ਕਿਹਾ ਕਿ ਫਿਰੋਜ਼ਪੁਰ ਦੇ ਵਿਧਾਇਕ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਨ ਤੋਂ ਇਲਾਵਾ ਗੈਰਕਾਨੂੰਨੀ ਮਾਈਨਿੰਗ ਵੀ ਕਰਵਾ ਰਹੇ ਹਨ
ਕਿਹਾ ਕਿ ਸ਼ਰਾਬ ਮਾਫੀਆ ਨੇ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨਾਲ ਮਿਲ ਕੇ 5600 ਕਰੋੜ ਰੁਪਏ ਲੁੱਟੇ
ਪੱਤਰਕਾਰਾਂ ਉੱਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਮੀਡੀਆ ਨੂੰ ਡਰਾਉਣਾ ਨਹੀਂ ਚਾਹੀਦਾ
ਫਿਰੋਜ਼ਪੁਰ/22 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਨੂੰ ਰਾਹਤ ਵਜੋਂ ਭੇਜੀ ਕੇਂਦਰੀ ਭੋਜਨ ਸਮੱਗਰੀ ਵਿਚ ਹੋਏ ਹਜ਼ਾਰਾਂ ਰੁਪਏ ਦੇ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੇਂਂਦਰ ਵੱਲੋਂ 1æ4 ਕਰੋੜ ਪੰਜਾਬੀਆਂ ਲਈ ਭੇਜੀ ਇਸ ਕਣਕ ਅਤੇ ਦਾਲਾਂ ਨੂੰ ਕਾਂਗਰਸੀਆਂ ਆਗੂਆਂ ਨੇ ਲੋੜਵੰਦਾਂ ਵਿਚ ਵੰਡਣ ਦੀ ਬਜਾਇ ਬਜ਼ਾਰ ਵਿਚ ਵੇਚ ਦਿੱਤਾ ਹੈ।
ਮਲੌਟ, ਬੱਲੂਆਣਾ, ਅਬਹੋਰ, ਫਾਜ਼ਿਲਕਾ, ਜਲਾਲਾਬਾਦ ਅਤੇ ਗੁਰੂਹਰਸਹਾਇ ਵਿਖੇ 5 ਹਜ਼ਾਰ ਕੁਇੰਟਲ ਕਣਕ ਦੀ ਰਸਦ ਨਾਲ ਭਰੇ ਟਰੱਕਾਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਾਸਤੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿਚ ਕਾਂਗਰਸੀਆਂ ਵੱਲੋਂ ਕੇਂਦਰੀ ਭੋਜਨ ਸਮੱਗਰੀ ਨੂੰ ਹੜੱਪਣ ਦਾ ਮਾਮਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵੀ ਧਿਆਨ ਵਿਚ ਲਿਆਂਦਾ ਹੈ। ਕਾਂਗਰਸੀਆਂ ਦੀ ਇਸ ਹਰਕਤ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿੰਨੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਭੁੱਖੇ ਸੌਣਾ ਪਿਆ ਅਤੇ ਸੂਬਾ ਸਰਕਾਰ ਨੇ ਕੇਂਦਰ ਵੱਲੋਂ ਭੇਜੀ ਕਣਕ ਅਤੇ ਦਾਲਾਂ ਨੂੰ ਕਾਂਗਰਸੀ ਆਗੂਆਂ ਦੇ ਹਵਾਲੇ ਕਰ ਦਿੱਤਾ, ਜਿਹਨਾਂ ਅੱਗੇ ਇਸ ਨੂੰ ਲੋੜਵੰਦਾਂ ਵਿਚ ਵੰਡਣ ਦੀ ਬਜਾਇ ਬਜ਼ਾਰ ਵਿਚ ਵੇਚ ਦਿੱਤਾ। ਇਸ ਸਮੁੱਚੇ ਘੁਟਾਲੇ ਦੀ ਕੇਂਦਰੀ ਜਾਂਚ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੀ ਲਗਭਗ ਅੱਧੀ ਆਬਾਦੀ ਲਈ ਇਹ ਰਾਸ਼ਨ ਭੇਜਿਆ ਗਿਆ ਸੀ, ਪਰ 10 ਫੀਸਦੀ ਲੋਕਾਂ ਨੂੰ ਵੀ ਇਹ ਰਾਹਤ ਨਹੀਂ ਮਿਲੀ। ਇਹ ਘੁਟਾਲਾ ਇੰਨਾ ਵੱਡਾ ਹੈ ਕਿ ਸੋਚ ਕੇ ਸਿਰ ਚਕਰਾ ਜਾਂਦਾ ਹੈ। ਇਸ ਘੁਟਾਲੇ ਲਈ ਜ਼ਿੰਮੇਵਾਰ ਸਾਰੇ ਕਾਂਗਰਸੀਆਂ ਖ਼ਿਲਾਫ ਤੁਰੰਤ ਕੇਸ ਦਰਜ ਕਰਨਾ ਚਾਹੀਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਸ਼ਰਾਬ ਮਾਫੀਆ ਨੇ ਕਾਂਗਰਸੀਆਂ ਆਗੂਆਂ ਅਤੇ ਵਿਧਾਇਕਾਂ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਨਂੂੰ 5600 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਆਬਕਾਰੀ ਮਹਿਕਮੇ ਨੂੰ ਇਹ ਘਾਟਾ ਇਸ ਲਈ ਝੱਲਣਾ ਪਿਆ ਹੈ, ਕਿਉਂਕਿ ਸਰਕਾਰ ਨੇ ਕਾਗਰਸੀ ਆਗੂਆਂ ਅਤੇ ਉਹਨਾਂ ਦੇ ਦੋਸਤਾਂ ਦੀ ਸ਼ਰਾਬ ਦੀਆਂ ਫੈਕਟਰੀਆਂ ਨੂੰ ਟਰੱਕਾਂ ਦੇ ਟਰੱਕ ਸ਼ਰਾਬ ਬਿਨਾਂ ਆਬਕਾਰੀ ਟੈਕਸ ਦਿੱਤੇ ਵੇਚਣ ਦੀ ਖੁੱਲ੍ਹ ਦਿੱਤੀ ਹੋਈ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇਹਨਾਂ ਸ਼ਰਾਬ ਦੀਆਂ ਫੈਕਟਰੀਆਂ ਨੇ ਉਹਨਾਂ ਕਾਂਗਰਸੀ ਆਗੂਆਂ ਨੂੰ ਈਐਨਏ ਦੀ ਸਪਲਾਈ ਕੀਤੀ ਸੀ, ਜਿਹਨਾਂ ਨੇ ਬੋਤਲਾਂ 'ਚ ਸ਼ਰਾਬ ਭਰਨ ਵਾਲੀਆਂ ਆਪਣੀਆਂ ਗੈਰਕਾਨੂੰਨੀ ਫੈਕਟਰੀਆਂ ਅੰਦਰ ਇਸ ਨੂੰ ਸ਼ਰਾਬ ਬਣਾ ਕੇ ਵੇਚ ਦਿੱਤਾ। ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਦਲ ਨੂੰ ਸੂਬੇ ਅੰਦਰ ਸ਼ਰਾਬਬੰਦੀ ਲਾਗੂ ਕਰਨ ਲਈ ਵਿਧਾਨ ਸਭਾ ਵਿਚ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ, ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਵਿਧਾਨ ਸਭਾ ਅੰਦਰ ਭਾਰੀ ਬਹੁਮੱਤ ਹੈ ਅਤੇ ਉਹ ਬੜੀ ਆਸਾਨੀ ਨਾਲ ਅਜਿਹਾ ਕਰ ਸਕਦੀ ਹੈ।
ਸਰਦਾਰ ਬਾਦਲ ਨੇ ਇਹ ਵੀ ਖੁਲਾਸਾ ਕੀਤਾ ਕਿ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਸ਼ਰੇਆਮ ਗੈਰਕਾਨੂੰਨੀ ਰੇਤ ਮਾਈਨਿੰਗ ਕਰ ਰਹੇ ਹਨ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੂੰ ਖੁੱਲੀ ਛੋਟ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹਨਾਂ ਵਿਧਾਇਕਾਂ ਵੱਲੋਂਂ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਬਣੀ ਤਾਂ ਇਸ ਵੱਲੋਂ ਕੁਦਰਤੀ ਸਰੋਤਾਂ ਦੀ ਲੁੱਟ ਦੀ ਜਾਂਚ ਕੀਤੀ ਜਾਵੇਗੀ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਅਤੇ ਵਾਤਾਵਰਣ ਨਾਲ ਖਿਲਵਾੜ ਕਰਨ ਵਾਲੇ ਸਾਰੇ ਵਿਧਾਇਕਾਂ ਖ਼ਿਲਾਫ ਕੇਸ ਦਰਜ ਕੀਤੇ ਜਾਣਗੇ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮਾਈਨਿੰਗ ਮਾਫੀਆ ਦਾ ਹੌਂਸਲਾ ਇੰਨਾ ਖੁੱਲ੍ਹ ਚੁੱਕਿਆ ਹੈ ਕਿ ਇਸ ਨੇ ਆਪਣੇ ਖ਼ਿæਲਾਫ ਲਗਾਤਾਰ ਲਿਖਣ ਵਾਲੇ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਨਵਾਂ ਸ਼ਹਿਰ ਦੇ ਪੱਤਰਕਾਰ ਸਨਪ੍ਰੀਤ ਸਿੰਘ ਦੀ ਮੌਤ ਮਗਰੋਂ ਇੱਕ ਅਹਿਮ ਸਬੂਤ ਮਿਟ ਗਿਆ ਹੈ। ਪੁਲਿਸ ਇਸ ਨੂੰ ਹਾਦਸਾ ਵਜੋਂ ਵੇਖ ਰਹੀ ਸੀ ,ਜਦਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਪੱਤਰਕਾਰ ਉੱਤੇ 14 ਵਾਰ ਹਮਲਾ ਕੀਤਾ ਗਿਆ ਸੀ। ਉਹਨਾਂ ਨੇ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਸਹਿਯੋਗੀ ਵੱਲੋਂ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਖ਼ਿਲਾਫ ਇੱਕ ਝੂਠਾ ਕੇਸ ਦਰਜ ਕਰਵਾਉਣ ਦੀ ਵੀ ਨਿਖੇਧੀ ਕੀਤੀ।
ਅਕਾਲੀ ਦਲ ਪ੍ਰਧਾਨ ਨੇ ਅੱਜ ਇਹਨਾਂ ਸਾਰੀਆਂ ਥਾਵਾਂ ਉੱਤੇ ਸੈਨੇਟਾਈਜ਼ਰ ਵੀ ਵੰਡੇ, ਜਿਸ ਨਾਲ ਹੁਣ ਤਕ ਵੰਡੇ ਸੈਨੇਟਾਈਜ਼ਰਾਂ ਦੀ ਗਿਣਤੀ 50 ਹਜ਼ਾਰ ਤਕ ਪਹੁੰਚ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਅਬਹੋਰ ਵਿਧਾਇਕ ਅਰੁਣ ਨਾਰੰਗ, ਗੁਰਤੇਜ ਸਿੰਘ ਘੁਦਿਆਣਾ, ਪਰਕਾਸ਼ ਸਿੰਘ ਭੱਟੀ, ਸੁਰਜੀਤ ਕੁਮਾਰ ਜਿਆਣੀ, ਸਤਿੰਦਰਜੀਤ ਸਿੰਘ ਮੰਟਾ, ਵਰਿਂੰਦਰ ਸਿੰਘ ਨੋਨੀ ਮਾਨ, ਜੋਗਿੰਦਰ ਸਿੰਘ ਜਿੰਦੂ,ਅਸ਼ੋਕ ਅਨੇਜਾ ਅਤੇ ਪਰੇਮ ਕੁਮਾਰ ਵਲੇਚਾ ਵੀ ਹਾਜ਼ਿਰ ਸਨ।