ਚੰਡੀਗੜ੍ਹ/28 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਤਾਜ਼ਾ ਵਾਧੇ ਨੂੰ ਲੱਕ-ਤੋੜਵਾਂ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਅਮਰਿੰਦਰ ਸਰਕਾਰ ਵੱਲੋਂ ਇਹ ਦਿੱਤਾ ਜਾ ਰਿਹਾ ਪਹਿਲਾ ਝਟਕਾ ਹੈ। ਮੈਨੂੰ ਡਰ ਹੈ ਕਿ ਹੋਰ ਵੀ ਅਜਿਹੇ ਝਟਕੇ ਦਿੱਤੇ ਜਾਣਗੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਸ ਸੂਬੇ ਨੂੰ ਪਹਿਲਾਂ ਹੀ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਜਾ ਚੁੱਕਾ ਹੈ, ਉੱਥੋਂ ਦੇ ਲੋਕਾਂ ਨੂੰ ਵਾਰ ਵਾਰ ਬਿਜਲੀ ਬਿਲਾਂ ਦੇ ਬੋਝ ਥੱਲੇ ਕਿਉਂ ਦੱਬਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀ 200ਯੂਨਿਟ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਕੇ ਪਹਿਲਾਂ ਹੀ ਦਲਿਤਾਂ ਅਤੇ ਗਰੀਬਾਂ ਨੂੰ ਸਜ਼ਾ ਦੇ ਚੁੱਕੀ ਹੈ। ਸਰਕਾਰ ਦਾ ਤਾਜ਼ਾ ਫੈਸਲਾ ਸਮਾਜ ਦੇ ਹਰ ਵਰਗ ਨੂੰ ਸੱਟ ਮਾਰੇਗਾ ਅਤੇ ਘਰੇਲੂ, ਖੇਤੀਬਾੜੀ, ਵਪਾਰ ਅਤੇ ਇੰਡਸਟਰੀ ਆਦਿ ਸਾਰੇ ਖੇਤਰਾਂ ਨੂੰ ਬੇਲੋੜੇ ਬੋਝ ਥੱਲੇ ਦੱਬੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਸਿਰਫ ਦਿਨ ਵਿਚ ਚਾਰ ਘੰਟੇ ਬਿਜਲੀ ਨਸੀਬ ਹੋ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।