ਕਿਹਾ ਕਿ ਆਸ਼ਾ ਕੁਮਾਰੀ ਵੱਲੋਂ ਆਪਣੀ ਇੱਕ ਸਾਥੀ ਔਰਤ ਦੀ ਮਰਿਆਦਾ ਭੰਗ ਕਰਨਾ ਸ਼ਰਮਨਾਕ ਹੈ
ਕਿਹਾ ਕਿ ਰਾਹੁਲ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਚੰਨੀ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ?
ਚੰਡੀਗੜ•/26 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਕਰਤੂਤਾਂ ਉੱਤੇ ਪਰਦਾ ਪਾਉਣ ਲਈ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਦੀ ਜ਼ਿੰਮੇਵਾਰੀ ਲਾਉਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਆਪਣੀ ਗਲਤੀ ਦਾ ਇਕਬਾਲ ਕਰ ਚੁੱਕੇ ਚੰਨੀ ਖ਼ਿਲਾਫ ਕੋਈ ਸ਼ਿਕਾਇਤ ਨਾ ਮਿਲਣ ਦਾ ਦਾਅਵਾ ਕਰਕੇ ਕਾਂਗਰਸੀ ਲੀਡਰਸ਼ਿਪ ਵੱਲੋਂ ਮੰਤਰੀ ਵਿਰੁੱਧ ਇੱਕ ਜਿਨਸੀ ਛੇੜਛਾੜ ਦੇ ਮਾਮਲੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਸ਼ਾ ਕੁਮਾਰੀ ਦੇ ਬਿਆਨ ਨੂੰ ਇਤਿਹਾਸ ਵਿਚ ਅਜਿਹੀ ਪਹਿਲੀ ਮਿਸਾਲ ਵਜੋਂ ਯਾਦ ਰੱਖਿਆ ਜਾਵੇਗਾ, ਜਦੋਂ ਪਹਿਲਾਂ ਹੀ ਆਪਣੀ ਗਲਤੀ ਮੰਨ ਚੁੱਕੇ ਕਿਸੇ ਵਿਅਕਤੀ ਨੂੰ ਵੀ ਕਲੀਨ ਚਿੱਟ ਦਿੱਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਕਿ ਮਹਿਲਾ ਆਈਏਐਸ ਅਧਿਕਾਰੀ ਵੱਲੋਂ ਉਹਨਾਂ ਕੋਲ ਮੰਤਰੀ ਖਿਲਾਫ ਦਿੱਤੀ ਗਈ ਸ਼ਿਕਾਇਤ ਮਗਰੋਂ ਹੀ ਚੰਨੀ ਨੇ ਉਸ ਮਹਿਲਾ ਤੋਂ ਮੁਆਫੀ ਮੰਗੀ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਦੇ ਜੁਰਮ ਨੂੰ ਸਵੀਕਾਰ ਕਰ ਚੁੱਕੇ ਹਨ ਤਾਂ ਆਸ਼ਾ ਕੁਮਾਰੀ ਉਸ ਨੂੰ ਕਲੀਨ ਚਿਟ ਕਿਵੇਂ ਦੇ ਰਹੀ ਹੈ? ਅਜਿਹਾ ਕਰਦੇ ਹੋਏ ਕਾਂਗਰਸ ਦੀ ਇਸ ਜਨਰਲ ਸਕੱਤਰ ਨੇ ਨਾ ਸਿਰਫ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਪੈਰ ਰੱਖਿਆ ਹੈ, ਸਗੋਂ ਭਾਰਤ ਦੀ 'ਮੀ ਟੂ' ਮੁਹਿੰਮ ਨੂੰ ਵੀ ਸੱਟ ਮਾਰੀ ਹੈ, ਜੋ ਕਿ ਚੰਨੀ ਵਰਗੇ ਵਿਅਕਤੀਆਂ ਨੂੰ ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਮੰਗ ਕਰਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਵੀ ਬਹੁਤ ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਦੇ ਹੁਕਮਾਂ ਉੱਤੇ ਅਜਿਹਾ ਬਿਆਨ ਦੇ ਕੇ ਕਿ ਲਿਖ਼ਤੀ ਸੁਨੇਹੇ ਜਿਨਸੀ ਛੇੜਛਾੜ ਨਹੀਂ ਮੰਨੇ ਜਾਂਦੇ, ਇੱਕ ਔਰਤ ਆਪਣੀ ਇੱਕ ਸਾਥੀ ਔਰਤ ਦੀ ਭੰਡੀ ਕਰ ਰਹੀ ਹੈ। ਉਹਨਾਂ ਕਿਹਾ ਕਿ ਕਾਨੂੰਨ ਦੀ ਜਾਣਕਾਰ ਇੱਕ ਪੜ•ੀਲਿਖੀ ਔਰਤ ਅਤੇ ਸਿਆਸਤਦਾਨ ਅਜਿਹਾ ਬਿਆਨ ਨਹੀਂ ਦੇ ਸਕਦੀ, ਪਰੰਤੂ ਇੰਝ ਲੱਗਦਾ ਹੈ ਕਿ ਕਾਂਗਰਸੀ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਨੂੰ ਕਲੀਨ ਚਿਟ ਦੇਣ ਲਈ ਆਸ਼ਾ ਕੁਮਾਰੀ ਉੱਤੇ ਭਾਰੀ ਦਬਾਅ ਪਾਇਆ ਗਿਆ ਹੈ।
ਆਸ਼ਾ ਕੁਮਾਰੀ ਨੂੰ ਇਮਾਨਦਾਰੀ ਵਿਖਾਉਣ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਉਂ ਅਜਿਹਾ ਗੈਰਇਖ਼ਲਾਕੀ ਵਿਵਹਾਰ ਕਰ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਜੁਆਬ ਦੇਵੇ ਕਿ ਰੇਤ ਮਾਫੀਆ ਨਾਲ ਜੁੜੇ ਹੋਣ ਸਮੇਤ ਹਮੇਸ਼ਾਂ ਵਿਵਾਦਾਂ ਵਿਚ ਉਲਝੇ ਰਹਿਣ ਵਾਲੇ ਚਰਨਜੀਤ ਚੰਨੀ ਨੂੰ ਬਚਾਉਣ ਪਿੱਛੇ ਉਸ ਦੀ ਕੀ ਮਜ਼ਬੂਰੀ ਹੈ?
ਉਹਨਾਂ ਕਿਹਾ ਕਿ ਰਾਹੁਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਉੱਤੇ ਦੋਹਰੇ ਮਾਪਦੰਡ ਕਿਉਂ ਅਪਣਾ ਰਿਹਾ ਹੈ? ਉਹਨਾਂ ਕਿਹਾ ਕਿ ਰਾਹੁਲ ਅਤੇ ਕਾਂਗਰਸ ਪਾਰਟੀ ਨੇ ਕੇਂਦਰੀ ਮੰਤਰੀ ਐਮ ਜੇ ਅਕਬਰ ਉੱਤੇ ਉਸ ਦੇ ਸੰਪਾਦਕ ਸਮੇਂ ਦੇ ਕਾਰਜਕਾਲ ਦੌਰਾਨ ਔਰਤਾਂ ਨਾਲ ਜਿਨਸੀ ਛੇੜਛਾੜ ਦੇ ਦੋਸ਼ ਲੱਗਣ ਉੱਤੇ ਤੁਰੰਤ ਅਸਤੀਫਾ ਮੰਗ ਲਿਆ ਸੀ, ਪਰੰਤੂ ਪੰਜਾਬ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਇੱਕ ਕੈਬਨਿਟ ਮੰਤਰੀ ਨੂੰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਕੀ ਰਾਹੁਲ ਇਸ ਮੰਤਰੀ ਦੀ ਅਪਰਾਧਕ ਕਰਤੂਤ ਉੱਤੇ ਇਸ ਲਈ ਚੁੱਪ ਹੈ, ਕਿਉਂਕਿ ਉਹ ਉਸ ਦਾ ਚਹੇਤਾ ਹੈ? ਅਕਾਲੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਇਸ ਮਾਮਲੇ ਬਾਰੇ ਇੱਕ ਮਹੀਨਾ ਪਹਿਲਾਂ ਜਾਣੂ ਕਰਵਾਇਆ ਜਾ ਚੁੱਕਾ ਸੀ, ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਸ ਮੁੱਦੇ ਉਤੇ ਚੁੱਪ ਕਿਉਂ ਧਾਰੀ ਹੋਈ ਹੈ?
ਕਾਂਗਰਸ ਨੂੰ ਚੰਨੀ ਦੀਆਂ ਕਰਤੂਤਾਂ ਨੂੰ ਮਾਫੀਆਂ ਨਾਲ ਨਾ ਢਕਣ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ ਉੱਤੇ ਕਾਨੂੰਨ ਬਿਲਕੁੱਲ ਸਪੱਸ਼ਟ ਹੈ ਕਿ ਇਸ ਮਾਮਲੇ ਦੀ ਸਰਕਾਰੀ ਤੌਰ ਤੇ ਇੱਕ ਹਰਾਸਮੈਂਟ ਪੈਨਲ ਵੱਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਜਿਸ ਮਗਰੋਂ ਚੰਨੀ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ। ਇਸੇ ਦੌਰਾਨ ਮੰਤਰੀ ਦੀ ਤੁਰੰਤ ਕੈਬਨਿਟ ਵਿਚੋਂ ਛੁੱਟੀ ਕਰਨੀ ਚਾਹੀਦੀ ਹੈ ਤਾਂ ਕਿ ਜੇਕਰ ਹੋਰ ਔਰਤਾਂ ਨੂੰ ਚੰਨੀ ਤੋਂ ਸ਼ਿਕਾਇਤ ਹੋਵੇ ਤਾਂ ਉਹ ਵੀ ਹਰਾਸਮੈਂਟ ਪੈਨਲ ਤੱਕ ਪਹੁੰਚ ਕਰ ਸਕਣ।
ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਚੰਨੀ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਸ ਨਾਲ ਬਾਕੀ ਔਰਤਾਂ ਨੂੰ ਇਹ ਸੁਨੇਹਾ ਜਾਵੇਗਾ ਕਿ ਉਹ ਪੰਜਾਬ ਵਿਚ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਇੱਕ ਆਈਏਐਸ ਅਧਿਕਾਰੀ ਨੂੰ ਇਨਸਾਫ ਨਹੀਂ ਦੇ ਸਕਦੀ ਤਾਂ ਪੰਜਾਬ ਵਿਚ ਉਹਨਾਂ ਲੱਖਾਂ ਆਮ ਔਰਤਾਂ ਦਾ ਕੀ ਹੋਵੇਗਾ, ਜਿਹਨਾਂ ਦੀ ਮੁੱਖ ਮੰਤਰੀ ਜਾਂ ਸੱਤਾ ਦੇ ਗਲਿਆਰਿਆਂ ਤਕ ਕੋਈ ਪਹੁੰਚ ਨਹੀਂ ਹੈ?