ਚੰਡੀਗੜ੍ਹ/28 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਕਣਕ ਖਰੀਦ ਦੀ ਪ੍ਰਕਿਰਿਆਂ ਵਿਚ ਤਬਦੀਲੀਆਂ ਲਿਆਉਣ ਤਾਂ ਕਿ ਕਿਸਾਨ ਗਰੁੱਪਾਂ ਵਿਚ ਮੰਡੀਆਂ ਅੰਦਰ ਜਾ ਸਕਣ। ਇਸ ਤੋਂ ਇਲਾਵਾ ਲੱਖਾਂ ਗਰੀਬਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਪੰਜਾਬ ਅੰਦਰ ਫੂਡ ਸਪਲਾਈ ਚੇਨ ਬਹਾਲ ਕਰਨ ਵਾਸਤੇ ਮੁੱਖ ਮੰਤਰੀ ਤੁਰੰਤ ਜਰੂਰੀ ਕਦਮ ਉਠਾਉਣ ਲਈ ਆਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਆ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਬਾਰਦਾਨਾ ਵੰਡਣ ਦਾ ਪ੍ਰਬੰਧ ਕਰ ਸਕਦੀ ਹੈ ਅਤੇ ਉਹਨਾਂ ਨੂੰ ਆਪਣੇ ਖੇਤਾਂ ਜਾਂ ਘਰਾਂ ਵਿਚ ਕਣਕ ਸਟੋਰ ਕਰਨ ਲਈ ਆਖ ਸਕਦੀ ਹੈ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਕਣਕ ਦੀ ਇਸ ਢੰਗ ਨਾਲ ਗਰੁੱਪਾਂ ਵਿਚ ਖਰੀਦ ਕੀਤੀ ਜਾ ਸਕਦੀ ਹੈ ਕਿ ਖਰੀਦ ਦੇ ਪੂਰੇ ਸੀਜ਼ਨ ਦੌਰਾਨ ਮੰਡੀਆਂ ਵਿਚ ਭੀੜ ਨਾ ਹੋਵੇ।
ਸਰਦਾਰ ਬਾਦਲ ਨੇ ਕਿਹਾ ਕਿ ਜਿਵੇਂ ਕਿ ਹੁਣ ਸਾਫ ਦਿਸਦਾ ਹੈ ਕਿ ਅਗਲੇ ਮਹੀਨੇ ਜਦੋ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਤਾਂ ਕਿਸਾਨਾਂ ਨੂੰ ਭਾਰੀ ਮੁæਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸੂਬੇ ਅੰਦਰ ਮਜ਼ਦੂਰਾਂ ਅਤੇ ਕੰਬਾਇਨ ਹਾਰਵੈਸਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ, ਜਿਹਨਾਂ ਵਿਚੋਂ ਬਹੁਤ ਸਾਰੇ ਤੋਂ ਸੂਬੇ ਤੋਂ ਬਾਹਰ ਹੀ ਫਸ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਤੁਰੰਤ 50 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਣਕ ਦੀ ਵਾਢੀ ਕਰਵਾਉਣ ਸਮੇਂ ਮਹਿੰਗੀ ਮਜ਼ਦੂਰੀ ਦੇ ਬੋਝ ਨੂੰ ਝੱਲ ਸਕਣ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਅੰਦਰ ਆ ਰਹੇ ਵਾਢੀ ਦੇ ਸੀਜ਼ਨ ਵਾਸਤੇ ਕੰਬਾਇਨ ਹਾਰਵੈਸਟਰਾਂ ਦੀ ਗਿਣਤੀ ਵਧਾਉਣ ਲਈ ਇਹਨਾਂ ਦੀ ਖਰੀਦ ਉੱਤੇ ਸਬਸਿਡੀ ਦਾ ਐਲਾਨ ਕਰਨਾ ਚਾਹੀਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਆ ਰਹੀ ਆਲੂਆਂ ਦੀ ਫਸਲ ਦੀ ਖਰੀਦ ਲਈ ਵੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਨੂੰ ਇਸ ਫਸਲ ਦਾ ਵੱਡਾ ਹਿੱਸਾ ਖੁਦ ਖਰੀਦਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ। ਇਸ ਖਰੀਦੇ ਹੋਏ ਆਲੂ ਨੂੰ ਗਰੀਬਾਂ ਅਤੇ ਲੋੜਵੰਦਾਂ ਵਿਚ ਮੁਫਤ ਵੰਡਿਆ ਜਾ ਸਕਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮਾਲਵਾ ਦੇ ਕਿਸਾਨ ਅਗਲੇ ਮਹੀਨੇ 20 ਅਪ੍ਰੈਲ ਤੋ ਨਰਮੇ ਦੀ ਬਿਜਾਈ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਕਿਸਾਨਾਂ ਨੇ ਉਹਨਾਂ ਤਕ ਪਹੁੰਚ ਕਰਕੇ ਦੱਸਿਆ ਕਿ ਵਧੀਆ ਕੁਆਇਲਟੀ ਦੇ ਬੀਟੀ ਕਾਟਨ ਬੀਜ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਤਾਮਿਲਨਾਡੂ ਅਤੇ ਗੁਜਰਾਤ ਤੋਂ ਬੀਟੀ ਕਾਟਨ ਬੀਜ ਦੀ ਖਰੀਦ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਕਿਸਾਨਾਂ ਵਿਚ ਵੰਡਣਾ ਚਾਹੀਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸੂਬੇ ਅੰਦਰ ਫੂਡ ਸਪਲਾਈ ਦੀ ਚੇਨ ਬਹਾਲ ਕਰਨ ਲਈ ਜਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਸੂਬੇ ਅੰਦਰ ਜਰੂਰੀ ਵਸਤਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਖੁਰਾਕ ਉਤਪਾਦਾਂ ਦਾ ਅੰਤਰ-ਰਾਜੀ ਆਉਣ-ਜਾਣ ਰੁਕਣਾ ਨਹੀਂ ਚਾਹੀਦਾ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਦਖ਼ਲ ਦੇਣਾ ਚਾਹੀਦਾ ਹੈ ਕਿ ਖੁਰਾਕ ਉਤਪਾਦ ਰਿਟੇਲ ਦੁਕਾਨਾਂ ਅਤੇ ਲੋਕ ਤਕ ਪਹੁੰਚਣ। ਉਹਨਾਂ ਕਿਹਾ ਕਿ ਢੋਅ-ਢੁਆਈ ਵਿਚ ਸਬਜ਼ੀਆਂ ਅਤੇ ਫਲਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਸ਼ਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨਾਂ ਨੂੰ ਸਾਰੀਆਂ ਜਰੂਰੀ ਵਸਤਾਂ ਦੀਆਂ ਕੀਮਤਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਅਤੇ ਹੈਲਪ ਲਾਇਨਾਂ ਸਥਾਪਤ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸੰਕਟ ਦੇ ਇਸ ਸਮੇਂ ਵਿਚ ਕਿਸੇ ਨੂੰ ਵੀ ਲੁੱਟਿਆ ਨਾ ਜਾਵੇ।