਸਣੇ ਸਾਰੇ ਨੂੰ ਹੈਰਾਨ ਕਰ ਦਿੱਤਾ ਸੀ। ਉੁਹਨਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਦੇ 30 ਸਾਲ ਮੁਕੰਮਲ ਹੋਣ ਤੋਂ ਵੀ ਪਹਿਲਾਂ ਐਮਰਜੰਸੀ ਲਾ ਦਿੱਤੀ ਸੀ। ਉਸ ਸਮੇਂ ਲੋਕਤੰਤਰ ਅਜੇ ਆਪਣੀ ਅੱਲੜ੍ਹ ਅਵਸਥਾ ਵਿੱਚੋਂ ਲੰਘ ਰਿਹਾ ਸੀ ਅਤੇ ਪੂਰੀ ਦੁਨੀਆਂ ਭਾਰਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਸੀ ਕਿ ਕੀ ਭਾਰਤ ਅਤੇ ਭਾਰਤੀ ਲੋਕਤੰਤਰ ਵਰਗੀ 'ਸਹੂਲਤ' ਹੰਢਾਉਣ ਲਈ ਇੰਨੇ ਸਿਆਣੇ ਹੋ ਗਏ ਜਾਂ ਨਹੀਂ?
ਸਰਦਾਰ ਬਾਦਲ ਨੇ ਕਿਹਾ ਕਿ ਪਰ ਮੈਂ ਮਾਣ ਮਹਿਸੂਸ ਕਰਦਾ ਹਾ ਕਿ ਇਸ ਮੋੜ ਤੇ ਆ ਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਕੇ ਇਸ ਤਾਨਾਸ਼ਾਹੀ ਖ਼ਿਲਾਫ ਲੜਾਈ ਦੀ ਅਗਵਾਈ ਕੀਤੀ ਅਤੇ ਇਹ ਮੋਰਚਾ ਐਮਰਜੰਸੀ ਹਟਾਏ ਜਾਣ ਤੋਂ ਬਾਅਦ ਹੀ ਚੁੱਕਿਆ ਗਿਆ। ਐਮਰਜੰਸੀ ਦਾ ਡਟ ਕੇ ਵਿਰੋਧ ਕਰਨ ਲਈ ਮੈਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਧੰਨਵਾਦ ਕਰਦਾ ਹਾਂ।
ਸਰਦਾਰ ਬਾਦਲ ਨੇ ਭਾਰਤ ਅੰਦਰ ਲੋਕਤੰਤਰ ਦੀ ਕਾਮਯਾਬੀ ਵਿਚ, ਭਾਰਤੀ ਮੀਡੀਆ ਵੱਲੋਂ ਨਿਭਾਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਮੀਡੀਆ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਇਸ ਦੀ ਅਜ਼ਾਦੀ ਨੂੰ ਇੰਦਰਾ ਗਾਂਧੀ ਦੇ ਸਮਿਆਂ ਵਾਂਗ ਸਿੱਧੀ ਨਹੀਂ ਸਗੋਂ ਅਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਕ ਮਜ਼ਬੂਤ ਅਤੇ ਸੁਤੰਤਰ ਮੀਡੀਆ ਕਰਕੇ ਹੀ ਭਾਰਤ ਅੰਦਰ ਲੋਕਤੰਤਰ ਦਾ ਤਜਰਬਾ ਕਾਮਯਾਬ ਹੋਇਆ ਹੈ, ਜਦਕਿ ਬਹੁਤ ਸਾਰੇ ਮੁਲਕਾਂ ਅੰਦਰ ਲੋਕਤੰਤਰ ਦੇ ਪੈਰ ਲੜਖੜਾ ਗਏ ਹਨ। ਉਹਨਾਂ ਕਿਹਾ ਕਿ ਪੱਛਮੀ ਵਿਸ਼ਲੇਸ਼ਕਾਂ ਨੂੰ ਭਾਰਤ ਅੰਦਰ ਲੋਕਤੰਤਰ ਦੀ ਕਾਮਯਾਬੀ ਹਮੇਸ਼ਾਂ ਹੈਰਾਨ ਕਰਦੀ ਰਹੀ ਹੈ, ਕਿਉਂਕਿ ਜਦੋਂ ਵੀ ਭਾਰਤ ਅੰਦਰ ਲੋਕਤੰਤਰ ਲਈ ਕੋਈ ਖਤਰਾ ਖੜ੍ਹਾ ਹੋਇਆ ਹੈ ਤਾਂ ਉਹ ਭਾਰਤੀ ਮੀਡੀਆ ਵੱਲੋਂ ਨਿਭਾਈ ਅਹਿਮ ਭੂਮਿਕਾ ਨੂੰ ਵੇਖਣ ਤੋਂ ਨਾਕਾਮ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਮੀਡੀਆ ਨੂੰ ਹੁਣ ਹੋਰ ਵੀ ਵਜ਼ਨਦਾਰ ਭੂਮਿਕਾ ਨਿਭਾਉਣੀ ਪਵੇਗੀ, ਕਿਉਂਕਿ ਹੁਣ ਪ੍ਰੈਸ ਦੀ ਅਜ਼ਾਦੀ ਉੱਤੇ ਬਹੁਤ ਹੀ ਲੁਕਵੇਂ ਅਤੇ ਤਿੱਖੇ ਹਮਲੇ ਹੋ ਰਹੇ ਹਨ। ਉੁਹਨਾਂ ਕਿਹਾ ਕਿ ਪਰ ਮੈਨੂੰ ਸਾਡੇ ਮੀਡੀਆ ਅਤੇ ਮੀਡੀਆ ਕਰਮੀਆਂ ਦੀ ਕਾਬਲੀਅਤ ਵਿਚ ਪੂਰਾ ਭਰੋਸਾ ਹੈ ਕਿ ਉਹ ਇਹਨਾਂ ਨਵੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨਗੇ।