ਕਿਹਾ ਕਿ ਕੈਪਟਨ ਦੀ ਐਸਜੀਪੀਸੀ ਚੋਣਾਂ ਲੜਣ ਦੀ ਖਾਹਿਸ਼ ਬਤੌਰ ਮੁੱਖ ਮੰਤਰੀ ਉਸ ਵੱਲੋਂ ਸੂਬੇ ਦੀ ਕੀਤੀ ਅਣਦੇਖੀ ਦੀ ਕਹਾਣੀ ਦੱਸਦੀ ਹੈ
ਮਾਨਸਾ/08 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਲਈ ਕਾਂਗਰਸ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਣ ਦੇ ਕੀਤੇ ਪ੍ਰਗਟਾਵੇ ਨੇ ਆਖਿਰ ਇਸ ਪਾਰਟੀ ਦੇ ਇੱਕ ਚਿਰੋਕਣੇ ਸੁਫਨੇ ਦੀ ਪੋਲ੍ਹ ਖੋਲ੍ਹ ਦਿੱਤੀ ਹੈ, ਜੋ ਇਹ ਹੈ ਕਿ ਇਹ ਕਬਜ਼ੇ ਕਰਕੇ ਸਿੱਖਾਂ ਗੁਰਧਾਮਾਂ ਨੂੰ ਢਾਹੁਣ ਦੀ ਹਸਰਤ ਪੂਰੀ ਕਰਨਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਕੈਪਟਨ ਵੱਲੋਂ ਐਸਜੀਪੀਸੀ ਉੱਤੇ ਰੱਖੀ ਨਜ਼ਰ ਉਸ ਦੀ ਬਤੌਰ ਮੁੱਖ ਮੰਤਰੀ ਸੂਬੇ ਦੀ ਅਣਦੇਖੀ ਕਰਨ ਦੀ ਕਹਾਣੀ ਦੱਸਦੀ ਹੈ ਕਿ ਉਸ ਦੀ ਆਪਣੇ ਮੌਜੂਦਾ ਕੰਮ ਵਿਚ ਕੋਈ ਦਿਲਚਸਪੀ ਨਹੀ ਹੈ, ਜਿਸ ਕਰਕੇ ਸੂਬੇ ਅੰਦਰ ਪ੍ਰਸਾਸ਼ਨ ਦਾ ਬੇੜਾ ਗਰਕ ਹੋ ਚੁੱਕਿਆ ਹੈ।
ਸਰਦਾਰ ਬਾਦਲ ਨੇ ਅੱਜ ਮਾਨਸਾ ਅਤੇ ਸਰਦੂਲਗੜ੍ਹ ਵਿਖੇ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੈਪਟਨ ਨੂੰ ਕਿਹਾ ਕਿ ਤੁਸੀਂ ਇਕਲੌਤੇ ਅਜਿਹੇ ਸਿੱਖ ਹੋ, ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਮਹਾਰਾਜ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰਾਂ ਖਾਂਧੀਆਂ ਹਨ ਅਤੇ ਅਜੇ ਵੀ ਸਿੱਖ ਗੁਰ ਧਾਮਾਂ ਉੱਤੇ ਕਬਜ਼ਾ ਕਰਨ ਦੀ ਨੀਅਤ ਰੱਖਦੇ ਹੋ। ਉਹਨਾਂ ਕਿਹਾ ਕਿ ਤੁਸੀਂ ਉਹਨਾਂ ਸਾਰੇ ਕੰਮਾਂ ਵਿਚ ਗਲਤਾਨ ਹੋ ਕੇ ਫਖ਼ਰ ਮਹਿਸੂਸ ਕਰਦੇ ਹੋ, ਜੋ ਇੱਕ ਗੁਰਸਿੱਖ ਲਈ ਵਰਜਿਤ ਹੁੰਦੇ ਹਨ। ਤੁਸੀਂ ਬੜੇ ਮਾਣ ਨਾਲ ਇੱਕ ਅਜਿਹੀ ਪਾਰਟੀ ਦੀ ਨੁੰਮਾਇਦਗੀ ਕਰਦੇ ਹੋ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਸੀ, ਸ੍ਰੀ ਹਰਿਮੰਦਰ ਸਾਹਿਬ ਅੰਦਰ ਲਾਸ਼ਾਂ ਵਿਛਾਈਆਂ ਸਨ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ। ਤੁਸੀਂ ਸ਼ਰੇਆਮ ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਕਾਤਿਲ ਦਾ ਬਚਾਅ ਕਰਦੇ ਹੋ ਅਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਣ ਦੀ ਗੱਲ ਕਰ ਰਹੇ ਹੋ? ਕੀ ਤੁਸੀਂ ਇਹਨਾਂ ਚੋਣਾਂ ਵਿਚ ਜਗਦੀਸ਼ ਟਾਈਟਲਰ ਵਰਗਿਆਂ ਨੂੰ ਖੜ੍ਹਾ ਕਰੋਗੇ?
ਸਰਦਾਰ ਬਾਦਲ ਨੇ ਕਿਹਾ ਕਿ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਸਿੱਖ ਗੁਰਧਾਮਾਂ ਉੱਤੇ ਕਬਜ਼ਾ ਕਰਨਾ ਕਾਂਗਰਸ ਦਾ ਪੁਰਾਣਾ ਸੁਫਨਾ ਹੈ। ਉਹਨਾਂ ਨੇ ਪੰਥਕ ਬਾਣੇ 'ਚ ਫਿਰਦੇ ਆਪਣੇ ਝੋਲੀਚੁੱਕਾਂ ਦੀ ਮੱਦਦ ਨਾਲ ਸਿੱਧਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਿੱਖ ਸੰਗਤ ਨੇ ਹਮੇਸ਼ਾਂ ਇਹਨਾਂ ਨਕਲੀ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ ਸੀ। ਸਰਦਾਰ ਬਾਦਲ ਨੇ ਕਿਹਾ ਕਿ ਉਸ ਤੋਂ ਬਾਅਦ ਕਾਂਗਰਸ ਨੇ ਐਸਜੀਪੀਸੀ ਨੂੰ ਭੰਗ ਕਰਕੇ ਇਸ ਦੀ ਥਾਂ ਇੱਕ ਬੋਰਡ ਬਣਾ ਕੇ ਪਿਛਲੇ ਦਰਵਾਜ਼ੇ ਰਾਹੀਂ ਸਿੱਖ ਗੁਰਧਾਮਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਸਿੱਖ ਸੰਗਤ ਦੇ ਵਿਰੋਧ ਅੱਗੇ ਗੋਡੇ ਟੇਕਣੇ ਪਏ। ਉਹਨਾਂ ਕਿਹਾ ਕਿ ਅਖੀਰ ਉਹਨਾਂ ਨੇ ਸਿੱਖਾਂ ਨੂੰ ਡਰਾ ਕੇ ਐਸਜੀਪੀਸੀ ਦਾ ਕੰਟਰੋਲ ਕਾਂਗਰਸ ਸਰਕਾਰਾਂ ਦੇ ਹੱਥਾਂ ਵਿੱਚ ਸੌਂਪਣ ਵਾਸਤੇ ਫੌਜ ਭੇਜ ਦਿੱਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ। ਪਰੰਤੂ ਬਹਾਦਰ ਸਿੱਖ ਕੌਮ ਨੇ ਡਟ ਕੇ ਮੁਕਾਬਲਾ ਕੀਤਾ। ਉਹਨਾਂ ਕਿਹਾ ਕਿ ਲੱਗਦਾ ਹੈ ਕਿ ਅਮਰਿੰਦਰ ਨੇ ਮੰਦਭਾਗੇ ਅਤੀਤ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ ਅਤੇ ਉਹ ਅਤੀਤ ਦੀਆਂ ਗਲਤੀਆਂ ਨੂੰ ਦੁਹਰਾਉਣ ਉੱਤੇ ਤੁਲਿਆ ਹੈ।