ਅਕਾਲੀ ਆਗੂਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤਕ ਜਾਣ ਲਈ ਬੈਰੀਅਰ ਤੋੜੇ
ਚੰਡੀਗੜ•/05 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਿਧਾਇਕਾਂ ਨੇ ਅੱਜ ਕਾਂਗਰਸ ਹਕੂਮਤ ਅਧੀਨ ਇਤਿਹਾਸ ਦੀਆਂ ਕਿਤਾਬਾਂ ਵਿਚ ਗੁਰੂ ਸਾਹਿਬਾਨਾਂ ਦੇ ਕੀਤੇ ਗਏ ਅਪਮਾਨ ਵਿਰੁੱਧ ਰੋਸ ਜ਼ਾਹਿਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਜਾਣ ਵਾਸਤੇ ਦੋ ਪੁਲਿਸ ਬੈਰੀਅਰਾਂ ਨੂੰ ਤੋੜਦਿਆਂ ਗਿਰਫਤਾਰੀਆਂ ਦਿੱਤੀਆਂ।ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਦ ਤਕ ਇਸ ਮੁੱਦੇ ਉੱਤੇ ਮੁੱਖ ਮੰਤਰੀ ਸਿੱਖ ਸੰਗਤ ਕੋਲੋਂ ਮੁਆਫੀ ਨਹੀਂ ਮੰਗਦੇ ਅਤੇ ਅਜਿਹੀ ਅਪਮਾਨਜਨਕ ਸਮੱਗਰੀ ਸਕੂਲਾਂ ਦੇ ਬੱਚਿਆਂ ਤਕ ਪਹੁੰਚਾਉਣ ਵਾਲੇ ਦੋਸ਼ੀਆਂ ਖ਼ਿਲਾਫ ਕਾਰਵਾਈ ਨਹੀਂ ਕਰਦੇ, ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੀਨੀਅਰ ਪਾਰਟੀ ਆਗੂਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤਕ ਜਾਣ ਵਾਸਤੇ ਇੱਥੇ ਵਿਧਾਇਕਾਂ ਦੇ ਹੋਸਟਲ ਤੋਂ ਮਾਰਚ ਸ਼ੁਰੂ ਕੀਤਾ, ਜਿਸ ਦੌਰਾਨ ਉਹਨਾਂ ਨੇ ਦੋ ਪੁਲਿਸ ਨਾਕਿਆਂ ਨੂੰ ਤੋੜਿਆ ਅਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਰੋਕ ਲਿਆ ਗਿਆ। ਅਕਾਲੀ ਆਗੂਆਂ ਨੇ ਹੱਥਾਂ ਵਿਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਹਨਾਂ ਰਾਹੀਂ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਵਾਲਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਤੋਂ ਇਲਾਵਾ ਮੁੱਖ ਮੰਤਰੀ ਨੂੰ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਉੱਤੇ ਟਕੋਰ ਕਰਨ 'ਚ ਨਾਕਾਮ ਰਹਿਣ ਲਈ ਅਸਤੀਫਾ ਦੇਣ ਲਈ ਕਿਹਾ ਗਿਆ ਸੀ।
ਇਸ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਅਤੇ ਸਿੱਖ ਧਰਮ ਤੇ ਵਿਰਾਸਤ ਦੇ ਸਨਮਾਨ ਦੀ ਰਾਖੀ ਲਈ ਅਕਾਲੀ ਦਲ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ ਕੁੱਝ ਹੀ ਮਹੀਨਿਆਂ ਦੌਰਾਨ ਦੋ ਵਾਰ ਸਿੱਖ ਇਤਿਹਾਸ ਨਾਲ ਅਜਿਹੇ ਢੰਗ ਨਾਲ ਛੇੜਛਾੜ ਕੀਤੀ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਆਪਣੀ ਅਮੀਰ ਵਿਰਾਸਤ ਉੱਤੇ ਫਖ਼ਰ ਮਹਿਸੂਸ ਨਾ ਕਰਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦਾ ਕੀਤਾ ਗਿਆ ਅਪਮਾਨ ਬਰਦਾਸ਼ਤਯੋਗ ਨਹੀਂ ਹੈ ਅਤੇ ਅਕਾਲੀ ਦਲ ਤਦ ਤਕ ਟਿਕ ਕੇ ਨਹੀਂ ਬੈਠੇਗਾ, ਜਦ ਤਕ ਅਜਿਹੀ ਅਪਮਾਨਜਨਕ ਸਮੱਗਰੀ ਨੂੰ ਤਿਆਰ ਕਰਨ ਅਤੇ ਇਸ ਨੂੰ ਅੱਗੇ ਬੱਚਿਆਂ ਵਿਚ ਵੰਡਣ ਵਾਲੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਨਹੀਂ ਹੁੰਦੀ।
ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੰਦਿਆਂ ਅਕਾਲੀ ਆਗੂਆਂ ਨੇ 'ਗੁਰੂ ਇਤਿਹਾਸ ਦੇ ਕਾਤਿਲ ਮੁਰਦਾਬਾਦ-ਮੁਰਦਾਬਾਦ', 'ਕੈਪਟਨ ਅਮਰਿੰਦਰ ਅਸਤੀਫਾ ਦੇਵੇ' ਅਤੇ 'ਕੈਪਟਨ ਹਾਏ ਹਾਏ' ਦੇ ਨਾਅਰ ਲਗਾਏ। ਇਸ ਮੌਕੇ ਅਕਾਲੀ ਆਗੂਆਂ ਨੇ ਆਪਣਾ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਚੰਡੀਗੜ• ਪੁਲਿਸ ਵੱਲੋਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ। ਜਿਵੇਂ ਵੀ ਅਕਾਲੀ ਆਗੂਆਂ ਨੂੰ ਬੱਸਾਂ ਵਿਚ ਬਿਠਾ ਕੇ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਗਿਆ ਤਾਂ 'ਪੰਥ ਕੀ ਜੀਤ' ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਅਕਾਲੀ ਆਗੂ ਇਸ ਤੋਂ ਬਾਅਦ ਵੀ ਨਹੀਂ ਝੁਕੇ ਅਤੇ ਉਹਨਾਂ ਨੇ ਪੁਲਿਸ ਸਟੇਸ਼ਨ ਵਿਚ ਧਰਨਾ ਲਾ ਦਿੱਤਾ ਕਿ ਮੁੱਖ ਮੰਤਰੀ ਸਿੱਖ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਲਈ ਮੁਆਫੀ ਮੰਗਣ ਅਤੇ ਅਸਤੀਫਾ ਦੇਣ। ਉਹਨਾਂ ਨੇ 11ਵੀਂ ਅਤੇ 12ਵੀਂ ਕਲਾਸ ਦੀਆਂ ਇਤਿਹਾਸ ਦੀਆਂ ਪੁਸਤਕਾਂ ਨਾਲ ਛੇੜਖਾਨੀ ਕਰਕੇ ਕਾਂਗਰਸ ਸਰਕਾਰ ਵੱਲੋਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਰਚੀ ਸਾਜ਼ਿਸ਼ ਦੀ ਨਿਖੇਧੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਬਲਵਿੰਦਰ ਸਿੰਘ ਭੂੰਦੜ, ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜੰਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੰਟੀ ਰੋਮਾਣਾ, ਸ਼ਰਨਜੀਤ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਪਵਨ ਕੁਮਾਰ ਟੀਨੂੰ,ਬਲਦੇਵ ਖਹਿਰਾ, ਗੁਰਪ੍ਰਤਾਪ ਸਿੰਘ ਵਡਾਲਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਐਨ ਕੇ ਸ਼ਰਮਾ ਅਤੇ ਚਰਨਜੀਤ ਸਿੰਘ ਬਰਾੜ ਹਾਜ਼ਿਰ ਸਨ।