ਕਿਸਾਨ ਉੱਤੇ ਹਮਲੇ ਦੀ ਉੱਚ ਪੱਧਰੀ ਜਾਂਚ ਤੋਂ ਇਲਾਵਾ ਹਮਲਾਵਰਾਂ ਅਤੇ ਉੁਹਨਾਂ ਦੇ ਸਰਗਨਿਆਂ ਨੂੰ ਤੁਰੰਤ ਗਿਰਫਤਾਰ ਕਰਨ ਦੀ ਮੰਗ ਕੀਤੀ
ਚੰਡੀਗੜ੍ਹ/08 ਜੁਲਾਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਦੀ ਉਸ ਗਰੀਬ ਕਿਸਾਨ ਬੁੱਧ ਸਿੰਘ ਖ਼ਿਲਾਫ ਸਿਆਸੀ ਖੁੰਦਕ ਕੱਢਣ ਲਈ ਸਖ਼ਤ ਨਿਖੇਧੀ ਕੀਤੀ ਹੈ, ਜਿਸ ਨਾਲ ਸਭ ਤੋਂ ਪਹਿਲਾਂ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਕਾਂਗਰਸ ਪਾਰਟੀ ਨੇ ਉਸ ਨੂੰ ਆਪਣੀ ਕਰਜ਼ਾ ਮੁਆਫੀ ਸਕੀਮ ਦਾ ਪੋਸਟਰ ਬੁਆਏ ਬਣਾਇਆ ਸੀ ਅਤੇ ਬਾਅਦ ਵਿਚ ਵਾਅਦੇ ਤੋਂ ਮੁੱਕਰ ਕੇ ਉਸ ਨਾਲ ਵਿਸਵਾਸ਼ਘਾਤ ਕੀਤਾ ਸੀ। ਨਿਰਾਸ਼ਾ ਦੇ ਆਲਮ ਵਿਚ ਡਿੱਗੇ ਇਸ ਗਰੀਬ ਕਿਸਾਨ ਦੀ ਯੂਥ ਅਕਾਲੀ ਦਲ ਨੇ ਵਿੱਤੀ ਮੱਦਦ ਕੀਤੀ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬੁੱਧ ਸਿੰਘ ਉੱਪਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦੇ ਮੁੰਡੇ ਵੱਲੋਂ ਹਮਲਾ ਕੀਤਾ ਗਿਆ ਹੈ। ਉੁਹਨਾਂ ਕਿਹਾ ਕਿ ਹਮਲਾਵਰ ਸੱਤਾ ਦੇ ਨਸ਼ੇ ਵਿਚ ਇੰਨੇ ਚੂਰ ਸਨ ਕਿ ਉਹਨਾਂ ਨੇ ਬੁੱਧ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਵਧੀਕ ਐਸਐਚਓ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਵੀ ਗੰਭੀਰ ਵਿਚ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਹਮਲਾਵਾਰ ਇਹ ਮਾਰਕੁੱਟ ਇਲਾਕੇ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਇਸ਼ਾਰੇ ਉੱਤੇ ਕਰ ਰਹੇ ਸਨ, ਜਿਹੜੀ ਬੁੱਧ ਸਿੰਘ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਕੋਲੋਂ 3æ86 ਲੱਖ ਰੁਪਏ ਦੀ ਵਿੱਤੀ ਮੱਦਦ ਲੈਣ ਲਈ ਸਬਕ ਸਿਖਾਉਣਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਬੁੱਧ ਸਿੰਘ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਮਗਰੋਂ ਡੇਰਾ ਬਾਬਾ ਨਾਨਕ ਦੀ ਕਾਂਗਰਸੀ ਲੀਡਰਸ਼ਿਪ ਭਰੀ ਪੀਤੀ ਬੈਠੀ ਸੀ ਅਤੇ ਹੁਣ ਇਸ ਨੇ ਕਿਸਾਨ ਉੱਤੇ ਹਮਲਾ ਕਰ ਦਿੱਤਾ ਹੈ। ਇਹ ਸਿਰਫ ਇੱਕ ਅਣਮਨੁੱਖੀ ਕਾਰਵਾਈ ਹੀ ਨਹੀਂ ਹੈ, ਸਗੋਂ ਇਹ ਵੀ ਸਾਬਿਤ ਕਰਦੀ ਹੈ ਕਿ ਕਾਂਗਰਸ ਪਾਰਟੀ ਇੰਨੀ ਨਿੱਘਰ ਗਈ ਹੈ ਕਿ ਇਹ ਹੁਣ ਉਹਨਾਂ ਕਿਸਾਨਾਂ ਉੱਤੇ ਹਮਲੇ ਸ਼ੁਰੂ ਕਰੇਗੀ, ਜਿਹੜੇ ਇਸ ਦੀ ਕਰਜ਼ਾ ਮੁਆਫੀ ਸਕੀਮ ਉੱਤੇ ਸੁਆਲ ਉਠਾਉਂਦੇ ਹਨ।
ਇਹ ਟਿੱਪਣੀ ਕਰਦਿਆਂ ਕਿ ਲੋਕਤੰਤਰ ਅੰਦਰ ਅਜਿਹੀ ਹਰਕਤ ਅਸਹਿਣਯੋਗ ਹੈ, ਸਰਦਾਰ ਬਾਦਲ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਸਾਰੇ ਹਮਲਾਵਰਾਂ ਅਤੇ ਉਹਨਾਂ ਦੇ ਸਰਗਨਿਆਂ ਨੂੰ ਤੁਰੰਤ ਗਿਰਫਤਾਰ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਬੁੱਧ ਸਿੰਘ ਨੂੰ ਇਨਸਾਫ ਦਿਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਦੱਸਿਆ ਕਿ 16 ਅਕਤੂਬਰ 2016 ਨੂੰ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧ ਸਿੰਘ ਦੇ ਘਰ ਜਾ ਕੇ ਕਾਂਗਰਸ ਪਾਰਟੀ ਦੀ ਕਿਸਾਨ ਕਰਜ਼ਾ ਮੁਆਫੀ ਸਕੀਮ 'ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ'ਦਾ ਐਲਾਨ ਕੀਤਾ ਸੀ ਅਤੇ ਸਭ ਤੋਂ ਪਹਿਲਾਂ ਬੁੱਧ ਸਿੰਘ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਪਰ ਇਸ ਦੇ ਬਾਵਜੂਦ ਆਪਣੇ ਕਰਜ਼ੇ ਦੀ ਮੁਆਫੀ ਲਈ ਬੁੱਧ ਸਿੰਘ ਦੋ ਸਾਲ ਤਕ ਉਡੀਕ ਕਰਦਾ ਰਿਹਾ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਖੀਰ ਜਦੋਂ ਕੁਰਕੀ ਤੋਂ ਬਚਣ ਲਈ ਇਸ ਕਿਸਾਨ ਨੂੰ ਆਪਣਾ ਟਰੈਕਟਰ ਵੇਚਣਾ ਪੈ ਗਿਆ ਅਤੇ ਮੀਡੀਆ ਨੇ ਇਸ ਕਿਸਾਨ ਨਾਲ ਹੋਏ ਵਿਸ਼ਵਾਸ਼ਘਾਤ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਨੇ ਰਲ ਕੇ ਪੈਸੇ ਇਕੱਠੇ ਕੀਤੇ ਤਾਂ ਇਹ ਕਿਸਾਨ ਆਪਣਾ ਕਰਜ਼ਾ ਚੁਕਾ ਸਕੇ। ਸਰਦਾਰ ਬਾਦਲ ਨੇ ਦੱਸਿਆ ਕਿ ਹੁਣ ਕਾਂਗਰਸ ਪਾਰਟੀ ਨੇ ਇਸ ਦੁਖੀ ਕਿਸਾਨ ਦੀ ਮੱਦਦ ਕਰਨ ਦੀ ਥਾਂ ਉਸ ਉੱਤੇ ਹਮਲਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਅਜਿਹਾ ਹਮਲਾ ਉਹਨਾਂ ਹਜ਼ਾਰਾਂ ਕਿਸਾਨਾਂ ਉੱਤੇ ਵੀ ਕੀਤਾ ਗਿਆ ਹੈ, ਜਿਹੜੇ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ।