ਚੰਡੀਗੜ੍ਹ, 3 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਅਧਿਕਾਰੀ ਬਲਬੀਰ ਸਿੰਘ ਢੋਲ ਵੱਲੋਂ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਬਾਰੇ ਲਿਖੀ ਪੁਸਤਕ ‘ ਨੇੜਿਓਂ ਤੱਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ’ ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਰਿਲੀਜ਼ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਲਬੀਰ ਸਿੰਘ ਢੋਲ ਨੇ ਸਰਕਾਰ ਵਿਚ ਵੱਖ ਵੱਖ ਅਹੁਦਿਆਂ ’ਤੇ ਹੁੰਦਿਆਂ ਸਰਦਾਰ ਬਾਦਲ ਨੇ ਨੇੜਿਓਂ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਆਪਣੇ ਸਰਕਾਰੀ ਅਧਿਕਾਰੀ ਵਜੋਂ ਕਾਰਜਕਾਲ ਦੌਰਾਨ ਉਹਨਾਂ ਨੇ ਸਰਦਾਰ ਬਾਦਲ ਦੇ ਕੰਮ ਕਰਨ ਦੇ ਤਰੀਕੇ ਨੂੰ ਨੇੜਿਓਂ ਤੱਕਿਆ ਤੇ ਆਪਣੇ ਤਜ਼ਰਬੇ ਦੇ ਆਧਾਰ ’ਤੇ ਉਹਨਾਂ ਇਹ ਪੁਸਤਕ ਲਿਖੀ ਜੋ ਸਰਦਾਰ ਬਾਦਲ ਦੇ ਜੀਵਨ ਦਾ ਝਲਕਾਰਾ ਹੈ।
ਆਪਣੀ ਪੁਸਤਕ ਵਿਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਉਸਨੇ ਸਰਦਾਰ ਬਾਦਲ ਨੁੰ ਨਾਮਜ਼ਦਗੀ ਪੱਤਰ ਦਾਖਲ ਕਰਦਿਆਂ, ਲੋਕਾਂ ਨਾਲ ਗੱਲ ਕਰਨ ਦੇ ਤਰੀਕੇ ਤੇ ਨਰਮ ਸੁਭਾਅ ਅਤੇ ਸਮੇਂ ਸਿਰ ਕੰਮ ਕਰਨ ਦੇ ਨਿਯਮ ਦੀ ਪਾਲਣਾ ਕਰਦਿਆਂ ਵੇਖਿਆ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਬਾਦਲ ਨੇ ਸੰਗਤ ਦਰਸ਼ਨ ਆਯੋਜਿਤ ਕੀਤੇ ਜਿਸ ਵਿਚ ਆਮ ਆਦਮੀ ਦੀਆਂ ਮੁਸ਼ਕਿਲਾਂ ਸਿੱਧੇ ਤੌਰ ’ਤੇ ਵੇਖੀਆਂ ਤੇ ਹੱਲ ਕੀਤੀਆਂ। ਲੇਖਕ ਨੇ ਇਹ ਵੀ ਦੱਸਿਆ ਕਿ ਸਰਦਾਰ ਬਾਦਲ ਕਿਸਾਨ ਪੱਖੀ ਤੇ ਦਲਿਤ ਪੱਖੀ ਨੇਤਾ ਹਨ ਤੇ ਉਸਨੇ ਸਰਦਾਰ ਬਾਦਲ ਦੇ ਜੀਵਨ ਦੇ ਹੋਰ ਪਹਿਲੂਆਂਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸਰਦਾਰ ਬਲਬੀਰ ਸਿੰਘ ਢੋਲ ਨੇ ਪੁਸਤਕ ਰਿਲੀਜ਼ ਕਰਨ ਲਈ ਸਰਦਾਰ ਸੁਖਬੀਰ ਸਿੰਘਬਾਦਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹਨਾਂ ਨੇ ਅਜਿਹੇ ਦੂਰ ਦਰਸ਼ੀ ਨੇਤਾ ਨਾਲ ਕੰਮ ਕੀਤਾ ਜੋ ਹਮੇਸ਼ਾ ਲੋਕਾਂ ਦੀ ਭਲਾਈ ਬਾਰੇ ਤੇ ਸੂਬੇ ਦੇ ਵਿਕਾਸ ਬਾਰੇ ਸੋਚਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।