ਕੋਵਿਡ-19 ਦੇ ਮਰੀਜ਼ਾਂ ਲਈ ਵਧੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ
ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿਚ ਵਰਤੀ ਗਈ ਅਣਗਹਿਲੀ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ ਪੀ ਸੋਨੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ
ਪ੍ਰਸਿੱਧ ਰਾਗੀ ਦਾ ਸਹੀ ਇਲਾਜ ਨਾ ਕਰਨ ਅਤੇ ਵੇਰਕਾ ਦੇ ਸ਼ਮਸ਼ਾਨਘਾਟ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਰੋਕਣ ਲਈ ਮੁੱਖ ਮੰਤਰੀ ਨੂੰ ਭਾਈ ਖਾਲਸਾ ਦੇ ਪਰਿਵਾਰ ਅਤੇ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਆਖਿਆ
ਕਿਹਾ ਕਿ ਭਾਈ ਖਾਲਸਾ ਪਰਿਵਾਰ ਦੇ ਪਾਜ਼ੇਟਿਵ ਪਾਏ ਗਏ ਤਿੰਨ ਮੈਂਬਰਾਂ ਨੇ ਵੀ ਕਿਹਾ ਹੈ ਕਿ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ
ਚੰਡੀਗੜ੍ਹ/04 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਮਰੀਜ਼æਾਂ ਲਈ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾ ਕੇ ਸੂਬੇ ਦੇ ਮੁੱਖ ਮੰਤਰੀ ਵਜੋਂ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ। ਇਸ ਦੇ ਨਾਲ ਹੀ ਉਹਨਾਂ ਨੇ ਉੱਘੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿਚ ਵਰਤੀ ਗਈ ਅਣਗਹਿਲੀ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ ਪੀ ਸੋਨੀ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਪਦਮ ਸ੍ਰੀ ਰਾਗੀ ਦੇ ਇਲਾਜ ਨਾ ਕਰਨ ਅਤੇ ਵੇਰਕਾ ਦੇ ਸ਼ਮਸ਼ਾਨਘਾਟ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਰੋਕਣ ਲਈ ਭਾਈ ਖਾਲਸਾ ਦੇ ਪਰਿਵਾਰ ਅਤੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ। ਉਹਨਾਂ ਕਿਹਾ ਕਿ ਭਾਈ ਖਾਲਸਾ ਵੱਲੋਂ ਆਪਣੇ ਪਰਿਵਾਰ ਨਾਲ ਟੈਲੀਫੋਨ ਉੱਤੇ ਕੀਤੀ ਆਖਰੀ ਗੱਲਬਾਤ ਦੇ ਵੇਰਵਿਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਗੱਲਬਾਤ ਵਿਚ ਪਦਮ ਸ੍ਰੀ ਰਾਗੀ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਚਾਰ ਘੰਟੇ ਤੋਂ ਕਿਸੇ ਨੇ ਉਹਨਾਂ ਨੂੰ ਆ ਕੇ ਵੇਖਿਆ ਤਕ ਨਹੀਂ ਹੈ। ਨਿਰਾਸ਼ਾ ਵਿਚ ਡੁੱਬੇ ਭਾਈ ਖਾਲਸਾ ਨੇ ਆਪਣੇ ਪਰਿਵਾਰ ਨੂੰ ਆਖਰੀ ਫਤਿਹ ਤਕ ਬੁਲਾ ਦਿੱਤੀ ਸੀ। ਉਹਨਾਂ ਕਿਹਾ ਕਿ ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ, ਜਿੱਥੇ ਭਾਈ ਖਾਲਸਾ ਨੂੰ ਭਰਤੀ ਕੀਤਾ ਗਿਆ ਸੀ, ਉੱਥੇ ਬਹੁਤ ਜ਼ਿਆਦਾ ਗੰਦਗੀ ਸੀ ਅਤੇ ਨਰਸਾ ਕੋਲ ਸੁਰੱਖਿਆ ਲਈ ਹੱਥਾਂ ਵਿਚ ਪਾਉਣ ਵਾਲੇ ਦਸਤਾਨੇ ਤਕ ਨਹੀਂ ਸਨ। ਇਹ ਵੀ ਪਤਾ ਚੱਲਿਆ ਹੈ ਕਿ ਇਸ ਹਸਪਤਾਲ ਵਿਚ ਥਰਮਾਮੀਟਰ ਤਕ ਨਹੀਂ ਸਨ।
ਉਹਨਾਂ ਕਿਹਾ ਕਿ ਸਰਕਾਰ ਨੇ ਭਾਈ ਖਾਲਸਾ ਦੀ ਦੁਖਦਾਈ ਮੌਤ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ ਅਤੇ ਹੁਣ ਉਹਨਾਂ ਦੇ ਭਤੀਜੇ ਜਗਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਦੇ ਤਿੰਨ ਮੈਂਬਰ ਕੋਵਿਡ-19 ਨਾਲ ਪਾਜ਼ੇਟਿਵ ਪਾਏ ਗਏ ਹਨ, ਪਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਉਹਨਾਂ ਦਾ ਵੀ ਭਾਈ ਖਾਲਸਾ ਵਾਂਗ ਕੋਈ ਇਲਾਜ ਨਹੀਂ ਹੋ ਰਿਹਾ ਹੈ। ਉਹਨਾਂ ਨੇ ਖੁਦ ਨੂੰ ਉੱਥੋਂ ਤੁਰੰਤ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਡੀਕਲ ਕਾਲਜ ਵਿਚ ਸਹੂਲਤਾਂ ਦੀ ਘਾਟ, ਸਿਹਤ ਵਿਭਾਗ ਦੀ ਤਿਆਰੀ ਦੀ ਘਾਟ ਅਤੇ ਡਾਕਟਰਾਂ ਅਤੇ ਨਰਸਾਂ ਨੂੰ ਪੀਪੀਈ ਕਿਟਾਂ ਮੁਹੱਈਆ ਕਰਵਾਉਣ ਵਿਚ ਨਾਕਾਮੀ ਵਿਚ ਸਾਰਾ ਦੋਸ਼ ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਦਾ ਹੈ , ਇਸ ਲਈ ਮੁੱਖ ਮੰਤਰੀ ਵੱਲੋਂ ਦੋਵਾਂ ਦੀ ਤੁਰੰਤ ਛੁੱਟੀ ਕਰਨੀ ਚਾਹੀਦੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਅਤੇ ਸਿਹਤ ਸਟਾਫ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਕਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੀਆਂ ਟੈਸਟਿੰਗ ਕਿਟਾਂ, ਦਵਾਈਆਂ ਅਤੇ ਵੈਂਟੀਲੈਟਰਜ਼ ਅਤੇ ਸਾਰੇ ਮੈਡੀਕਲ ਸਟਾਫ ਨੂੰ ਪੀਪੀਈ ਕਿਟਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਸਰਕਾਰੀ ਹਸਪਤਾਲਾਂ ਅੰਦਰ ਅਣਗਹਿਲੀ ਕਰਕੇ ਕਰੋਨਾ ਦੇ ਮਰੀਜ਼ਾਂ ਨੂੰ ਮਰਨ ਨਹੀਂ ਦੇ ਸਕਦੇ।
ਇਹ ਗੱਲ ਸਪੱਸ਼ਟ ਕਰਦਿਆਂ ਕਿ ਉਹ ਅਜਿਹੇ ਨਾਜ਼ੁਕ ਸਮੇਂ ਉੱਤੇ ਸਿਰਫ ਆਲੋਚਨਾ ਕਰਨ ਲਈ ਸਰਕਾਰ ਦੀ ਨਿਖੇਧੀ ਨਹੀਂ ਕਰਨਾ ਚਾਹੁੰਦੇ ਸਨ, ਸਰਦਾਰ ਬਾਦਲ ਨੇ ਕਿਹਾ ਕਿ ਪਰ ਭਾਈ ਖਾਲਸਾ ਅਤੇ ਬਾਕੀ ਕੋਵਿਡ ਮਰੀਜ਼ਾਂ ਦੀ ਤਕਲੀਫ ਪ੍ਰਤੀ ਸਰਕਾਰ ਦਾ ਲਾਪਰਵਾਹ ਵਤੀਰਾ ਵੇਖਣ ਮਗਰੋਂ ਉਹ ਚੁੱਪ ਨਹੀਂ ਰਹਿ ਸਕੇ। ਇਸ ਤੋਂ ਪਹਿਲਾਂ ਫਰੀਦਕੋਟ ਵਿਚ ਇਕ ਮਰੀਜ਼ ਨੂੰ ਦੋ ਵਾਰ ਹਸਪਤਾਲ ਵਿੱਚੋਂ ਵਾਪਸ ਮੋੜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਬੇਸ਼ੱਕ ਭਾਈ ਖਾਲਸਾ ਦਾ ਇਲਾਜ ਨਾ ਕਰਨ ਅਤੇ ਉਸ ਤੋਂ ਬਾਅਦ ਉਹਨਾਂ ਦੇ ਅੰਤਿਮ ਸਸਕਾਰ ਨੂੰ ਰੋਕਣ ਦੀਆਂ ਘਟਨਾਵਾਂ ਨੂੰ ਕਈ ਦਿਨ ਹੋ ਚੁੱਕੇ ਹਨ ਪਰ ਮੁੱਖ ਮੰਤਰੀ ਨੇ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਵੇਰਕਾ ਵਿਖੇ ਇੱਕ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਹਰਪਾਲ ਸਿੰਘ ਜੋ ਕਿ ਪਿੰਡ ਸ਼ਹਿਜ਼ਾਦਾ ਦੇ ਪ੍ਰਾਇਮਰੀ ਸਕੂਲ ਵਿਚ ਮਾਸਟਰ ਲੱਗਾ ਹੈ, ਨੇ ਸ਼ਮਸ਼ਾਨਘਾਟ ਦੇ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ ਸੀ। ਇਸ ਕਾਂਗਰਸੀ ਆਗੂ ਦੀ ਪਤਨੀ ਕੌਂਸਲਰ ਹੈ ਅਤੇ ਇਹ ਕਦੇ ਵੀ ਸਕੂਲ ਨਹੀਂ ਗਿਆ। ਪਿੰਡ ਵਾਲਿਆਂ ਦੀ ਸ਼ਿਕਾਇਤ ਹੈ ਇਹ ਦੋ-ਦੋ ਮਹੀਨੇ ਸਕੂਲ ਵਿਚ ਗੈਰਹਾਜ਼ਰ ਰਹਿੰਦਾ ਹੈ। ਇਸ ਵਿਅਕਤੀ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਡਾਕਟਰ ਅਤੇ ਨਰਸਾਂ ਕਿੰਨੇ ਦਿਨਾਂ ਤੋਂ ਪੀਪੀਈ ਕਿਟਾਂ ਮੁਹੱਈਆ ਨਾ ਕਰਵਾਏ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ, ਮੁੱਖ ਮੰਤਰੀ ਨੇ ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਨਾ ਹੀ ਭਾਈ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਅਣਗਹਿਲੀ ਦੇ ਕੇਸ ਵਿਚ ਕੋਈ ਕਾਰਵਾਈ ਕੀਤੀ ਗਈ ਹੈ।
ਮੁੱਖ ਮੰਤਰੀ ਨੂੰ ਆਪਣੀ ਡਿਊਟੀ ਸੰਜੀਦਗੀ ਨਾਲ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕੋਵਿਡ-19 ਦੇ ਗਿਣਤੀ ਦੇ ਕੇਸ ਹਨ। ਰੱਬ ਨਾ ਕਰੇ ਜੇਕਰ ਆਉਣ ਵਾਲੇ ਦਿਨਾਂ ਵਿਚ ਅਜਿਹੇ ਕੇਸਾਂ ਦੀ ਗਿਣਤੀ ਵਧ ਗਈ ਤਾਂ ਫਿਰ ਕੀ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਵੱਡੀ ਗਿਣਤੀ ਵਿਚ ਕੋਵਿਡ-19 ਦੇ ਕੇਸ ਸੰਭਾਲਣ ਲਈ ਬਿਲਕੁੱਲ ਵੀ ਤਿਆਰ ਨਹੀਂ ਹੈ। ਸਰਕਾਰ ਨੂੰ ਤੁਰੰਤ ਆਪਣੀ ਤਿਆਰੀ ਮਜ਼ਬੂਤ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਵਾਂਗ ਕਰੋਨਾ ਦੇ ਹੋਰ ਕੋਈ ਮਰੀਜ਼ ਨੂੰ ਇਲਾਜ ਖੁਣੋਂ ਦਮ ਨਾ ਤੋੜੇ।