ਚੰਡੀਗੜ•/06 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਹਨ।
ਆਪਣੀਆਂ ਸ਼ੁੱਭ ਇੱਛਾਵਾਂ ਭੇਜਦਿਆਂ ਉਹਨਾਂ ਨੇ ਉਮੀਦ ਕੀਤੀ ਹੈ ਕਿ ਪੰਜਾਬ ਦੇ ਲੋਕ ਰੋਸ਼ਨੀਆਂ ਦੇ ਇਸ ਤਿਉਹਾਰ ਦੀਵਾਲੀ ਨੂੰ ਪੂਰੇ ਚਾਅ, ਉਤਸ਼ਾਹ ਅਤੇ ਪ੍ਰਦੂਸ਼ਨ ਮੁਕਤ ਢੰਗ ਨਾਲ ਮਨਾਉਣਗੇ। ਉਹਨਾਂ ਬੰਦੀ ਛੋੜ ਦਿਵਸ ਦੀ ਮਹੱਤਤਾ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੁਗਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਰਿਹਾਈ ਸਮੇਂ ਆਪਣੇ ਨਾਲ 52 ਰਾਜਪੂਤ ਰਾਜਿਆਂ ਨੂੰ ਵੀ ਕਰਵਾਇਆ ਸੀ, ਜਿਸ ਮਗਰੋਂ ਸਿੱਖ ਜਗਤ ਨੇ ਘਿਓ ਦੇ ਦੀਵੇ ਜਗਾਏ ਸਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਸੀ।
ਇਸ ਮੌਕੇ ਉਹਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਪੰਜ ਦਰਿਆਵਾਂ ਦੀ ਧਰਤੀ ਉੱਤੇ ਸਦਾ ਖੁਸ਼ੀਆਂ ਅਤੇ ਖੁਸ਼ਹਾਲੀ ਦੀ ਬਰਕਤ ਰਹੇ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਕਰਮਾ ਦਿਵਸ ਦੀ ਵੀ ਲੋਕਾਂ ਨੂੰ ਵਧਾਈ ਦਿੱਤੀ ਅਤੇ ਸੂਬੇ ਅੰਦਰ ਮੁੜ ਤੋਂ ਪਹਿਲਾਂ ਵਾਲੀ ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਪ੍ਰਾਰਥਨਾ ਕੀਤੀ।