ਚੰਡੀਗੜ੍ਹ/23 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਦਲਬੀਰ ਸਿੰਘ ਢਿੱਲਵਾਂ ਦੇ ਭਿਆਨਕ ਕਤਲ ਦੇ ਮਾਮਲੇ ਵਿਚ ਕਮਿਸ਼ਨ ਬਟਾਲਾ ਦੇ ਐਸਐਸਪੀ ਨੂੰ ਨਿਰਦੇਸ਼ ਦੇਵੇ ਕਿ ਉਹ ਤੁਰੰਤ ਪੀੜਤ ਪਰਿਵਾਰ ਦੇ ਬਿਆਨ ਕਲਮਬੱਧ ਕਰੇ ਅਤੇ ਇਸ 'ਸਿਆਸੀ ਕਤਲ' ਦੇ ਕੇਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕਰਕੇ ਤੁਰੰਤ ਬਣਦੀ ਕਾਰਵਾਈ ਕਰੇ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਚ ਐਲ ਦੱਤੂ ਨੂੰ ਲਿਖੀ ਚਿੱਠੀ ਵਿਚ ਅਕਾਲੀ ਦਲ ਪ੍ਰਧਾਨ ਨੇ ਅਪੀਲ ਕੀਤੀ ਕਿ ਉਹ ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਤੁਰੰਤ ਪੀੜਤ ਪਰਿਵਾਰ ਦੇ ਬਿਆਨ ਕਲਮਬੱਧ ਕਰਨ ਅਤੇ ਇਹਨਾਂ ਬਿਆਨਾਂ ਨੂੰ ਐਫਆਈਆਰ ਵਿਚ ਤਬਦੀਲ ਕਰਨ ਦਾ ਨਿਰਦੇਸ਼ ਦੇਣ। ਉਹਨਾ ਕਿਹਾ ਕਿ 18 ਨਵੰਬਰ ਨੂੰ ਦਲਬੀਰ ਉੱਤੇ ਕੀਤੇ ਗਏ ਵਹਿਸ਼ੀਆਨਾ ਹਮਲੇ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਵਿਚ ਹਮਲਾਵਰਾਂ ਨੇ ਨਾ ਸਿਰਫ ਪੀੜਤ ਨੂੰ 15 ਗੋਲੀਆਂ ਮਾਰੀਆਂ ਸਨ, ਸਗੋਂ ਉਸ ਦੀਆਂ ਦੋਵੇਂ ਲੱਤਾਂ ਵੀ ਵੱਢ ਦਿੱਤੀਆਂ ਸਨ। ਉਹਨਾਂ ਕਿਹਾ ਕਿ ਇੰਨੇ ਭਿਆਨਕ ਹਮਲੇ ਦੇ ਬਾਵਜੂਦ ਅਜੇ ਤਕ ਨਾ ਤਾਂ ਕੋਈ ਹਮਲਾਵਰ ਗਿਰਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਪੀੜਤ ਪਰਿਵਾਰ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਭਿਆਨਕ ਹਾਦਸੇ ਨੂੰ ਵਾਪਰਿਆਂ ਚਾਰ ਦਿਨ ਤੋਂ ਵੱਧ ਹੋ ਚੁੱਕੇ ਹਨ ਅਤੇ ਪੀੜਤ ਪਰਿਵਾਰ ਅਜੇ ਤਕ ਆਪਣਾ ਬਿਆਨ ਦਰਜ ਕਰਵਾਉਣ ਵਾਸਤੇ ਖੱਜਲ ਖੁਆਰ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਸਥਾਨਕ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਰਿਕਾਰਡ ਕਰਨ ਤੋਂ ਇਨਕਾਰ ਕਰ ਰਹੀ ਹੈ ਅਤੇ ਇਸ ਸੰਬੰਧੀ ਪੰਜਾਬ ਦੇ ਡੀਜੀਪੀ ਤਕ ਪਹੁੰਚ ਕਰਨ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ।
ਸਰਦਾਰ ਬਾਦਲ ਨੇ ਕਿਹਾ ਕਿ ਬਟਾਲਾ ਪੁਲਿਸ ਇਸ ਮਾਮਲੇ ਵਿਚ ਇਸ ਲਈ ਕਾਰਵਾਈ ਨਹੀਂ ਕਰ ਰਹੀ ਹੈ, ਕਿਉਂਕਿ ਪੀੜਤ ਦਲਬੀਰ ਢਿੱਲਵਾਂ ਦੇ ਸਪੁੱਤਰ ਸੰਦੀਪ ਸਿੰਘ ਨੇ ਸੂਬੇ ਦੇ ਡੀਜੀਪੀ ਨੂੰ ਲਿਖੀ ਚਿੱਠੀ ਵਿਚ ਇਹ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਦਾ ਕਤਲ ਇਲਾਕੇ ਦੇ ਵਿਧਾਇਕ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਮਾਣ ਰਹੇ ਕਾਂਗਰਸੀਆਂ ਨੇ ਕੀਤਾ ਹੈ। ਸੰਦੀਪ ਨੇ ਇਹ ਵੀ ਕਿਹਾ ਹੈ ਕਿ ਉਸ ਦੇ ਪਿਤਾ ਦਾ ਕਤਲ 2004 ਦੀਆਂ ਸੰਸਦੀ ਚੋਣਾਂ ਦੌਰਾਨ ਵਾਪਰੀ ਉਸ ਘਟਨਾ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਜਿਸ ਦੌਰਾਨ ਸੁਖਜਿੰਦਰ ਰੰਧਾਵਾ ਦੀ ਦਸਤਾਰ ਲੱਥ ਗਈ ਸੀ। ਸੰਦੀਪ ਨੇ ਦੱਸਿਆ ਹੈ ਕਿ ਉਸ ਘਟਨਾ ਲਈ ਮੰਤਰੀ ਨੇ ਢਿੱਲਵਾਂ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਉਸ ਦੇ ਦਾਦਾਜੀ ਸੰਤ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਦੋ ਬੇਟੇ ਖੋ ਚੁੱਕਿਆ ਹੈ ਅਤੇ ਜਲਦੀ ਹੀ ਇੱਕ ਹੋਰ ਬੇਟਾ ਖੋ ਦੇਵੇਗਾ।
ਅਕਾਲੀ ਦਲ ਪ੍ਰਧਾਨ ਨੇ ਕਮਿਸ਼ਨ ਨੂੰ ਦੱਸਿਆ ਕਿ ਸਾਬਕਾ ਸਰਪੰਚ ਦੇ ਪਰਿਵਾਰ ਨੇ ਕਾਂਗਰਸੀ ਮੰਤਰੀ ਦੀਆਂ ਵਧੀਕੀਆਂ ਦਾ ਪਰਦਾਫਾਸ਼ ਕਰਦਿਆਂ ਦੱਸਿਆ ਹੈ ਕਿ 2004 ਵਿਚ ਰੰਧਾਵਾ ਨਾਲ ਹੋਏ ਝਗੜੇ ਤੋਂ ਕੁੱਝ ਦੇਰ ਬਾਅਦ ਹੀ ਢਿੱਲਵਾਂ ਪਰਿਵਾਰ ਦੇ ਦਸ ਮੈਂਬਰਾਂ ਖਿਲਾਫ ਇੱਕ ਝੂਠਾ ਕੇਸ ਦਰਜ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ ਅਤੇ ਦਲਬੀਰ ਢਿੱਲਵਾਂ ਨੂੰ ਗਿਰਫਤਾਰ ਕਰਕੇ ਉਸ ਉੱਤੇ ਤਸ਼ੱਦਦ ਕੀਤਾ ਗਿਆ ਸੀ। ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਇਸ ਤੋਂ ਬਾਅਦ 10 ਸਾਲ ਅਕਾਲੀ-ਭਾਜਪਾ ਸਰਕਾਰ ਰਹੀ। ਪਰ ਹੁਣ ਕਾਂਗਰਸ ਸਰਕਾਰ ਦੀ ਹਕੂਮਤ ਦੌਰਾਨ ਮੰਤਰੀ ਦੀ ਲੱਥੀ ਦਸਤਾਰ ਦਾ ਬਦਲਾ ਲੈਣ ਲਈ ਕਾਂਗਰਸੀਆਂ ਨੇ ਦਲਬੀਰ ਦਾ ਕਤਲ ਕਰ ਦਿੱਤਾ।
ਸਰਦਾਰ ਬਾਦਲ ਨੇ ਕਮਿਸ਼ਨ ਮੁਖੀ ਦੇ ਧਿਆਨ ਵਿਚ ਇਹ ਗੱਲ ਵੀ ਲਿਆਂਦੀ ਕਿ ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਹੈ ਕਿ ਬਟਾਲਾ ਦਾ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਇੱਕ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ। ਪਰਿਵਾਰ ਦੇ ਦੱਸਿਆ ਹੈ ਕਿ ਦਲਬੀਰ ਦੇ ਕਤਲ ਤੋਂ 15 ਮਿੰਟ ਬਾਅਦ ਹੀ ਐਸਐਸਪੀ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਕਿ ਦਲਬੀਰ ਦਾ ਕਤਲ ਇੱਕ ਸਿਆਸੀ ਕਤਲ ਨਹੀਂ ਹੈ। ਉਹਨਾਂ ਕਿਹਾ ਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਸ ਕਤਲ ਵਿਚ ਇਲਾਕੇ ਦੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦਾ ਵੀ ਹੱਥ ਹੈ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਮੁਤਾਬਿਕ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਨਿਗਰਾਨੀ ਹੇਠ ਜੱਗੂ ਨੂੰ ਜੇਲ੍ਹ ਵਿਚ ਬੈਠ ਕੇ ਆਪਣਾ ਜੁਰਮ ਦਾ ਧੰਦਾ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ।