ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਈਡੀ ਨੂੰ ਆਪਣੀ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੇਣੀ ਚਾਹੀਦੀ ਹੈ
ਚੰਡੀਗੜ੍ਹ/01 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਵੇ ਕਿ ਨਸ਼ਿਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਬੁਪਰੀਨੌਰਫਿਨ ਦੀਆਂ ਗਾਇਬ ਹੋਈਆਂ 5 ਕਰੋੜ ਗੋਲੀਆਂ ਕਿੱਥੇ ਹਨ? ਪਾਰਟੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹ ਨਿਰਦੋਸ਼ ਹੈ ਤਾਂ 300 ਕਰੋੜ ਦੇ ਇਸ ਗੋਲੀਆਂ ਦੇ ਘੁਟਾਲੇ ਦੀ ਨਿਰਪੱਖ ਜਾਂਚ ਲਈ ਉਹ ਅਸਤੀਫਾ ਕਿਉਂ ਨਹੀਂ ਦੇ ਰਿਹਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਮਾਣਹਾਨੀ ਦਾ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਸਿਹਤ ਮੰਤਰੀ 5 ਕਰੋੜ ਬੁਪਰੀਨੌਰਫਿਨ ਗੋਲੀਆਂ ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਨੂੰ ਦੇਣ ਅਤੇ ਮਾਮਲੇ ਨੂੰ ਰਫਾ-ਦਫਾ ਕਰਕੇ ਦੋਸ਼ੀਆਂ ਨੂੰ ਬਚਾਉਣ ਦੇ ਮੁੱਦੇ ਤੋਂ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਸ ਨੂੰ ਪਹਿਲਾਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਗੋਲੀਆਂ ਕਿਉਂ ਗਾਇਬ ਹੋ ਗਈਆਂ? ਮੰਤਰੀ ਹੋਣ ਦੇ ਨਾਤੇ ਉਹ ਇਸ ਘੁਟਾਲੇ ਲਈ ਸਿੱਧਾ ਜ਼ਿੰਮੇਵਾਰ ਹੈ। ਉਸ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਈਡੀ ਨੂੰ ਆਪਣੀ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਾਂਚ ਤੋਂ ਭੱਜਣ ਜਾਂ ਮਾਣਹਾਨੀ ਦੀਆਂ ਧਮਕੀਆਂ ਦੇਣ ਨਾਲ ਸਿੱਧੂ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਸਿਹਤ ਮੰਤਰੀ ਵੱਲੋਂ ਕੀਤੇ ਅਪਰਾਧ ਦੀ ਗੰਭੀਰਤਾ ਬਾਰੇ ਬੋਲਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਸਿਰਫ ਹਜ਼ਾਰਾਂ ਨਸ਼ਾ ਰੋਗੀਆਂ ਦੀ ਮੌਤ ਲਈ ਹੀ ਜ਼ਿੰਮੇਵਾਰ ਨਹੀਂ ਹੈ, ਜੋ ਕਿ ਬੁਪਰਨੌਰਫਿਨ ਨਾ ਮਿਲਣ ਕਰਕੇ ਜਾਨ ਤੋਂ ਹੱਥ ਧੋ ਬੈਠੇ, ਸਗੋਂ ਉਹ ਨਵੇਂ ਨਸ਼ਾ ਰੋਗੀ ਵੀ ਪੈਦਾ ਕਰ ਰਿਹਾ ਹੈ, ਕਿਉਂਕਿ ਜੇਕਰ ਇਹ ਦਵਾਈ ਡਾਕਟਰੀ ਨਿਗਰਾਨੀ ਹੇਠ ਨਾ ਦਿੱਤੀ ਜਾਵੇ ਤਾਂ ਇਹ ਵਿਅਕਤੀ ਨੂੰ ਨਸ਼ਾ ਰੋਗੀ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਮੰਤਰੀ ਦੀਆਂ ਭ੍ਰਿਸ਼ਟ ਗਤੀਵਿਧੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਿਆ ਹੈ। ਇਸ ਲਈ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਉਸ ਖ਼ਿæਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ।
ਸਿੱਧੂ ਨੂੰ ਇਹ ਪੁੱਛਦਿਆਂ ਕਿ ਉਸ ਨੇ ਸਿਹਤ ਸਕੱਤਰ ਨੂੰ ਆਪਣੀ ਡਿਊਟੀ ਕਰਨ ਤੋਂ ਕਿਉਂ ਰੋਕਿਆ ਸੀ, ਜਿਸ ਨੇ ਗਾਇਬ ਹੋਈਆਂ ਗੋਲੀਆਂ ਦੇ ਸੰਬੰਧ ਵਿਚ ਪ੍ਰਾਈਵੇਟ ਕੇਂਦਰਾਂ ਨੂੰ 12 ਕਾਰਣ ਦੱਸੋ ਨੋਟਿਸ ਜਾਰੀ ਕੀਤੇ ਸਨ, ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੇ ਇਸ ਬੇਹੱਦ ਸੰਵੇਦਨਸ਼ੀਲ ਕੇਸ ਵਿਚ ਸਕੱਤਰ ਦੇ ਫੈਸਲਿਆਂ ਨੂੰ ਉਲਟਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਧੂ ਗੋਲੀਆਂ ਦੇ ਘੁਟਾਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਨਾਲ ਅੰਦਰਖਾਤੇ ਮਿਲਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿੱਧੂ ਇਸ ਖੇਤਰ ਵਿਚ ਭੋਇੰ ਮਾਫੀਆ ਚਲਾਉਣ ਲਈ ਬਦਨਾਮ ਸੀ ਜੋਕਿ ਜ਼ਮੀਨ ਦੀ ਗੈਰਕਾਨੂੰਨੀ ਖਰੀਦ-ਵੇਚ ਤੋਂ ਇਲਾਵਾ ਸੰਪਤੀ ਸੰਬੰਧੀ ਕਈ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਸੀ।