ਕਿਹਾ ਕਿ ਸਿੱਧੂ ਮੰਤਰੀ ਬਣੇ ਰਹਿਣ ਦਾ ਅਧਿਕਾਰ ਖੋ ਚੁੱਕਿਆ ਹੈ
ਚੰਡੀਗੜ•/18 ਫਰਵਰੀ: ਕ੍ਰਿਕਟਰ ਤੋਂ ਸਿਆਸਤਸਾਨ ਅਤੇ ਕਾਮੇਡੀਅਨ ਬਣੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਬਾਰੇ ਕੀਤੀਆਂ ਅਫਸੋਸਨਾਕ ਟਿੱਪਣੀਆਂ ਲਈ ਸਖ਼ਤ ਝਾੜ ਪਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਕੋਰ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸਿੱਧੂ ਦੀ ਤੁਰੰਤ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦੇਣੀ ਚਾਹੀਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਧੂ ਅਤੇ ਆਪ ਬਾਗੀ ਆਗੂ ਸੁਖਪਾਲ ਖਹਿਰਾ ਨੇ ਨਾ ਸਿਰਫ ਜਾਣਬੁੱਝ ਕੇ ਅਜਿਹੀਆਂ ਟਿੱਪਣੀਆਂ ਕੀਤੀਆਂ, ਸਗੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਦੇ ਮੁਖੀ ਨੂੰ ਖੁਸ਼ ਕਰਨ ਲਈ ਆਪਣੀਆਂ ਦੇਸ਼-ਵਿਰੋਧੀ ਟਿੱਪਣੀਆਂ ਨੂੰ ਸਹੀ ਵੀ ਠਹਿਰਾਇਆ। ਉਹਨਾਂ ਕਿਹਾ ਕਿ ਸਿੱਧੂ ਦੀ ਇਸ ਹਰਕਤ ਨਾਲ ਪੂਰੇ ਦੇਸ਼ ਵਿਚ ਉਸ ਖ਼ਿਲਾਫ ਗੁੱਸੇ ਦਾ ਤੂਫਾਨ ਆ ਗਿਆ ਅਤੇ ਸਾਰੇ ਲੋਕਾਂ ਖਾਸ ਕਰਕੇ ਬਾਲੀਵੁੱਡ ਨੇ ਨਵਜੋਤ ਸਿੱਧੂ ਦਾ ਸੋਥਆਂ ਦਾ ਪੂਰੀ ਤਰ•ਾਂ ਬਾਈਕਾਟ ਕਰ ਦਿੱਤਾ ਹੈ।
ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੂ ਵਰਗੇ ਰਾਸ਼ਟਰ-ਵਿਰੋਧੀ ਮੰਤਰੀ ਨੂੰ ਤੁਰੰਤ ਕੈਬਨਿਟ ਵਿਚੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ, ਕਿਉਂਕਿ ਉਹ ਗੁਆਂਢੀ ਦੁਸ਼ਮਣ ਦੇਸ਼ ਦੇ ਹਿੱਤਾਂ ਦਾ ਗੁਣਗਾਣ ਕਰਕੇ ਆਪਣੀ ਕੌਮੀਅਤ ਪਹਿਲਾਂ ਹੀ ਗੁਆ ਚੁੱਕਿਆ ਹੈ। ਸਿੱਧੂ ਦੀਆਂ ਟਿੱਪਣੀਆਂ ਨੇ ਉਸ ਦਾ ਅਸਲੀ ਰੰਗ ਸਾਹਮਣੇ ਲੈ ਆਂਦਾ ਹੈ ਕਿ ਉਸ ਦਾ ਦਿਲ ਕਿਸ ਮੁਲਕ ਲਈ ਧੜਕਦਾ ਹੈ।
40 ਫੌਜੀ ਜਵਾਨਾਂ ਨੂੰ ਮਾਰਨ ਦੀ ਕਾਇਰਾਨਾ ਅਤੇ ਘਿਣਾਉਣੀ ਕਾਰਵਾਈ ਨੂੰ ਵਾਦੀ ਅੰਦਰ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦਾ ਨਤੀਜਾ ਕਹਿ ਕੇ ਸਹੀ ਠਹਿਰਾਉਣ ਲਈ ਖਹਿਰਾ ਦੀ ਝਾੜਝੰਬ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਈ ਬੀਮਾਰ ਸੋਚ ਵਾਲਾ ਵਿਅਕਤੀ ਹੀ ਅਜਿਹੀ ਕਾਰਵਾਈ ਨੂੰ ਸਹੀ ਠਹਿਰਾ ਸਕਦਾ ਹੈ। ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਛਾਲਾਂ ਮਾਰਨ ਮਗਰੋਂ ਆਪਣੀ ਪਾਰਟੀ ਬਣਾ ਕੇ ਬੈਠਾ ਖਹਿਰਾ ਆਪਣਾ ਦਿਮਾਗ ਸਤੁੰਲਨ ਗੁਆ ਚੁੱਕਾ ਲੱਗਦਾ ਹੈ ਤਾਂ ਹੀ ਉਹ ਅਜਿਹੇ ਬੇਤੁਕੇ ਬਿਆਨ ਦੇ ਰਿਹਾ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਜਾਂ ਖਹਿਰਾ ਵਰਗੇ ਲੋਕ ਸ਼ਹੀਦਾਂ ਦੇ ਪਰਿਵਾਰਾਂ ਕੋਲ ਜਾ ਕੇ ਉਹਨਾਂ ਦਾ ਦੁੱਖ ਵੰਡਾਉਣ ਦੀ ਥਾਂ ਉਹਨਾਂ ਦੇ ਜ਼ਖ਼ਮਾਂ ਉਤੇ ਨਮਕ ਮਲ ਰਹੇ ਹਨ।
ਪੁਲਵਾਮਾ ਹਮਲੇ ਵਿਚ ਮਾਰੇ ਗਏ ਸਾਰੇ ਸ਼ਹੀਦਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰਾ ਮੁਲਕ ਉਹਨਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਚੱਟਾਨ ਵਾਂਗ ਖੜ•ਾ ਹੈ ।
ਇਸੇ ਦੌਰਾਨ ਜਗੀਰ ਕੌਰ ਨੇ ਆਪਣੇ ਹਲਕੇ ਭੁਲੱਥ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸਾਬਕਾ ਫੌਜੀਆਂ ਦੀ 23 ਫਰਵਰੀ ਨੂੰ ਇੱਕ ਵੱਡੀ ਰੈਲੀ ਰੱਖੀ ਹੈ, ਜੋ ਕਿ ਇਹਨਾਂ ਔਖੇ ਸਮਿਆਂ ਵਿਚ ਫੌਜੀਆਂ ਦਾ ਮਨੋਬਲ ਉੱਚਾ ਕਰੇਗੀ।