ਚੰਡੀਗੜ੍ਹ/01 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੀਨੀਅਰ ਫੋਟੋ ਜਰਨਲਿਸਟ ਰਾਜੇਸ਼ ਭਾਂਬੀ ਦੇ ਕਿਡਨੀ ਦੀ ਬੀਮਾਰੀ ਸਦਕਾ ਅਚਾਨਕ ਹੋਏ ਦੇਹਾਂਤ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਆਪਣੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਇੱਕ ਵੱਡੇ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ, ਕਿਉਂਕਿ ਇੱਕ ਫੋਟੋ ਜਰਨਲਿਸਟ ਤੋਂ ਇਲਾਵਾ ਰਾਜੇਸ਼ ਭਾਂਬੀ ਕਈ ਵੱਡੇ ਮੀਡੀਆ ਅਦਾਰਿਆਂ ਦੇ ਬਿਊਰੋ ਹੈਡ ਵੀ ਰਹੇ ਸਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਭਾਂਬੀ ਆਜ ਸਮਾਜ ਅਤੇ ਇੰਡੀਆ ਨਿਊਜ਼ ਦੇ ਬਿਊਰੋ ਸਨ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਕੇਸਰੀ, ਦ ਟ੍ਰਿਬਿਊਨ ਅਤੇ ਦ ਹਿੰਦੁਸਤਾਨ ਟਾਈਮਜ਼ ਨਾਲ ਕੰਮ ਕੀਤਾ ਸੀ।
ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਜੇਸ਼ ਭਾਂਬੀ ਨੇ ਮੀਡੀਆ ਭਾਈਚਾਰੇ ਅਤੇ ਸਮਾਜ ਅੰਦਰ ਬਹੁਤ ਸਤਿਕਾਰ ਹਾਸਿਲ ਕੀਤਾ ਸੀ। ਉਹਨਾਂ ਕਿਹਾ ਕਿ ਉਹ ਲੁਧਿਆਣਾ ਦੇ ਇਤਿਹਾਸ ਅਤੇ ਇਸ ਇਲਾਕੇ ਦੀ ਰਾਜਨੀਤੀ ਨਾਲ ਜੁੜੀਆਂ ਘਟਨਾਵਾਂ ਬਾਰੇ ਬਹੁਤ ਡੂੰਘੀ ਜਾਣਕਾਰੀ ਰੱਖਦੇ ਸਨ। ਉਹਨਾਂ ਦੇ ਜਾਣ ਨਾਲ ਪਏ ਘਾਟੇ ਨੂੰ ਪੂਰਾ ਕਰਨਾ ਮੁਸ਼ਕਿਲ ਹੋਵੇਗਾ।