ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਵਿਧਾਇਕਾਂ ਨੂੰ ਸਮਾਜਿਕ ਦੂਰੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਮੰਡੀਆਂ ਵਿਚ ਭੀੜ ਕਰਨ ਤੋਂ ਰੋਕਣ
ਮੁੱਖ ਮੰਤਰੀ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆੜ੍ਹਤੀਆਂ ਦੇ ਸਾਰੇ ਲਟਕੇ ਮੁੱਦੇ ਹੱਲ ਕਰਨ ਲਈ ਆਖਿਆ
ਚੰਡੀਗੜ੍ਹ/17 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਈ-ਟੋਕਨ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਉੁਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਚੱਲ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਹੋਣ ਤੋਂ ਰੋਕਣ ਲਈ ਉਹ ਤੁਰੰਤ ਢੁੱਕਵੇਂ ਕਦਮ ਚੁੱਕਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਰਫ ਈ-ਟੋਕਨ ਸਿਸਟਮ ਹੀ ਫੇਲ੍ਹ ਨਹੀਂ ਹੋਇਆ ਹੈ,ਸਗੋਂ ਮੰਡੀਆਂ ਵਿਚ ਲੋੜੀਂਦੇ ਬਾਰਦਾਨੇ ਦੀ ਕਮੀ, ਸਫਾਈ ਅਤੇ ਮੁੱਢਲੀਆਂ ਸਹੂਲਤਾਂ ਦੀ ਕਮੀ ਅਤੇ ਖਰੀਦ ਦੀ æਪ੍ਰਕਿਰਿਆ ਵਿਚ ਆੜ੍ਹਤੀਆਂ ਦਾ ਸਹਿਯੋਗ ਨਾ ਦੇਣਾ ਆਦਿ ਪ੍ਰਸਾਸ਼ਨ ਦੀਆਂ ਕਣਕ ਦੀ ਖਰੀਦ ਸੰਬੰਧੀ ਅਧੂਰੀਆਂ ਤਿਆਰੀਆਂ ਦੀ ਪੋਲ੍ਹ ਖੋਲ੍ਹਦਾ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਜ਼ਿਆਦਾਤਰ ਯੋਜਨਾਵਾਂ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਗਈਆਂ ਹਨ, ਕਿਉਂਕਿ ਸਰਕਾਰ ਵੱਲੋਂ ਕੀਤੇ ਐਲਾਨਾਂ ਅਤੇ ਜ਼ਮੀਨੀ ਹਕੀਕਤ ਵਿਚ ਬਹੁਤ ਵੱਡਾ ਪਾੜਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਗੈਰਜ਼ਿੰਮੇਵਾਰਾਨਾ ਵਤੀਰੇ ਦੁਆਰਾ ਇਹਨਾਂ ਸਮੱਸਿਆਵਾਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ, ਜੋ ਕਿ ਸਮਾਜਿਕ ਦੂਰੀ ਸੰਬੰਧੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਮੰਡੀਆਂ ਵਿਚ ਚੱਕਰ ਮਾਰ ਰਹੇ ਹਨ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਤੁਰੰਤ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਕਿ ਉਹ ਸਿਰਫ ਮੀਡੀਆ 'ਚ ਵਾਹ ਵਾਹ ਖੱਟਣ ਲਈ ਮੰਡੀਆਂ ਵਿਚ ਭੀੜ ਕਰਕੇ ਕਿਸਾਨਾਂ ਦੀ ਸਿਹਤ ਨੂੰ ਖ਼ਤਰੇ ਵਿਚ ਨਾ ਪਾਉਣ। ਉਹਨਾਂ ਕਿਹਾ ਕਿ ਸਮਾਜਕ ਦੂਰੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੰਡੀਆਂ ਵਿਚ ਜਾਣ ਲਈ ਈ-ਪਾਸ ਜਾਰੀ ਕਰਨ ਵਾਲੇ ਐਪ ਨੂੰ ਲੈ ਕੇ ਬਹੁਤ ਭੰਬਲਭੂਸਾ ਪਿਆ ਹੋਇਆ ਹੈ। ਕਿਸਾਨਾਂ ਨੂੰ ਆਪਣੇ ਮੋਬਾਇਲ ਫੋਨਾਂ ਉੱਤੇ ਈ-ਟੋਕਨ ਹਾਸਿਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਕੋਲ ਸਮਾਰਟ ਫੋਨ ਹੀ ਨਹੀਂ ਹਨ। ਉਹਨਾਂ ਕਿਹਾ ਕਿ ਕਿਸਾਨ ਇਹ ਵੀ ਮੰਗ ਕਰ ਰਹੇ ਹਨ ਕਿ ਖਰੀਦ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਉਹਨਾਂ ਨੂੰ ਮੰਡੀ 'ਚ ਆਉਣ ਤੋਂ ਪਹਿਲਾਂ ਕਣਕ ਦੀਆਂ ਟਰਾਲੀਆਂ ਦਾ ਧਰਮ ਕੰਡਿਆਂ ਉੱਤੇ ਵਜ਼ਨ ਤੋਲਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਦਾ ਇੱਕ ਹੋਰ ਹੱਲ ਇਹ ਹੈ ਕਿ ਹਰ ਬਲਾਕ ਵਿਚ ਧਰਮ ਕੰਡੇ ਲਗਾਏ ਜਾਣ ਅਤੇ ਕਿਸਾਨਾਂ ਨੂੰ ਉੱਥੇ ਫਸਲ ਲਿਆਉਣ ਲਈ ਕਿਹਾ ਜਾਵੇ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜ਼ਿਆਦਾਤਰ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਮੀ ਕਰਕੇ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ ਕਿ ਮੰਡੀਆਂ ਵਿਚ ਪੀਣ ਵਾਲਾ ਪਾਣੀ ਅਤੇ ਸਾਬਣ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਤੂੜੀ ਤੁਰੰਤ ਸਮੇਟਣ ਦੀ ਆਗਿਆ ਦੇਣ ਲਈ ਆਖਦਿਆਂ ਕਿਹਾ ਕਿ ਉਹਨਾਂ ਨੂੰ ਇੱਕ ਮਈ ਤਕ ਉਡੀਕ ਕਰਨ ਲਈ ਨਾ ਕਿਹਾ ਜਾਵੇ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਅਜਿਹਾ ਕਰਨ ਨਾਲ ਤੂੜੀ ਦੀ ਗੁਣਵੱਤਾ ਅਤੇ ਉਤਪਾਦਨ ਉੱਤੇ ਮਾਰੂ ਪ੍ਰਭਾਵ ਪਵੇਗਾ, ਇਸ ਤੋਂ ਇਲਾਵਾ ਜੇਕਰ ਇਸ ਨੂੰ ਤੁਰੰਤ ਨਾ ਸਾਂਭਿਆ ਜਾਵੇ ਤਾਂ ਇਸ ਨੂੰ ਅੱਗ ਲੱਗਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਖੁਦ ਦਖ਼ਲ ਦੇ ਕੇ ਹੜਤਾਲ ਉੱਤੇ ਗਏ ਆੜ੍ਹਤੀਆਂ ਦੇ ਸਾਰੇ ਲਟਕੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਆੜ੍ਹਤੀਏ ਹੋਰ ਮੁੱਦਿਆਂ ਤੋਂ ਇਲਾਵਾ ਆਪਣੇ 200 ਕਰੋੜ ਰੁਪਏ ਦਾ ਬਕਾਇਆ ਦਿੱਤੇ ਜਾਣ ਅਤੇ ਮਜ਼ਦੂਰਾਂ ਦਾ ਬੀਮਾ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਆੜ੍ਹਤੀਆਂ ਨੂੰ ਸਖ਼ਤ ਕਾਰਵਾਈ ਦੀ ਧਮਕੀ ਦੇਣ ਦੀ ਬਜਾਇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।