ਪੰਜਾਬ ਸਰਕਾਰ ਨੁੰ ਹਰ ਸ਼ਹੀਦ ਦੇ ਪਰਿਵਾਰ ਨੂੰ ਘੱਟ ਤੋਂ ਘੱਟ 50 ਲੱਖ ਰੁਪਏ ਮੁਆਵਜ਼ਾ ਤੇ ਇਕ ਸਰਕਾਰੀ ਨੌਕਰੀ ਪ੍ਰਦਾਨ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 11 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜੰਮੂ ਕਸ਼ਮੀਰ ਵਿਚ ਹੋਏ ਮੁਕਾਬਲੇ ਵਿਚ ਪੰਜਾਬ ਦੇ 3 ਫੌਜੀਆਂ ਸਮੇਤ 5 ਫੌਜੀਆਂ ਦੀ ਸ਼ਹਾਦਤ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਨੁੰ ਅਪੀਲ ਕੀਤੀ ਕਿ ਹਰ ਸ਼ਹੀਦ ਦੇ ਪਰਿਵਾਰ ਨੁੰ ਘੱਟ ਤੋਂ ਘੱਟ 50 ਲੱਖ ਰੁਪਏ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਮੁਕਾਬਲੇ ਨੇ ਸਾਰੇ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਹੱਕਾ ਬੱਕਾ ਕਰ ਦਿੱਤਾ ਹੈ ਕਿਉਂਕਿ ਦੇਸ਼ ਨੇ ਪੰਜ ਬਹਾਦਰ ਸੈਨਿਕ ਗੁਆ ਲਏ ਹਨ। ਉਹਨਾਂ ਕਿਹਾ ਕਿ ਜਿਵੇਂ ਕਿ ਹਰ ਵਾਰ ਹੁੰਦਾ ਹੈ ਇਸ ਵਾਰ ਵੀ ਦੇਸ਼ ਵਾਸਤੇ ਪੰਜਾਬੀ ਸ਼ਹਾਦਤਾਂ ਦੇਣ ਵਿਚ ਸਭ ਤੋਂ ਮੂਹਰੇ ਹਨ ਤੇ 5 ਵਿਚੋਂ 3 ਸ਼ਹੀਦ ਪੰਜਾਬ ਤੋਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਇਸ ਧਰਤੀ ’ਤੇ ਅਕਾਲ ਪੁਰਖ ਮਿਹਰਬਾਨ ਹੈ ਜਿਸ ਕਾਰਨ ਇਸ ਧਰਤੀ ਤੋਂ ਬਹਾਦਰ ਪੈਦਾ ਹੁੰਦੇ ਹਨ ਜਿਹਨਾਂ ਵਿਚ ਨਾ ਸਿਰਫ ਫੌਜਰੀ ਬਲਕਿ ਕਿਸਾਨ ਵੀ ਸ਼ਾਮਲ ਹਨ ਜੋ ਭਾਰਤ ਦੇ ਹਰ ਨਾਗਰਿਕ ਨੁੰ ਅਨਾਜ ਪ੍ਰਦਾਨ ਕਰਦੇ ਹਨ। ਉਹਨਾਂ ਨੇ ਪੰਜਾਬ ਸਰਕਾਰ ਨੁੰ ਅਪੀਲ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੁੰ 50 ਲੱਖ ਰੁਪਏ ਮੁਆਵਜ਼ੇ ਤੋਂ ਇਲਾਵਾ ਹਰ ਪਰਿਵਾਰ ਦੇ ਘੱਟ ਤੋਂ ਘੱਟ ਇਕ ਜੀਅ ਨੁੰ ਸਰਕਾਰੀ ਨੌਕਰੀ ਪ੍ਰਦਾਨ ਕਰੇ।
ਸਰਦਾਰ ਬਾਦਲ ਨੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਕਪੂਰਥਲਾ, ਨਾਇਕ ਮਨਦੀਪ ਸਿੰਘ ਚੱਲਾ ਜ਼ਿਲ੍ਹਾ ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ਪੰਚਰੰਦਾ ਜ਼ਿਲ੍ਹਾ ਰੋਪੜ, ਸਿਪਾਹੀ ਸਰਾਜ ਸਿੰਘ ਅਖਤਿਆਰਪੁਰ ਜ਼ਿਲ੍ਹਾ ਸ਼ਹਾਰਨਪੁਰ ਯੂ ਪੀ ਤੇ ਸਿਪਾਹੀ ਵੈਸਾਖ ਓਡਾਨਵਾਤਮ ਜ਼ਿਲ੍ਹਾ ਕੋਲਮ ਕੇਰਲਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੁੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੁੰ ਭਾਣਾ ਮੰਨਣ ਦਾ ਬਲ ਬਖਸ਼ੇ।