ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹਾ ਲਗਾਤਾਰ ਸਿਆਸੀ ਕਤਲਾਂ ਦਾ ਭੰਵਰਜਾਲ ਬਣਿਆ ਹੋਇਆ ਹੈ
ਚੰਡੀਗੜ੍ਹ/25 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਵਰਕਰ ਮਨਜੋਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਅਤੇ ਇੱਕ ਐਨਆਰਆਈ ਸਮੇਤ ਦੋ ਹੋਰ ਨੌਜਵਾਨਾਂ ਉੱਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਤਾਲਾਬੰਦੀ ਦੌਰਾਨ ਪੰਜਾਬ ਅੰਦਰ ਸਿਆਸੀ ਕਤਲ ਬੇਰੋਕ ਜਾਰੀ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹਾ ਲਗਾਤਾਰ ਸਿਆਸੀ ਕਤਲਾਂ ਦਾ ਭੰਵਰਜਾਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਜ਼ਿਲ੍ਹੇ ਅੰਦਰ ਢਿੱਲਵਾਂ ਦੇ ਸਰਪੰਚ ਦਲਬੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪਿਛਲੇ ਕੇਸ ਵਾਂਗ ਇਸ ਵਾਰ ਵੀ ਬਟਾਲਾ ਪੁਲਿਸ ਤੁਰੰਤ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਅਤੇ ਦੋਸ਼ੀਆਂ ਦੀ ਪਹਿਚਾਣ ਹੋਣ ਦੇ ਬਾਵਜੂਦ ਅਜੇ ਤਕ ਉਹਨਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਨਜੋਤ ਦਾ ਕਤਲ ਅਤੇ ਉਸ ਦੇ ਸਾਥੀਆਂ ਉੱਤੇ ਜਾਵਲੇਵਾ ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰ ਦੀ ਮੰਗ ਕੀਤੀ। ਉਹਨਾਂ ਮੁੱਖ ਮੰਤਰੀ ਨੂੰ ਉਹਨਾਂ ਕਾਂਗਰਸੀਆਂ ਨੂੰ ਨਕੇਲ ਪਾਉਣ ਲਈ ਕਿਹਾ ਜਿਹੜੇ ਸਿਆਸੀ ਕਿੜਾਂ ਕੱਢਣ ਲਈ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਅਕਾਲੀ ਦਲ ਦੁਖੀ ਪਰਿਵਾਰ ਦੀ ਇਨਸਾਫ ਦੀ ਲੜਾਈ ਲੜੇਗਾ। ਉਹਨਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਵੀ ਭਰੋਸਾ ਦਿਵਾਇਆ ।