ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਤੇ ਆਪ ਦੇ ਆਗੂਆਂ ਨੂੰ ਪੁੱਛਿਆ ਕਿ ਉਹਨਾਂ ਨੇ ਇੰਨੇ ਸਾਲਾਂ ਤੱਕ ਖਾਲਸਾ ਪੰਥ, ਐਸ ਆਈ ਟੀ ਤੇ ਅਦਾਲਤਾਂ ਤੋਂ ਇਹ ਸਬੂਤ ਛੁਪਾ ਕੇ ਕਿਉਂ ਰੱਖੇ
ਅਕਾਲੀ ਦਲ ਨੂੰ ਕਾਂਗਰਸ ਸਰਕਾਰ ਦੀ ਜਾਂਚ ਵਿਚ ਕੋਈ ਵਿਸ਼ਵਾਸ ਨਹੀਂ ਪਰ ਫਿਰ ਵੀ ਪਾਰਟੀ ਹਰ ਤਰੀਕੇ ਸਹਿਯੋਗ ਕਰੇਗੀ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 15 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ ਦੇ ਆਗੂਆਂ ਤੇ ਉਹਨਾਂ ਦੇ ਲੁਕਵੇਂ ਤੇ ਜਨਤਕ ਸਹਿਯੋਗੀਆਂ ਜਿਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਆਫ ਨਾ ਕੀਤੀ ਜਾ ਸਕਣ ਵਾਲੀ ਬੇਅਦਬੀ ਕਿਸਨੇ ਕਰਵਾਈ ਇਸਦੇ ਠੋਸ ਸਬੂਤ ਹਨ, ਨੂੰ ਕਿਹਾ ਕਿ ਉਹ ਖਾਲਸਾ ਪੰਥ, ਅਦਾਲਤ, ਐਸ ਆਈ ਟੀ ਤੇ ਆਮ ਜਨਤਾ ਸਾਹਮਣੇ ਇਹ ਸਬੂਤ ਪੇਸ਼ ਕਰਨ।
ਸ੍ਰੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤ ਮਾਨ ਵਰਗੇ ਹੋਰਨਾਂ ਨੂੰ ਚੁਣੌਤੀ ਦਿੱਤੀ ਕਿ ਉਹ ਸਿੱਖ ਕੌਮ, ਐਸਆਈ ਟੀ ਤੇ ਨਿਆਂਪਾਲਿਕਾ ਨਾਲ ਇਹ ਸਬੂਤ ਸਾਂਝੇ ਕਰਨ ਕਿਉਂਕਿ ਉਹ ਧਾਰਮਿਕ ਤੌਰ ’ਤੇ ਇਸ ਅਹਿਮ ਮਸਲੇ ’ਤੇ ਕਈ ਸਾਲਾਂ ਤੋਂ ਸੱਚ ’ਤੇ ਪਰਦਾ ਪਾਉਂਦੇ ਰਹੇ ਹਨ ਤੇ ਇਸ ਤਰੀਕੇ ਸਿੱਖਾਂ ਦੇ ਮਨਾਂ ਤੇ ਹਿਰਦਿਆਂ ਨੂੰ ਠੋਸ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਦੱਸਣ ਕਿ ਇਹਨਾਂ ਨੇ ਕਦੇ ਵੀ ਇਹ ਸਬੂਤ ਜਨਤਾ ਦੇ ਸਾਹਮਣੇ ਰੱਖਣ ਨੂੰ ਢੁਕਵਾਂ ਕਿਉਂ ਨਹੀਂ ਸਮਝਿਆ ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਜੇਕਰ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਨੀਲ ਜਾਖੜ, ਭਗਵੰਤ ਮਾਨ ਤੇ ਹੋਰ ਆਗੂਆਂ ਕੋਲ ਕੋਈ ਸਬੂਤ ਹੈ ਤਾਂ ਇਸਨੁੰ ਅਦਾਲਤਾਂ ਤੇ ਖਾਲਸਾ ਪੰਥ ਤੋਂ ਕਿਉਂ ਲੁਕੋ ਕੇ ਕਿਉਂ ਰੱਖ ਰਹੇ ਹਨ, ਇਹ ਆਪਣੇ ਆਪ ਵਿਚ ਕਾਨੂੰਨ ਦੀ ਉਲੰਘਣਾ ਦੇ ਨਾਲ ਨਾਲ ਖਾਲਸਾ ਪੰਥ ਨਾਲ ਧੋਖਾ ਕਰਨ ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਮਾਨ ਹੈ।
ਉਹਨਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਆਗੂ ਜੋ ਪਹਿਲੇ ਦਿਨ ਤੋਂ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਕੋਲ ਦੋਸ਼ੀਆਂ ਖਿਲਾਫ ਸਬੂਤ ਹੈ ਤੇ ਇਹ ਦੱਸਣ ਤੋਂ ਇਨਕਾਰ ਕਰ ਰਹੇ ਹਨ ਕਿ ਦੋਸ਼ੀ ਕੌਣ ਹੈ ਤਾਂ ਇਹ ਵੀ ਆਪਣੇ ਆਪ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਤਾਂ ਫਿਰ ਇਹ ਵੀ ਇਕ ਬੇਹੱਦ ਹੀ ਗੰਭੀਰ ਤੇ ਸੰਜੀਦਾ ਮਾਮਲੇ ਵਿਚ ਝੂਠ ਬੋਲਣ ਦੇ ਦੋਸ਼ੀ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਇਸ ਪੜਾਅ ’ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਹਾਨ ਗੁਰੂ ਸਾਹਿਬਾਨ ਦਾ ਦੇਣ ਦੇਣਾ ਚਾਹੀਦਾ ਹੈ ਅਤੇ ਹੁਣ ਵੀ ਸਿੱਖ ਕੌਮ, ਐਸ ਆਈ ਟੀ ਤੇ ਅਦਾਲਤ ਨਾਲ ਸਾਰੇ ਸਬੂਤਾਂ ਦੇ ਵੇਰਵੇ ਸਾਂਝੇ ਕਰਨੇ ਚਾਹੀਦੇ ਹਨ, ਜੋ ਇਹਨਾਂ ਮੁਤਾਬਕ ਦੋਸ਼ੀ ਹਨ ਪਰ ਇਹ ਨਾ ਜਾਣੇ ਕਿਸ ਕਾਰਨ ਇਹ ਦੱਸ ਨਹੀਂ ਰਹੇ ਹਨ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਭਾਵੇਂ ਉਹਨਾਂ ਦੀ ਪਾਰਟੀ ਦਾ ਇਸ ਸਿਆਸੀ ਤੌਰ ’ਤੇ ਪ੍ਰੇਰਿਤ ਐਸ ਆਈ ਟੀ ਵਿਚ ਕੋਈ ਵਿਸ਼ਵਾਸ ਨਹੀਂ ਹੈ ਪਰ ਫਿਰ ਵੀ ਅਸੀਂ ਇਸਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਾਂ ਤੇ ਇਸ ਨਾਲ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਅਸੀਂ ਕਾਨੂੰਨ ਤੇ ਨਿਆਂਪਾਲਿਕਾ ਦਾ ਪੂਰਾ ਸਨਮਾਨ ਕਰਦੇ ਹਾਂ।
ਉਹਨਾਂ ਕਿਹਾ ਕਿ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨਵੀਂ ਐਸ ਆਈ ਟੀ ਨਾਲ ਵੀ ਪੂਰਾ ਸਹਿਯੋਗ ਕਰੇਗਾ ਭਾਵੇਂ ਕਿ ਸਰਕਾਰ ਦਾ ਇਕੌਤਾ ਮਕਸਦ ਸਿਆਸੀ ਬਦਲਾਖੋਰੀ ਹੈ ਅਤੇ ਇਹ ਆਪਣੀ ਅਸਫਲਤਾ, ਅਯੋਗਤਾ ਤੇ ਗਲਤੀਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹਾ ਕਰ ਰਹੀ ਹੈ।