ਚੰਡੀਗੜ੍ਹ, 24 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਰਾਜਕਾਲ ਦੌਰਾਨ ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਪਿੰਡ ਬੜੀ ਵਿਖੇ 90 ਕਰੋੜ ਰੁਪਏ ਕੀਮਤ ਦੀ 7.5 ਏਕੜ ਬੇਸ਼ਕੀਮਤੀ ਜ਼ਮੀਨ ਧੱਕੇ ਨਾਲ ਹਥਿਆਰ ਲਈ ਹੈ ਤੇ ਪ੍ਰਾਈਵੇਟ ਹਸਪਤਾਲ ਦੇ ਨਿਰਮਾਣ ਵਾਸਤੇ ਇਸ ਵਾਸਤੇ ਸਾਲਾਨਾ 1 ਲੱਖ ਰੁਪਏ ਲੀਜ਼ ਤੈਅ ਕੀਤੀ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਰਲ ਕੇ ਪਿੰਡ ਬੜੀ ਵਿਚ ਲੱਗੇ ਧਰਨੇ ਵਿਚ ਸ਼ਮੂਲੀਅਤ ਕੀਤੀ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 90 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜ਼ਮੀਨ ਇਲਾਕੇ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ 33 ਸਾਲਾਂ ਲਈ ਲੀਜ਼ ’ਤੇ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੇਨੁੰ ਪਤਾ ਲੱਗਾ ਹੈ ਕਿ ਸਾਰੀ ਗ੍ਰਾਮ ਸਭਾ ਹੀ ਇਸ ਕੰਮ ਦੇ ਖਿਲਾਫ ਸੀ। ਉਹਨਾਂ ਕਿਹਾ ਕਿ ਸਰਪੰਚ ਨੇ ਮੈਨੁੰ ਉਹ ਵੀਡੀਓ ਵੀ ਵਿਖਾਈ ਹੈ ਜਿਸ ਵਿਚ ਬਲਬੀਰ ਸਿੱਧੂ ਪਿੰਡ ਵਾਲਿਆਂ ’ਤੇ ਹਸਪਤਾਲ ਬਣਾਉਣ ਲਈ ਇਹ ਜ਼ਮੀਨ ਦੇਣ ਵਾਸਤੇ ਦਬਾਅ ਪਾ ਰਹੇ ਹਨ।
ਸਰਦਾਰ ਬਾਦਲ ਜਿਹਨਾਂ ਨੇ ਇਸ ਮਾਮਲੇ ’ਤੇ ਪ੍ਰੈਸ ਕਾਨਫਰੰਸ ਨੁੰ ਵੀ ਸੰਬੋਧਨ ਕੀਤਾ, ਨੇ ਕਿਹਾ ਕਿ ਪਿੰਡ ਬੜੀ ਤੋਂ ਇਲਾਵਾ ਪਿੰਡ ਆਕੜੀ, ਸਿਹਰਾ, ਸੇਹਰੀ, ਤਖਤੂਮਾਜਰਾ ਅਤੇ ਪਬਰਾ ਦੇ ਲੋਕਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਦੱਸਿਆ ਕਿ ਕਿਵੇਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਵਿਚ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿਰ ’ਤੇ ਆਈ ਟੀ ਪਾਰਕ ਲਈ ਐਕਵਾਇਰ ਕੀਤੀ 1102 ਏਕੜ ਜ਼ਮੀਨ ਦਾ ਗਲਤ ਮੁਆਵਜ਼ਾ ਵੰਡਿਆ ਗਿਆ ਹੈ। ਇਸੇ ਤਰੀਕੇ ਬਲਬੀਰ ਸਿੱਧੂ ਮੁਹਾਲੀ ਵਿਚ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਧੂ ਨੇ ਤਾਂ ਬਲੋਂਗੀ ਪਿੰਡ ਵਿਚ ਗਊਸ਼ਾਲਾ ਦੇ ਨਾਂ ’ਤੇ ਟਰੱਸਟ ਬਣਾ ਕੇ 10.4 ਏਕੜ ਸ਼ਾਮਲਾਟ ਜ਼ਮੀਨ ਹਥਿਆਰ ਲਈ ਜਦੋਂ ਕਿ ਇਸ ਜ਼ਮੀਨ ’ਤੇ ਇਕ ਬੈਂਕੁਇਟ ਹਾਲ ਅਤੇ ਹੋਰ ਵਪਾਰਕ ਗਤੀਵਿਧੀਆਂ ਦੀ ਮਨਜ਼ੂਰੀ ਲੈ ਲਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਪਿੰਡ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕੌਡੀਆਂ ਦੇ ਭਾਅ ਜ਼ਮੀਨ ਹਥਿਆਈ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸੂਬੇ ਵਿਚ ਕਮਿਸ਼ਨ ਗਠਿਤ ਕੀਤਾ ਜਾਵੇਗਾ ਜੋ ਬਲਬੀਰ ਸਿੱਧੂ ਤੇ ਮਦਨ ਲਾਲ ਜਲਾਲਪੁਰ ਸਮੇਤ ਕਾਂਗਰਸੀਆਂ ਵੱਲੋਂ ਸ਼ਾਮਲਾਟ ਜ਼ਮੀਨ ਦੇ ਕੀਤੇ ਘੁਟਾਲੇ ਦੀ ਜਾਂਚ ਕਰਗੇਾ। ਉਹਨਾਂ ਕਿਹਾ ਕਿ ਅਸੀਂ ਨਜਾਇਜ਼ ਤੌਰ ’ਤੇ ਹਾਸਲ ਕੀਤੀਆਂ ਸ਼ਾਮਲਾਟ ਜ਼ਮੀਨਾਂ ਦੀ ਇਹ ਲੀਜ਼ ਰੱਦ ਰੱਦ ਕਰ ਕੇ ਜ਼ਮੀਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਾਪਸ ਕਰਾਂਗੇ।
ਇਸ ਦੌਰਾਨ ਸਰਦਾਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਤਸਵੀਰਾਂ ਖਿੱਚਵਾਉਣ ’ਤੇ ਜ਼ੋਰ ਦੇਣਾ ਬੰਦ ਕਰ ਕੇ ਸੂਬੇ ਨੁੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲਣ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਕੁਪ੍ਰਬੰਧਨ ਅਹਿਾ ਹੈ ਕਿ ਕਿਸਾਨਾਂ ਨੂੰ ਸਮੇਂ ਸਿਰ ਡੀ ਏ ਪੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਡੀ ਏ ਪੀ ਇਕ ਮਹੀਨੇ ਪਹਿਲਾਂ ਹੀ ਸੂਬੇ ਵਿਚ ਲਿਆਂਦੀ ਜਾਂਦੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫਸਲ ਵਾਸਤੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤੇ ਚੰਨੀ ਨੇ ਇਸ਼ਤਿਹਾਰਾਂ ਰਾਹੀਂ ਇਸਦਾ ਸਿਹਰਾ ਵੀ ਆਪਣੇ ਸਿਰ ਬੰਨ ਲਿਆ ਪਰ ਹਾਲੇ ਤੱਕ ਇਕ ਵੀ ਕਿਸਾਨ ਨੂੰ ਕੋਈ ਰਾਹਤ ਨਹੀਂ ਮਿਲੀ।
ਜਦੋਂ ਉਹਨਾਂ ਤੋਂ ਪੰਜਾਬ ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੁੰ ਲੈ ਕੇ ਛਿੜੀ ਜੰਗ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਉਹੀ ਕਾਂਗਰਸੀ ਆਗੂ ਹਨ ਜੋ ਅਰੂਸਾ ਆਲਮ ਨੂੰ ਬਹੁਤ ਵੱਡੀ ਤਰਜੀਹ ਦਿੰਦੇ ਸਨ ਤੇ ਉਸ ਨਾਲ ਤਸਵੀਰ ਖਿੱਚਵਾਉਣ ਲਈ ਤਰਲੋ ਮੱਛੀ ਹੁੰਦੇ ਸਨ। ਉਹਨਾਂ ਕਿਹਾ ਕਿ ਇਹ ਆਗੂ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਪਹਿਲਾਂ ਅਰੂਸਾ ਆਲਮ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਅਤੇ ਪਹਿਲਾਂ ਸਾਢੇ ਚਾਰ ਸਾਲਾਂ ਦੌਰਾਨ ਉਸਦੇ ਖਿਲਾਫ ਕਿਉਂ ਨਹੀਂ ਬੋਲੇ।