ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਇਤਿਹਾਸ ਨਾਲ ਕੀਤੀ ਛੇੜਛਾੜ ਲਈ ਕਾਂਗਰਸ ਸਰਕਾਰ ਨੂੰ ਮੁਆਫੀ ਮੰਗਣ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਦੋ ਦਿਨ ਦਾ ਅਲਟੀਮੇਟਮ ਦਿੱਤਾ
ਕਿਹਾ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਰਕਾਰ ਨੂੰ ਲੋਕ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ
ਅੰਮ੍ਰਿਤਸਰ/01 ਨਵੰਬਰ: ਸਿੱਖ ਸੰਗਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਕਾਂਗਰਸ ਸਰਕਾਰ ਦੁਆਰਾ ਇਤਿਹਾਸ ਦੀਆਂ ਕਿਤਾਬਾਂ ਵਿਚ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਕੇ ਕੀਤੀ ਬੇਅਦਬੀ ਵਿਰੁੱਧ ਦੁੱਖ ਅਤੇ ਪੀੜਾ ਪ੍ਰਗਟਾਵਾ ਕਰਦਿਆਂ 48 ਘੰਟੇ ਲੰਬੇ ਧਰਨੇ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਸਰਕਾਰ ਨੂੰ ਇਸ ਬੱਜਰ ਪਾਪ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਇਸ ਪਾਪ ਦੀ ਭਾਗੀਦਾਰ ਬਣਨ ਵਾਸਤੇ ਮੁਆਫੀ ਮੰਗਣ ਲਈ ਮਜ਼ਬੂਰ ਕੀਤਾ ਜਾ ਸਕੇ।
ਇਸ ਸੰਬੰਧ ਵਿਚ ਸਿੱਖ ਸੰਗਤ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਈ, ਜਿੱਥੇ ਇਸ ਨਵੰਬਰ 1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ ਦਿੱਤੇ ਜਾਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਸਿੱਖ ਇਤਿਹਾਸ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਜ਼ਾ ਦਿੱਤੇ ਜਾਣ ਵਾਸਤੇ ਅਰਦਾਸ ਕੀਤੀ।
ਅਰਦਾਸ ਤੋਂ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਪਾਰਟੀ ਆਗੂਆਂ, ਵਰਕਰਾਂ ਅਤੇ ਸਿੱਖ ਸੰਗਤ ਨਾਲ ਟਾਊਨ ਹਾਲ ਵਿਚ ਚਲੇ ਗਏ, ਜਿੱਥੇ ਉਹਨਾਂ ਨੇ ਕਾਂਗਰਸ ਸਰਕਾਰ ਤੋਂ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਲਈ ਤੁਰੰਤ ਮੁਆਫੀ ਦੀ ਮੰਗ ਕਰਦਿਆਂ ਧਰਨਾ ਸ਼ੁਰੂ ਕੀਤਾ। ਉਹਨਾਂ ਨੇ ਉਹਨਾਂ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਨ ਅਤੇ ਗਿਰਫਤਾਰ ਕਰਨ ਦੀ ਵੀ ਮੰਗ ਕੀਤੀ, ਜਿਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਨੁਕਸਦਾਰ ਕਿਤਾਬਾਂ ਤਿਆਰ ਕੀਤੀਆਂ ਅਤੇ ਵੰਡੀਆਂ ਹਨ।
ਦੋਸ਼ੀਆਂ ਵਿਰੁੱਧ ਕਾਰਵਾਈ ਲਈ ਕਾਂਗਰਸ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਸ ਬੋਲੀ ਸਰਕਾਰ ਦੇ ਕੰਨਾਂ ਤਕ ਸੰਗਤ ਦੀ ਅਵਾਜ਼ ਪਹੁੰਚਾਉਣ ਲਈ ਇੱਕ ਵੱਡਾ ਲੋਕ ਅੰਦੋਲਨ ਸ਼ੁਰੂ ਕਰੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਪੱਸ਼ਟ ਹੈ ਕਿ ਇੱਕ ਕਾਂਗਰਸੀ ਸਾਜ਼ਿਸ਼ ਤਹਿਤ ਵਾਰ ਵਾਰ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ ਹੈ ਤਾਂ ਕਿ ਅਗਲੀਆਂ ਪੀੜ•ੀਆਂ ਆਪਣੇ ਸ਼ਾਨਾਂਮੱਤੀ ਵਿਰਾਸਤ ਉੱਤੇ ਫਖ਼ਰ ਨਾ ਕਰ ਸਕਣ। ਉਹਨਾਂ ਕਿਹਾ ਕਿ ਇਸ ਸਮੁੱਚੀ ਸਾਜ਼ਿਸ ਨੂੰ 10 ਜਨਪਥ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਹਾਸਿਲ ਹੈ, ਤਾਂ ਹੀ ਸੂਬਾ ਸਰਕਾਰ ਵੱਲੋਂ ਇਸ ਨੂੰ ਵਾਪਸ ਨਹੀਂ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ। ਅਸੀਂ ਕਿਸੇ ਨੂੰ ਅਜਿਹੇ ਅਪਮਾਨਜਨਕ ਸ਼ਬਦ ਇਸਤੇਮਾਲ ਨਹੀਂ ਕਰਨ ਦਿਆਂਗੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ ਗਿਆ, ਸਿਰਫ ਜੁਰਮਾਨਾ ਕੀਤਾ ਗਿਆ ਸੀ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ•ੀ ਵਿਚੋ ਪੰਜ ਪਿਆਰਿਆਂ ਦੇ ਕਹਿਣ ਉੱਤੇ ਨਹੀਂ, ਸਗੋਂ ਬਿਨਾਂ ਕਿਸੇ ਨੂੰ ਦੱਸੇ ਚਲੇ ਗਏ ਸਨ। ਉਹਨਾਂ ਕਿਹਾ ਕਿ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਸਨ ਅਤੇ ਗੁਰੂ ਤੇਗ ਬਹਾਦਰ ਜੀ 'ਹਿੰਦ ਦੀ ਚਾਦਰ' ਸਨ। ਕਾਂਗਰਸ ਸਰਕਾਰ ਸਾਨੂੰ ਇਸ ਦੇ ਉਲਟ ਪੜ•ਾਉਣਾ ਚਾਹੁੰਦੀ ਹੈ। ਅਸੀਂ ਇਸ ਨੂੰ ਕਿਸੇ ਵੀ ਕੀਮਤ ਉੁੱਤੇ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਸਾਡੇ ਗੁਰੂ ਸਾਹਿਬਾਨਾਂ ਅਤੇ ਸਾਡੇ ਧਰਮ ਦੇ ਸਨਮਾਨ ਦੀ ਰਾਖੀ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹਾਂ।
ਹਰ ਪੇਸ਼ੇ ਅਤੇ ਵਰਗ ਨਾਲ ਸੰਬੰਧਤ ਸਿੱਖ ਸੰਗਤ ਇਸ ਧਰਨੇ ਵਿਚ ਭਾਗ ਲਿਆ ਅਤੇ ਸਿੱਖ ਇਤਿਹਾਸ ਨਾਲ ਖਿਲਵਾੜ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਇਸ ਇੱਕ ਦਿਨ ਦੇ ਧਰਨੇ ਤੋਂ ਬਾਅਦ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਉਸੇ ਥਾਂ ਉੱਤੇ ਕੱਲ• ਤੋਂ ਇੱਕ ਦਿਨ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਜੇਕਰ ਇਸ ਦੌਰਾਨ ਸਿੱਖ ਸੰਗਤ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਕੋਲੋਂ ਮੁਆਫੀ ਮੰਗਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਸ ਰੋਸ ਪ੍ਰਦਰਸ਼ਨ ਨੂੰ ਇੱਕ ਵੱਡੇ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਸਿੱਖ ਸੰਗਤ ਨੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੇ ਖੂਨੀ ਇਤਿਹਾਸ ਦੀ ਨਿਖੇਧੀ ਕੀਤੀ, ਜਿਹਨਾਂ ਨੇ 1984 ਵਿਚ ਨਾ ਸਿਰਫ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ, ਸਗੋਂ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਬੇਗੁਨਾਹ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਵੀ ਕਰਵਾਇਆ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਕਾਹਲੋਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜੰਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਭਾਈ ਮਨਜੀਤ ਸਿੰਘ, ਵੀਰ ਸਿੰਘ ਲੋਪੋਕੇ, ਪਵਨ ਟੀਨੂੰ, ਗੁਰਪਰਤਾਪ ਸਿੰਘ ਵਡਾਲਾ, ਲਖਬੀਰ ਸਿੰਘ ਲੋਧੀਨੰਗਲ, ਸਤਪਾਲ ਮਲ, ਵਰਦੇਵ ਸਿੰਘ ਮਾਨ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਿਰ ਸਨ।