ਚੰਡੀਗੜ੍ਹ/08 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨ ਤਾਰਨ ਵਿਖੇ ਪਟਾਕਾ ਵਿਸਫੋਟ ਘਟਨਾ ਦੇ ਪੀੜਤਾਂ ਲਈ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸ਼ਨੀਵਾਰ ਨੂੰ ਇੱਕ ਨਗਰ ਕੀਰਤਨ ਦੌਰਾਨ ਪਟਾਕਿਆਂ ਨੂੰ ਅੱਗ ਲੱਗਣ ਕਰਕੇ ਵਾਪਰੀ ਇਸ ਦੁਖਦਾਈ ਘਟਨਾ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ।
ਆਪਣੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੈਨੂੰ ਤਰਨ ਤਾਰਨ ਜ਼ਿਲ੍ਹੇ ਵਿਚ ਇੱਕ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਵਿਚ ਹੋਈਆਂ ਮੌਤਾਂ ਬਾਰੇ ਜਾਣ ਕੇ ਬਹੁਤ ਹੀ ਦੁੱਖ ਹੋਇਆ ਹੈ। ਮੈਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਹਾਂ ਅਤੇ ਜ਼ਖ਼ਮੀ ਹੋਈਆਂ ਸੰਗਤਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦਾ ਹਾਂ। ਉਹਨਾਂ ਕਿਹਾ ਕਿ ਮੈਂ ਸੂਬਾ ਸਰਕਾਰ ਨੂੰ ਇਸ ਦੁੱਖ ਦੀ ਘੜੀ ਵਿਚ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਦੀ ਅਪੀਲ ਕਰਦਾ ਹਾਂ।
ਸਰਦਾਰ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਵੀ ਹਮਦਰਦੀ ਜਾਹਿਰ ਕੀਤੀ ਅਤੇ ਪਰਮਾਤਮਾ ਅੱਗੇ ਦੁਖੀ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।