ਚੰਡੀਗੜ•, 2 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਕੇਂਦਰੀ ਰਾਸ਼ਨ ਦੀ ਵੰਡ ਵਿਚ ਹੋਏ ਘੁਟਾਲੇ ਤੇ ਅਨਾਜ ਤੇ ਦਾਲਾਂ ਕਾਂਗਰਸੀ ਹਮਾਇਤੀਆਂ ਨੂੰ ਦਿੱਤੇ ਜਾਣ ਲਈ ਕੀਤੇ ਪੱਖਪਾਤ ਦੀ ਜਾਂਚ ਦੇ ਹੁਕਮ ਦੇਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਇਹ ਵੀ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐਮ ਜੀ ਕੇ ਏ ਵਾਈ) ਸਕੀਮ ਵਿਚ ਕੀਤੇ ਗਏ ਵਾਧੇ ਦੇ ਤਹਿਤ ਸੂਬੇ ਵਿਚ ਭੇਜੇ ਜਾਣ ਵਾਲੇ ਰਾਸ਼ਨ ਦੀ ਸਖ਼ਤੀ ਨਾਲ ਨਿਗਰਾਨੀ ਲਈ ਕੇਂਦਰੀ ਆਬਜ਼ਰਵਰ ਤਾਇਨਾਤ ਕਰਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਤਹਿਤ ਮਿਲੇ ਰਾਸ਼ਨ ਦੀ ਚੋਰੀ ਨਾ ਕੀਤੀ ਜਾ ਸਕੇ ਤੇ ਨਾ ਹੀ ਇਹ ਖੁਲ•ੀ ਮਾਰਕੀਟ ਵਿਚ ਜਾਂ ਦੁਬਾਰਾ ਕਾਂਗਰਸ ਹਮਾਇਤੀਆਂ ਨੂੰ ਨਾ ਵੰਡਿਆ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਉਹ ਇਸ ਲਈ ਜ਼ਰੂਰੀ ਕਦਮ ਚੁੱਕਣੇ ਯਕੀਨੀ ਬਣਾਉਣ ਤਾਂਕਿ ਕੇਂਦਰੀ ਅਨਾਜ ਰਾਹਤ ਦੀ ਵੰਡ ਸਮੇਂ ਕਿਸੇ ਵੀ ਗਰੀਬ ਨਾਲ ਕੋਈ ਵਿਤਕਰਾ ਨਾ ਹੋਵੇ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਰਾਹਤ ਦੀ ਵੰਡ ਮੈਰਿਟ ਦੇ ਆਧਾਰ 'ਤੇ ਬਿਨਾਂ ਕਿਸੇ ਸਿਆਸੀਕਰਨ ਦੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 70725 ਮੀਟਰਿਕ ਟਨ ਅਨਾਜ ਤੇ 10 ਹਜ਼ਾਰ ਮੀਟਰਿਕ ਟਲ ਦਾਲਾਂ ਪੰਜਾਬ ਲਈ ਭੇਜੀਆਂ ਸਨ ਪਰ ਇਹ ਰਾਸ਼ਨ ਲੋਕਾਂ ਨੂੰ ਵੰਡਿਆ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਸਿਰਫ ਅਪ੍ਰੈਲ ਦੇ ਮਹੀਨੇ ਵਿਚ ਜਦੋਂ ਕਰਫਿਊ ਲਾਗੂ ਕੀਤਾ ਗਿਆ ਸੀ ਤੇ ਲੋਕਾਂ ਨੂੰ ਅਨਾਜ ਦੀ ਬਹੁਤ ਜ਼ਰੂਰਤ ਸੀ, ਉਦੋਂ ਸਾਰੇ ਅਨਾਜ ਭੰਡਾਰ ਵਿਚੋਂ ਸਿਰਫ ਇਕ ਫੀਸਦੀ ਹੀ ਵੰਡਿਆ ਗਿਆ। ਉਹਨਾਂ ਕਿਹਾ ਕਿ ਬਾਅਦ ਵਿਚ ਪੰਜਾਬ ਸਰਕਾਰ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਹੀ ਖਤਮ ਕਰ ਦਿੱਤੀ ਤੇ ਇਹ ਰਾਸ਼ਨ ਵੰਡਣ ਵਾਸਤੇ ਕਾਂਗਰਸੀਆਂ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਕੇਂਦਰੀ ਰਾਸ਼ਨ ਦਾ ਵੱਡਾ ਹਿੱਸਾ ਕਾਂਗਰਸੀਆਂ ਨੇ ਰੱਖ ਲਿਆ ਤੇ ਇਹ ਸਿਰਫ ਆਪਣੇ ਸਮਰਥਕਾਂ ਨੂੰ ਹੀ ਵੰਡਿਆ। ਉਹਨਾਂ ਕਿਹਾ ਕਿ ਇਸ ਨਾਲ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਦੀ ਹਾਲਤ ਹੋਰ ਮਾੜੀ ਹੋ ਗਈ ਤੇ ਉਹਨਾਂ ਨੂੰ ਸਮਾਜਿਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਧਾਰਮਿਕ ਸੰਗਠਨਾ 'ਤੇ ਨਿਰਭਰ ਹੋਣਾ ਪਿਆ। ਉਹਨਾਂ ਕਿਹਾ ਕਿ ਜੇਕਰ ਇਹ ਲੋਕ ਸੇਵਾ ਨਾ ਕਰਦੇ ਤਾਂ ਫਿਰ ਸੂਬੇ ਵਿਚ ਭੁੱਖ ਨਾਲ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਜਾਂਦੀਆਂ।
ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਇਸ ਸਾਰੇ ਘੁਟਾਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਗਠਿਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਟੀਮ ਪੰਜਾਬ ਵਿਚ ਮੌਕੇ 'ਤੇ ਆ ਕੇ ਜਾਂਚ ਕਰ ਸਕਦੀ ਹੈ ਤੇ ਸੂਬੇ ਨੂੰ ਸਾਰੇ ਅਨਾਜ ਭੰਡਾਰ ਦੀ ਆਡਿਟ ਰਿਪੋਰਟ ਪੇਸ਼ ਕਰਨ ਲਈ ਆਖ ਸਕਦੀ ਹੈ। ਉਹਨਾਂ ਕਿਹਾ ਕਿ ਰਿਪੋਰਟਾਂ ਦੇ ਮੁਤਾਬਕ ਹਜ਼ਾਰਾਂ ਟਨ ਕਣਕ ਤੇ ਦਾਲਾਂ ਕਾਂਗਰਸੀਆਂ ਦੇ ਘਰਾਂ ਵਿਚ ਸ਼ਿਫਟ ਕਰ ਦਿੱਤੀਆਂ ਗਈਆਂ ਤੇ ਬਾਅਦ ਵਿਚ ਖੁਲ•ੀ ਮਾਰਕੀਟ ਵਿਚ ਵੰਡ ਦਿੱਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਕੇਂਦਰੀ ਰਾਸ਼ਨ ਨਹੀਂ ਵੰਡਿਆ ਜਿਸ ਕਾਰਨ ਉਹ ਸੂਬੇ ਵਿਚੋਂ ਹਿਜ਼ਰਤ ਕਰ ਗਏ ਜਿਸ ਨਾਲ ਇੰਡਸਟਰੀ ਦੇ ਨਾਲ ਨਾਲ ਖੇਤੀਬਾੜੀ ਖੇਤਰ ਨੂੰ ਵੀ ਵੱਡਾ ਨੁਕਸਾਨ ਹੋਇਆ।